ਜਿਸ ਗਾਣੇ ਨਾਲ ਬਾਦਸ਼ਾਹ ਲੱਖਾਂ ਰੁਪਏ ਕਮਾ ਰਿਹਾ ਹੈ, ਉਸ ਗਾਣੇ ਦੇ ਬੋਲ ਲਿਖਣ ਵਾਲੇ ਗੀਤਕਾਰ ਦੇ ਸਿਰ ’ਤੇ ਛੱਤ ਵੀ ਨਹੀਂ

By  Rupinder Kaler April 1st 2020 11:25 AM

ਬਾਦਸ਼ਾਹ ਤੇ ਜੈਕਲੀਨ ਫਰਨਾਡੇਜ਼ ਦਾ ਨਵਾਂ ਗਾਣਾ ‘ਗੇਂਦਾ ਫੂਲ’ ਲੱਗਪਗ ਤਿੰਨ ਦਿਨਾਂ ਤੋਂ ਯੂਟਿਊਬ ਦੇ ਟਾਪ ਟ੍ਰੈਂਡ ਵਿੱਚ ਬਣਿਆ ਹੋਇਆ ਹੈ । ਪਰ ਇਸ ਦੇ ਨਾਲ ਹੀ ਇਸ ਗੀਤ ਨੂੰ ਸੋਸ਼ਲ ਮੀਡੀਆ ਤੇ ਖੂਬ ਲਪੇਟਿਆ ਜਾ ਰਿਹਾ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜਿਸ ਆਰਟਿਸਟ ਨੇ ਇਸ ਦੇ ਅਸਲ ਬੋਲ ਲਿਖੇ ਹਨ ਉਸ ਨੂੰ ਇਸ ਗਾਣੇ ਦਾ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ । ਬਾਦਸ਼ਾਹ ਦੇ ਇਸ ਗੀਤ ਦੇ ਬੋਲ ਪੱਛਮੀ ਬੰਗਾਲ ਦੇ ਰਤਨ ਕਹਾਰ ਨੇ ਲਿਖੇ ਹਨ । ਉਹ ਪੱਛਮੀ ਬੰਗਾਲ ਦੇ ਛੋਟੇ ਜਿਹੇ ਪਿੰਡ ਨਾਗੁਰੀ ਦਾ ਰਹਿਣ ਵਾਲਾ ਹੈ ।

ਖ਼ਬਰਾਂ ਦੀ ਮੰਨੀਏ ਤਾਂ ਰਤਨ ਦੇ ਸਿਰ ਤੇ ਛੱਤ ਵੀ ਨਹੀਂ ਕਿਉਂਕਿ ਸਰਕਾਰੀ ਹੁਕਮਾਂ ਦੇ ਚਲਦੇ ਉਸ ਦਾ ਘਰ ਤੋੜ ਦਿੱਤਾ ਗਿਆ ਸੀ । ਰਤਨ ਦੇ ਤਿੰਨ ਬੱਚੇ ਹਨ ਜਿਹੜੇ ਗਰੀਬੀ ਕਰਕੇ ਪੜ੍ਹਾਈ ਨਹੀਂ ਕਰ ਸਕੇ । ਉਸ ਦੇ ਬੱਚਿਆਂ ਦਾ ਕਹਿਣਾ ਹੈ ਕਿ ‘ਪਿਤਾ ਜੀ ਸਿਰਫ ਗੀਤ ਗਾਉਂਦੇ ਹਨ, ਜੀਵਨ ਵਿੱਚ ਹੋਰ ਕੁਝ ਨਹੀਂ ਕਰ ਸਕੇ, ਜਦੋਂ ਕਿ ਉਹਨਾਂ ਦੇ ਗੀਤ ਗਾ ਕੇ ਹੋਰ ਲੋਕਾਂ ਨੇ ਖੂਬ ਪੈਸੇ ਬਣਾਏ ਹਨ’ । ਰਤਨ ਮੁਤਾਬਿਕ ਉਹਨਾਂ ਦਾ ਗੀਤ ਕਿਸ ਤਰ੍ਹਾਂ ਚੋਰੀ ਹੋਇਆ ।

https://www.instagram.com/p/B-UYhgRgxU1/

ਉਹਨਾਂ ਨੇ ਦੱਸਿਆ ਕਿ ‘ਮੈਂ 1972 ਵਿੱਚ ਇਹ ਗੀਤ ਲਿਖਿਆ ਸੀ, ਮੈਂ ਇਸ ਨੂੰ ਆਕਾਸ਼ਵਾਣੀ ਕੋਲਕਾਤਾ ਵਿੱਚ ਗਾਇਆ । ਉੱਥੋਂ ਮੈਨੂੰ ਦੋਤਾਰਾ ਪਲੇਅਰ ਪਰਿਤੋਸ਼ ਰਾਏ ਇੱਕ ਅੰਡਰ ਗਰਾਉਂਡ ਜਗ੍ਹਾ ਲੈ ਗਏ । ਇੱਕ ਫਾਰਮ ਲੈ ਕੇ ਆਏ, ਉਸ ਵਿੱਚ ਮੇਰੇ ਚਾਰ ਗੀਤ ਲਿਖੇ ਸਨ । ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਗੀਤ ਤੂੰ ਲਿਖੇ ਹਨ ਤਾਂ ਮੈਂ ਕਿਹਾ ਹਾਂ। ਮੈਨੂੰ ਫਾਰਮ ਤੇ ਸਾਇਨ ਕਰਨ ਲਈ ਕਿਹਾ ਗਿਆ, ਮੈਂ ਮਨਾ ਕੀਤਾ ਤਾਂ ਕਿਹਾ ਗਿਆ ਕਿ ਜੇ ਸਾਈਨ ਨਾ ਕੀਤੇ ਗਏ ਤਾਂ ਖਤਰੇ ਵਿੱਚ ਆ ਜਾਓਗੇ । ਜਬਰਨ ਮੇਰੇ ਤੋਂ ਦਸਤਖਤ ਕਰਵਾਏ ਗਏ’ ।

https://www.instagram.com/p/B-Z0eo_AgkM/

1976 ਵਿੱਚ ਇਹ ਗਾਣਾ ਸਵਪਨਾ ਚੱਕਰਵਰਤੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਤੇ ਸੁਪਰ ਹਿੱਟ ਹੋਇਆ । ਗੀਤਕਾਰ ਨੂੰ ਇਸ ਵਿੱਚ ਕ੍ਰੈਡਿਟ ਨਹੀਂ ਦਿੱਤਾ ਗਿਆ । ਇਸ ਗਾਣੇ ਨੂੰ ਸਿਰਫ ਬੰਗਾਲੀ ਲੋਕ ਗੀਤ ਕਿਹਾ ਗਿਆ । ਤਰਨ ਦਾ ਕਹਿਣਾ ਹੈ ਕਿ ਇਸ ਗੀਤ ਨੂੰ ਉਹਨਾਂ ਨੇ ਇੱਕ ਫੁੱਲ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਸੀ । ਇੱਕ ਔਰਤ ਜਿਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ, ਉਸ ਦੇ ਪੇਟ ਵਿੱਚ ਉਸ ਦਾ ਬੱਚਾ ਹੈ । ਇਸ ਤੋਂ ਬਾਅਦ ਔਰਤ ਇੱਕ ਕੋਠੇ ਤੇ ਵੈਸ਼ਆ ਬਣ ਜਾਂਦੀ ਹੈ । ਉਸ ਦੀ ਬੇਟੀ ਹੁਣ ਕੁਝ ਵੱਡੀ ਹੋ ਗਈ ਹੈ ।

ਜਿਸ ਦੀ ਉਹ ਗੁੱਤ ਕਰਦੀ ਹੈ । ਬੱਚੀ ਦਾ ਪਿਤਾ ਕੌਣ ਹੈ, ਇਹ ਮਾਂ ਤੋਂ ਇਲਾਵਾ ਕੋਈ ਨਹੀਂ ਜਾਣਦਾ । ਉਹ ਆਪਣੀ ਛੋਟੀ ਬੱਚੀ ਨੂੰ ਦੇਖ ਕੇ ਮੋਹਿਤ ਹੋ ਜਾਂਦੀ ਹੈ ਤੇ ਗਾਣਾ ਗਾਉਂਦੀ ਹੈ ‘ਤੂੰ ਵੱਡੇ ਬਾਪ ਦੀ ਬੇਟੀ ਹੈ, ਤੇਰੇ ਕਿੰਨੇ ਲੰਮੇ ਵਾਲ ਹਨ, ਤੇਰੇ ਸਿਰ ਤੇ ਲਗਾਵਾਂਗੀ ਗੈਂਦਾ ਫੂਲ’ । ਇਸ ਗੀਤ ਵਿੱਚ ਮਾਂ ਦੀ ਮਮਤਾ ਨੂੰ ਬਿਆਨ ਕੀਤਾ ਗਿਆ ਹੈ ਜਿਹੜੀ ਕਿ ਉਸ ਦੀ ਬੱਚੀ ਪ੍ਰਤੀ ਹੈ । ਪਰ ਹੁਣ ਇਸ ਨੂੰ ਮਿਕਸ ਕਰਕੇ ਇਸ ਦੇ ਮਾਈਨੇ ਹੀ ਬਦਲ ਦਿੱਤੇ ਗਏ ਹਨ । ਪਰ ਅਸਲ ਗੱਲ ਇਹ ਹੈ ਕਿ ਜਿਸ ਗੀਤਕਾਰ ਨੇ ਇਸ ਗੀਤ ਨੂੰ ਬੋਲ ਦਿੱਤੇ ਉਸ ਦਾ ਕਿਤੇ ਨਾਮੋ ਨਿਸ਼ਾਨ ਨਹੀਂ ।

Related Post