ਹੁਸ਼ਿਆਰਪੁਰ ਦੇ ਰਹਿਣ ਵਾਲੇ ਮਦਨ ਮੱਦੀ ਨੇ ਦਿੱਤੇ ‘ਕਦੇ ਤਾਂ ਹੱਸ ਬੋਲ ਵੇ’, ‘ਮੈਂ ਤੇਰੀ ਤੂੰ ਮੇਰਾ’ ਵਰਗੇ ਕਈ ਹਿੱਟ ਗੀਤ, ਜਾਣੋ ਕਿਵੇਂ ਮਕੈਨੀਕਲ ਇੰਜੀਨੀਅਰ ਤੋਂ ਬਣ ਗਏ ਗਾਇਕ

By  Shaminder May 15th 2020 03:06 PM

90 ਦੇ ਦਹਾਕੇ ‘ਚ ਕਈ ਹਿੱਟ ਗਾਇਕਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ । ਇਨ੍ਹਾਂ ਗਾਇਕਾਂ ਨੇ ਆਪਣੀ ਸੁਰੀਲੀ ‘ਤੇ ਬਿਹਤਰੀਨ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਅੱਜ ਭਾਵੇਂ ਇੰਡਸਟਰੀ ਕਈ ਨਵੇਂ ਗਾਇਕਾਂ ਨੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਪਰ 90 ਦੇ ਦਹਾਕੇ ਦੇ ਇਹ ਗਾਇਕ ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ । ਉਨ੍ਹਾਂ ਗਾਇਕਾਂ ਚੋਂ ਹੀ ਇੱਕ ਨਾਂਅ ਹੈ ਗਾਇਕ ਮਦਨ ਮੱਦੀ ਦਾ । ਜਿਨ੍ਹਾਂ ਨੇ ਆਪਣੇ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ । ਮਦਨ ਮੱਦੀ ਲਾਕਡਾਊਨ ਕਰਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰ ਰਹੇ ਨੇ ।

ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਗੀਤ ਦਿੱਤੇ ਹਨ ।ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ । ਅੱਜ ਕੱਲ੍ਹ ਉਹ ਬੇਸ਼ੱਕ ਪੰਜਾਬੀ ਮਿਊੋਜ਼ਿਕ 'ਚ ਘੱਟ ਸਰਗਰਮ ਹਨ । ਪਰ ਉਨ੍ਹਾਂ ਦੇ ਸੰਗੀਤਕ ਸਫ਼ਰ 'ਤੇ ਝਾਤ ਮਾਰੀਏ ਤਾਂ ਉਨ੍ਹਾਂ ਨੇ ਜਿੱਥੇ ਬੀਟ ਸੌਂਗ ਦਿੱਤੇ ਉੱਥੇ ਹੀ ਸੈਡ ਸੌਂਗ ਵੀ ਗਾਏ ਜੋ ਅੱਜ ਵੀ ਓਨੇ ਹੀ ਮਕਬੂਲ ਨੇ ਜਿੰਨੇ ਕਿ ਨੱਬੇ ਦੇ ਦਹਾਕੇ 'ਚ ਪ੍ਰਸਿੱਧ ਸਨ । ਤੇਰਾ ਨਾਂਅ ਚੰਗਾ ਲੱਗੇ,ਕਦੇ ਤੇ ਹੱਸ ਬੋਲ ਵੇ ਨਾਂ ਜਿੰਦ ਸਾਡੀ ਰੋਲ ਵੇ,ਗੱਡੀ ਵਾਲਿਆ ਬਾਬੂਆ ਰੋਕ ਗੱਡੀ,ਉਸ ਕੋ ਰੋਕ ਲੋ ਜੋ ਕਿ ਸ਼ਾਜ਼ੀਆ ਮਨਜ਼ੂਰ ਨਾਲ ਗਾਇਆ ਸੀ । ਇਸ ਤੋਂ ਇਲਾਵਾ ਮੈਂ ਤੇਰੀ ਤੂੰ ਮੇਰਾ ਸਣੇ ਫੜੋ ਨੀ ਫੜੋ ਮੁੰਡਾ ਹੋ ਗਿਆ ਸ਼ਰਾਬੀ ਸਣੇ ਕਈ ਗੀਤ ਗਾਏ ਹਨ ।

ਇਹ ਤਾਂ ਸੀ ਉਨ੍ਹਾਂ ਦੇ ਗੀਤਾਂ ਦੀ ਗੱਲ ਤੇ ਆਉ ਹੁਣ ਉਨ੍ਹਾਂ ਦੇ ਜੀਵਨ 'ਤੇ ਝਾਤ ਪਾਉਂਦੇ ਹਾਂ । ਮਦਨ ਮੱਦੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਮਕੈਨੀਕਲ ਇੰਜੀਨਅਰਿੰਗ ਦਾ ਕੋਰਸ ਕੀਤਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਉਹ ਕਬੱਡੀ ਦੇ ਖਿਡਾਰੀ ਵੀ ਰਹੇ ਹਨ ਅਤੇ ਕਬੱਡੀ 'ਚ ਗੋਲਡ ਮੈਡਲਿਸਟ ਹਨ ।

ਗਾਉਣ ਦੇ ਨਾਲ-ਨਾਲ ਉਹ ਬਿਹਤਰੀਨ ਲੇਖਣੀ ਦੇ ਵੀ ਮਾਲਕ ਨੇ । ਗਾਇਕੀ ਦੇ ਖੇਤਰ 'ਚ ਆਉਣ ਬਾਰੇ ਉਹ ਪ੍ਰਮਾਤਮਾ ਦੀ ਮਰਜ਼ੀ ਮੰਨਦੇ ਨੇ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ 'ਛੱਲੇ ਮੁੰਦੀਆਂ' ਗੀਤ ਤੋਂ ਕੀਤੀ ਸੀ । ਇਹ ਗੀਤ ਉਨ੍ਹਾਂ ਨੇ ਹੀ ਲਿਖਿਆ ਸੀ ਪਰ ਇਸ ਗੀਤ ਨੂੰ ਸੁਰਿੰਦਰ ਪੰਛੀ ਨੇ ਗਾਇਆ ਸੀ ।ਆਪਣੇ ਵਿਹਲੇ ਸਮੇਂ 'ਚ ਉਹ ਸ਼ਿਵ ਕੁਮਾਰ ਬਟਾਲਵੀ,ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਨ ਦੇ ਸ਼ੁਕੀਨ ਹਨ।

Related Post