ਅੱਜ ਹੈ ਮੀਨਾ ਕੁਮਾਰੀ ਦੀ ਬਰਸੀ, ਬਰਸੀ ਤੇ ਜਾਣੋਂ ਕਿਉਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਸਭ ਦੇ ਸਾਹਮਣੇ ਮੀਨਾ ਕੁਮਾਰੀ ਤੋਂ ਮੰਗੀ ਸੀ ਮੁਆਫ਼ੀ

By  Rupinder Kaler March 31st 2020 01:22 PM

ਮੀਨਾ ਕੁਮਾਰੀ ਨੂੰ ਟ੍ਰੇਜਡੀ ਕਿਊਨ ਕਿਹਾ ਜਾਂਦਾ ਹੈ, ਵੱਡੇ ਪਰਦੇ ਤੇ ਰਾਜ ਕਰਨ ਵਾਲੀ ਮੀਨਾ ਕੁਮਾਰੀ ਨੂੰ ਕਦੇ ਵੀ ਪਿਆਰ ਨਸੀਬ ਨਹੀਂ ਹੋਇਆ । 31 ਮਾਰਚ 1972 ਨੂੰ ਮੀਨਾ ਕੁਮਾਰੀ ਦਾ ਦਿਹਾਂਤ ਹੋ ਗਿਆ ਸੀ । ਮੀਨਾ ਕੁਮਾਰੀ ਦੀ ਜ਼ਿੰਦਗੀ ਦੇ ਬਹੁਤ ਸਾਰੇ ਕਿੱਸੇ ਹਨ ਪਰ ਉਹਨਾਂ ਦੀ ਬਰਸੀ ਤੇ ਤੁਹਾਨੂੰ ਅਜਿਹੇ ਕਿੱਸੇ ਬਾਰੇ ਦੱਸਦੇ ਹਾਂ ਜਿਸ ਦਾ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ । ਉਹ ਦੌਰ ਮੀਨਾ ਕੁਮਾਰੀ ਦਾ ਸੀ, ਹਰ ਜ਼ੁਬਾਨ ਤੇ ਉਹਨਾਂ ਦੇ ਚਰਚੇ ਹੁੰਦੇ ਸਨ । ਇਸ ਦੇ ਬਾਵਜੂਦ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਉਹਨਾਂ ਨੂੰ ਪਹਿਚਾਣ ਨਹੀਂ ਸਕੇ ।

ਦਰਅਸਲ ਲਾਲ ਬਹਾਦਰ ਸ਼ਾਸਤਰੀ ਨੂੰ ‘ਪਾਕੀਜ਼ਾ’ ਫ਼ਿਲਮ ਦੀ ਸ਼ੂਟਿੰਗ ਦੇਖਣ ਲਈ ਬੁਲਾਇਆ ਗਿਆ ਸੀ । ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਲਾਲ ਬਹਾਦਰ ਸ਼ਾਸਤਰੀ ਤੇ ਸ਼ੂਟਿੰਗ ਦੇਖਣ ਦਾ ਏਨਾਂ ਦਬਾਅ ਬਣਾਇਆ ਗਿਆ ਸੀ ਕਿ ਉਹ ਉਸ ਨੂੰ ਨਾਂਹ ਨਹੀਂ ਕਰ ਸਕੇ ਤੇ ਉਹ ਸਟੂਡੀਓ ਪਹੁੰਚ ਗਏ ।ਕੁਲਦੀਪ ਨਈਅਰ ਨੇ ਆਪਣੀ ਕਿਤਾਬ ਵਿੱਚ ਲਿਖਿਆ ‘ਉਸ ਸਮੇਂ ਕਈ ਵੱਡੇ ਸਿਤਾਰੇ ਮੌਜੂਦ ਸਨ । ਮੀਨਾ ਕੁਮਾਰੀ ਨੇ ਜਦੋਂ ਹੀ ਲਾਲ ਬਹਾਦਰ ਸ਼ਾਸਤਰੀ ਨੂੰ ਹਾਰ ਪਾਇਆ ਤਾਂ ਸ਼ਾਸਤਰੀ ਜੀ ਨੇ ਪੁੱਛਿਆ ਇਹ ਮਹਿਲਾ ਕੌਣ ਹੈ । ਮੈਂ ਹੈਰਾਨੀ ਜਤਾਉਂਦੇ ਹੋਏ ਉਹਨਾਂ ਨੂੰ ਕਿਹਾ ਮੀਨਾ ਕੁਮਾਰੀ’ ।

ਇਸ ਤੋਂ ਅੱਗੇ ਨਈਅਰ ਨੇ ਲਿਖਿਆ ‘ਮੈਂ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਸ਼ਾਸਤਰੀ ਜੀ ਇਹ ਗੱਲ ਪਬਲਿਕ ਵਿੱਚ ਸਭ ਦੇ ਸਾਹਮਣੇ ਪੁੱਛਣਗੇ । ਹਾਲਾਂਕਿ ਕਿ ਮੈਂ ਸ਼ਾਸਤਰੀ ਜੀ ਦੇ ਇਸ ਭੋਲੇਪਣ ਅਤੇ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ । ਬਾਅਦ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਨੇ ਆਪਣੇ ਭਾਸ਼ਣ ਵਿੱਚ ਮੀਨਾ ਕੁਮਾਰੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ …ਮੀਨਾ ਕੁਮਾਰੀ ਜੀ ਮੈਨੂੰ ਮਾਫ ਕਰਨਾ ਮੈਂ ਤੁਹਾਡਾ ਨਾਂਅ ਪਹਿਲੀ ਵਾਰ ਸੁਣਿਆ ਹੈ’।

‘ਹਿੰਦੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਮੀਨਾ ਕੁਮਾਰੀ ਜਿਹੜੀ ਲੱਖਾਂ ਦਿਲਾਂ ਦੀ ਧੜਕਣ ਸੀ । ਸਪੀਚ ਸੁਣਦੇ ਹੋਏ ਚੁੱਪ ਕਰਕੇ ਬੈਠੀ ਸੀ ਤੇ ਸ਼ਰਮਿੰਦਗੀ ਦੇ ਭਾਵ ਉਹਨਾਂ ਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਹੇ ਸਨ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਨਾ ਕੁਮਾਰੀ ਨੇ ਆਪਣੀ ਜ਼ਿੰਦਗੀ ਦੇ 33 ਸਾਲ ਸਿਨੇਮਾ ਨੂੰ ਦਿੱਤੇ ਹਨ । ਸਾਹਿਬ ਬੀਵੀ ਔਰ ਗੁਲਾਮ, ਪਾਕੀਜਾ, ਮੇਰੇ ਅਪਣੇ, ਆਰਤੀ, ਬੈਜੂ ਬਾਵਰਾ ਵਰਗੀਆਂ ਹੋਰ ਕਈ ਫ਼ਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ।

Related Post