ਗੀਤਕਾਰ ਭੱਟੀ ਭੜੀਵਾਲਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਹੋਏ 25 ਸਾਲ, ਵੱਖ-ਵੱਖ ਗਾਇਕਾਂ ਨੇ ਇਸ ਤਰ੍ਹਾਂ ਦਿੱਤੀ ਵਧਾਈ

By  Rupinder Kaler July 11th 2020 01:45 PM

ਭੱਟੀ ਭੜੀਵਾਲਾ ਇਹ ਉਹ ਗੀਤਕਾਰ ਹੈ ਜਿਸ ਦੀ ਕਲਮ ਨੇ ਇੱਕ ਹਜ਼ਾਰ ਤੋਂ ਵੱਧ ਹਿੱਟ ਗੀਤ ਤੇ ਕਵਿਤਾਵਾਂ ਦਿੱਤੀਆਂ ਹਨ । ਭੱਟੀ ਭੜੀਵਾਲਾ ਦੇ ਹਰ ਗੀਤ ਨੂੰ ਪੰਜਾਬ ਦੇ ਲੱਗਭਗ ਹਰ ਹਿੱਟ ਗਾਇਕ ਨੇ ਆਪਣੀ ਅਵਾਜ਼ ਦਿੱਤੀ ਹੈ । ਪਿਛਲੇ 25 ਸਾਲਾਂ ਤੋਂ ਉਨ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅਜਿਹੇ ਗੀਤ ਦਿੱਤੇ ਹਨ, ਜਿਹੜੇ ਕਿ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੋਏ ਹਨ । ਪੰਜਾਬੀ ਇੰਡਸਟਰੀ ਵਿੱਚ ਉਹਨਾਂ ਦੇ 25 ਸਾਲ ਪੂਰੇ ਹੋਣ ’ਤੇ ਵੱਖ ਵੱਖ ਗਾਇਕਾਂ ਨੇ ਭੱਟੀ ਭੜੀਵਾਲਾ ਨੂੰ ਵਧਾਈ ਦਿੱਤੀ ਹੈ । ਇਹਨਾਂ ਗਾਇਕਾਂ ਦੀ ਵੀਡੀਓ ਭੱਟੀ ਭੜੀਵਾਲਾ ਨੇ ਆਪਣੇ ਫੇਸਬੁੱਕ ਪੇਜ ’ਤੇ ਸ਼ੇਅਰ ਕੀਤੀ ਹੈ । ਭੱਟੀ ਭੜੀਵਾਲਾ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਫਤਿਹਗੜ੍ਹ ਸਾਹਿਬ ਦੇ ਪਿੰਡ ਭੜੀ ਦੇ ਰਹਿਣ ਵਾਲੇ ਹਰਨੇਕ ਸਿੰਘ ਅਤੇ ਮਾਤਾ ਸਵਰਨ ਕੌਰ ਦੇ ਘਰ ਹੋਇਆ।

ਉਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਤੋਂ ਹੀ ਹਾਸਲ ਕੀਤੀ। ਖੰਨਾ ਦੇ ਇੱਕ ਕਾਲਜ ਤੋਂ ਬੀ. ਏ. ਕੀਤੀ, ਐਮ. ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ । ਪੰਜਾਬੀ ਯੂਨੀਵਰਸਿਟੀ ਵਿੱਚ ਹੀ ਉਹਨਾਂ ਨੇ ਐਮ. ਫਿਲ. ਪੰਜਾਬੀ ਲਿਟਰੇਚਰ ਵਿੱਚ ਕੀਤੀ । ਇਸ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਵਿੱਚ ਡਿਪਲੋਮਾ ਕੀਤਾ ਅਤੇ ਫਿਰ ਐੱਮ.ਬੀ.ਏ ਦੀ ਡਿਗਰੀ ਹਾਸਿਲ ਕੀਤੀ। ਭੱਟੀ ਭੜੀਵਾਲਾ ਦੇ ਗੀਤਕਾਰੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਕਾਲਜ ਵਿੱਚ ਪੜ੍ਹਦੇ ਹੋਏ ਹੀ ਉਹਨਾਂ ਦਾ ਪਹਿਲਾਂ ਗੀਤ ਮਾਰਕਿਟ ਵਿੱਚ ਆ ਗਿਆ ਸੀ । ਉਹਨਾਂ ਦਾ ਪਹਿਲਾ ਗੀਤ ਲਾਭ ਜੰਜੂਆ ਦੀ ਅਵਾਜ਼ ਵਿੱਚ ਰਿਕਾਰਡ ਵਿੱਚ ਹੋਇਆ ਸੀ । ਇਸ ਗਾਣੇ ਦੇ ਬੋਲ ਸਨ ‘ਰੋਂਦੀ ਚਮਕੌਰ ਗੜ੍ਹੀ ਧਾਹਾਂ ਮਾਰ ਖੁਦਾ ਦੇ ਅੱਗੇ’ ।

ਕਾਲਜ ਵਿੱਚ ਪੜ੍ਹਦੇ ਹੋਏ ਹੀ ਉਹਨਾਂ ਦੀ ਮੁਲਾਕਾਤ ਗਾਇਕ ‘ਕੇਸਰ ਮਾਣਕੀ’ ਨਾਲ ਹੋਈ । ਇਸ ਜੋੜੀ ਨੇ ‘ਯਾਦਾਂ ਦੇ ਖਿਡੌਣੇ’ ਟਾਈਟਲ ਹੇਠ ਕੈਸੇਟ ਕੱਢੀ । ਇਸ ਕੈਸੇਟ ਦੇ ਦੋ ਗਾਣੇ ‘ਮਿੰਨੀ ਮਿੰਨੀ ਗਿਰਦੀ ਬੂਰ ਵੇ,ਕੱਲੀ ਨੂੰ ਛੱਡ ਤੁਰ ਗਿਆ ਦੂਰ ਵੇ’ ‘ਤੇ ‘ਅੱਜ ਫਿੱਕੀਆਂ ਪੈ ਗਈਆਂ ਬੁੱਢੇ ਬੋਹੜ ਦੀਆਂ ਛਾਵਾਂ’ ਬਹੁਤ ਹੀ ਮਕਬੂਲ ਹੋਏ । ਇਹਨਾਂ ਗਾਣਿਆਂ ਤੋਂ ਬਾਅਦ ਗੀਤਕਾਰੀ ਦੇ ਖੇਤਰ ਵਿੱਚ ਭੱਟੀ ਭੜੀਵਾਲਾ ਦਾ ਸਿੱਕਾ ਚੱਲਣ ਲੱਗ ਗਿਆ । ਇਸ ਤੋਂ ਬਾਅਦ ਭੱਟੀ ਭੜੀਵਾਲਾ ਦੇ ਕਈ ਗੀਤ ਗਾਇਕ ਦੁਰਗਾ ਰੰਗੀਲਾ ਦੀ ਕੈਸਿਟ “ਨੂਰ ਤੇਰੇ ਨੈਣਾਂ ਦਾ” ਵਿਚ ਆਏ । ਇਸ ਕੈਸੇਟ ਦਾ ਗਾਣਾ ‘ਤੂੰ ਰਾਤ ਗਈ ਤੋਂ ਨੀ ਚੰਨੀਏ,ਮੇਰੀ ਮੜੀ ਤੇ ਦੀਵਾ ਧਰ ਆਈਂ ਨੀ’ ਕਾਫੀ ਮਕਬੂਲ ਹੋਇਆ । ਭੱਟੀ ਭੜੀਵਾਲਾ ਦੇ ਇਸ ਗਾਣੇ ਨੇ ਉਸ ਸਮੇਂ ਸਾਰੇ ਰਿਕਾਰਡ ਤੋੜ ਦਿੱਤੇ ਸਨ ।

ਭੱਟੀ ਭੜੀਵਾਲਾ ਨੇ ਗੀਤਕਾਰੀ ਵਿੱਚ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਭਾਵੇਂ ਕੋਈ ਉਸਤਾਦ ਨਹੀਂ ਸੀ ਧਾਰਿਆ ਪਰ ਉਹ ਅਕਸਰ ਗਾਇਕ ਤੇ ਗੀਤਕਾਰ ਦਵਿੰਦਰ ਖੰਨੇਵਾਲੇ ਨੂੰ ਮਿਲਦੇ ਹੁੰਦੇ ਸਨ ਤੇ ਆਪਣੇ ਗੀਤ ਉਹਨਾਂ ਨਾਲ ਸਾਂਝੇ ਕਰਦੇ ਸਨ ।ਭੱਟੀ ਭੜੀਵਾਲਾ ਦੇ ਗੀਤਾਂ ਦਾ ਪੱਧਰ ਏਨਾਂ ਉੱਚਾ ਹੈ ਕਿ ਉਸ ਦਾ ਲਿਖਿਆ ਹਰ ਗੀਤ ਹਰ ਗਾਇਕ ਨੂੰ ਪਸੰਦ ਆਉਂਦਾ ਹੈ । ਜਿਸ ਤਰ੍ਹਾਂ ਉਸ ਦੇ ਗੀਤਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ, ਉਸੇ ਤਰ੍ਹਾਂ ਉਸ ਦੇ ਗੀਤਾਂ ਨੂੰ ਗਾਉਣ ਵਾਲੇ ਗਾਇਕਾਂ ਦੀ ਗਿਣਤੀ ਵੀ ਸੈਂਕੜਿਆਂ ਵਿੱਚ ਹੈ ।

ਭੱਟੀ ਭੜੀਵਾਲਾ ਵੱਲੋਂ ਲਿਖੇ ਗੀਤਾਂ ਨੂੰ ਗਾਉਣ ਵਾਲੇ ਕੁਝ ਗਾਇਕਾਂ ਦੀ ਲਿਸਟ ਬਣਾਈ ਜਾਵੇ ਤਾਂ ਸਭ ਤੋਂ ਪਹਿਲਾਂ ਨਾਂਅ ਸਰਦੂਲ ਸਿੰਕਦਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ,ਦੁਰਗਾ ਰੰਗੀਲਾ,ਸਰਬਜੀਤ ਚੀਮਾ,ਹਰਦੀਪ,ਅਮਰ ਨੂਰੀ,ਮਨਪ੍ਰੀਤ ਅਖਤਰ,ਸੁਨੀਤਾ ਭੱਟੀ,ਕਮਲਜੀਤ ਨੀਰੂ,ਜਸਪਿੰਦਰ ਨਰੂਲਾ,ਰਣਜੀਤ ਮਣੀ,ਨਿਰਮਲ ਸਿੱਧੂ,ਬਿੱਲ ਸਿੰਘ,ਭਿੰਦਾ ਜੱਟ, ਗੁਰਬਖਸ਼ ਸ਼ੌਕੀ,ਭੁਪਿੰਦਰ ਗਿੱਲ ਜੰਗੇਆਣਾ ਆਉਂਦਾ ਹੈ । ਇਸ ਤੋਂ ਇਲਾਵਾ ਵੀ ਸੈਂਕੜੇ ਗਾਇਕਾਂ ਨੇ ਉਹਨਾਂ ਦੇ ਗੀਤ ਗਾਏ ਹਨ ।

Related Post