ਦਿੱਲੀ ਦਾ ਰਹਿਣ ਵਾਲਾ ਮਹਿੰਦਰ ਸਿੰਘ ਬਣਿਆ ਕੁਝ ਲੋਕਾਂ ਲਈ ਮਸੀਹਾ, ਇਸ ਕੰਮ ਕਰਕੇ ਹਰ ਪਾਸੇ ਹੋ ਰਹੀ ਹੈ ਚਰਚਾ

By  Rupinder Kaler March 2nd 2020 12:16 PM

ਦਿੱਲੀ ਵਿੱਚ ਹੋਈ ਹਿੰਸਾ ਦੌਰਾਨ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਕਈ ਘਟਨਾਵਾਂ ਹੋਈਆਂ ਹਨ । ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ ਪਰ ਇਸ ਸਭ ਦੇ ਚਲਦੇ ਕੁਝ ਲੋਕ ਅਜਿਹੇ ਵੀ ਸਨ ਜਿਹੜੇ ਕੁਝ ਲੋਕਾਂ ਲਈ ਮਸੀਹਾ ਬਣੇ ਤੇ ਕੁਝ ਲੋਕਾਂ ਲਈ ਮਿਸਾਲ । ਮਹਿੰਦਰ ਸਿੰਘ ਤੇ ਇੰਦਰਜੀਤ ਸਿੰਘ ਉਹ ਦੋ ਨਾਂਅ ਹਨ ਜਿੰਨ੍ਹਾ ਨੇ ਹਿੰਸਾ ਦੌਰਾਨ ਨਾ ਸਿਰਫ਼ ਲੋਕਾਂ ਦੀ ਜਾਨ ਬਚਾਈ ਬਲਕਿ ਉਹਨਾਂ ਦੀ ਰੱਖਿਆ ਵੀ ਕੀਤੀ । ਖ਼ਬਰਾਂ ਦੀ ਮੰਨੀਏ ਤਾਂ ਮਹਿੰਦਰ ਸਿੰਘ ਤੇ ਇੰਦਰਜੀਤ ਸਿੰਘ ਰਿਸ਼ਤੇ ਵਿੱਚ ਪਿਤਾ ਪੁੱਤਰ ਹਨ ।

ਇਸ ਸਿੱਖ ਪਿਉ ਪੁੱਤਰ ਦੀ ਜੋੜੀ ਨੇ 60 ਤੋਂ 80 ਲੋਕਾਂ ਨੂੰ ਹਿੰਸਾ ਦੌਰਾਨ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ । ਇਸ ਲਈ ਦੋਹਾਂ ਨੇ ਆਪਣਾ ਬਾਈਕ ਤੇ ਸਕੂਟੀ ਦੀ ਵਰਤੋਂ ਕੀਤੀ । ਦੋਹਨਾਂ ਨੇ ਦੱਸਿਆ ਕਿ ‘ਉਤਰ-ਪੂਰਵੀ ਦਿੱਲੀ ਵਿੱਚ ਹਲਾਤ ਵਿਗੜਦੇ ਜਾ ਰਹੇ ਸਨ । ਉਹਨਾਂ ਦੇ ਗੁਆਂਢੀ ਕਾਫੀ ਡਰੇ ਹੋਏ ਸਨ । ਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਭਾਈਚਾਰੇ ਦੇ ਲੋਕਾਂ ਨੂੰ ਕਦਰਮਪੁਰੀ ਇਲਾਕੇ ਵਿੱਚ ਲਿਜਾਣਾ ਸ਼ੁਰੂ ਕਰ ਦਿੱਤਾ’ ।

ਮਹਿੰਦਰ ਸਿੰਘ ਨੇ ਦੱਸਿਆ ‘ਉਹਨਾਂ ਤੇ ਉਹਨਾਂ ਦੇ ਬੇਟੇ ਇੰਦਰਜੀਤ ਨੇ ਇੱਕ ਘੰਟੇ ਵਿੱਚ ਗੋਕੁਲਪੁਰੀ ਤੋਂ ਕਦਰਮਪੁਰੀ ਵਿੱਚ 20 ਗੇੜੇ ਲਗਾਏ । ਉਹ ਦੋਵੇਂ ਆਪਣੀ-ਆਪਣੀ ਸਵਾਰੀ ਤੇ ਲੋਕਾਂ ਨੂੰ ਬਿਠਾਉਂਦੇ ਤੇ ਸੁਰੱਖਿਅਤ ਥਾਂ ਤੇ ਛੱਡ ਆਉਂਦੇ । ਕੁਝ ਲੋਕਾਂ ਦੀ ਪਹਿਚਾਣ ਛਿਪਾਉਣ ਲਈ ਉਹਨਾਂ ਨੇ ਪੱਗਾਂ ਵੀ ਬੰਨੀਆਂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਹਿੰਦਰ ਸਿੰਘ ਦੋ ਬੱਚਿਆਂ ਦੇ ਪਿਤਾ ਹਨ ਤੇ ਇੰਲੈਕਟ੍ਰਾਨਿਕ ਸਮਾਨ ਦੀ ਦੁਕਾਨ ਚਲਾਉਂਦੇ ਹਨ ।

Related Post