'ਰੁੱਤ ਪਿਆਰ ਦੀ' ਵਰਗਾ ਹਿੱਟ ਗੀਤ ਦੇਣ ਵਾਲੇ ਗਾਇਕ ਨਛੱਤਰ ਛੱਤੇ ਦਾ ਪਰਿਵਾਰ ਦੋ ਵਕਤ ਦੀ ਰੋਟੀ ਦਾ ਵੀ ਹੈ ਮੁਹਤਾਜ

By  Rupinder Kaler March 27th 2019 11:59 AM

ਐਂਟਰਟੇਨਮੈਂਟ ਇੰਡਸਟਰੀ ਦੀ ਚਮਕ ਦਮਕ ਹਰ ਇੱਕ ਨੂੰ ਵਧੀਆ ਲੱਗਦੀ ਹੈ ।ਪਰ ਇਸ ਦਾ ਇੱਕ ਪੱਖ ਹੋਰ ਵੀ ਹੈ, ਜਿਹੜਾ ਕਿ ਬਹੁਤ ਹੀ ਭਿਆਨਕ ਹੈ । ਇਸ ਇੰਡਸਟਰੀ ਵਿੱਚ ਬਣੇ ਰਹਿਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ । ਪਰ ਜੋ ਸਮੇਂ ਦੇ ਨਾਲ ਨਹੀਂ ਢਲਦਾ ਉਹ ਬਹੁਤ ਪਿੱਛੇ ਰਹਿ ਜਾਂਦਾ ਹੈ । ਅਜਿਹਾ ਹੀ ਕੁਝ ਹੋਇਆ ਹੈ ਪੰਜਾਬੀ ਦੇ ਬਹੁਤ ਸਾਰੇ ਗੀਤਕਾਰਾਂ ਤੇ ਗਾਇਕਾਂ ਨਾਲ ਜਿਹੜੇ ਸਮੇਂ ਦੇ ਨਾਲ ਨਹੀਂ ਚੱਲੇ, ਜਿਸ ਕਰਕੇ ਉਹ ਗਾਇਕ ਤੇ ਉਹਨਾਂ ਦੇ ਪਰਿਵਾਰ ਗੁੰਮਨਾਮੀ ਦਾ ਹਨੇਰਾ ਢੋਅ ਰਹੇ ਹਨ ।ਅਜਿਹਾ ਹੀ ਇੱਕ ਗਾਇਕ ਸੀ ਨਛੱਤਰ ਛੱਤਾ, ਜਿਸ ਦੇ ਕਈ ਗਾਣੇ ਸੁਪਰ ਹਿੱਟ ਰਹੇ ਹਨ ।ਪਰ ਅੱਜ ਇਸ ਗਾਇਕ ਦੇ ਪਰਿਵਾਰ ਦਾ ਬਹੁਤ ਹੀ ਮੰਦਾ ਹਾਲ ਹੈ । ਨਛੱਤਰ ਛੱਤਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ 18 ਜੂਨ 1959 ਨੂੰ ਬਠਿੰਡਾ ਦੇ ਪਿੰਡ ਆਦਮਪੁਰ ਦੇ ਰਹਿਣ ਵਾਲੇ ਸੁਦਾਗਰ ਸਿੰਘ ਦੇ ਘਰ ਹੋਇਆ ਸੀ ।  ਛੱਤੇ ਦੇ ਸੱਤ ਭਰਾ ਸਨ ।

Nachhatar chhatta Nachhatar chhatta

ਛੱਤੇ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ ਕਿਉਂਕਿ ਉਹਨਾਂ ਦੇ ਨਾਣਕੇ ਗਾਉਣ ਵਜਾਉਣ ਦਾ ਕੰਮ ਕਰਦੇ ਸਨ । ਪਰ ਘਰ ਦੀ ਗਰੀਬੀ ਕਰਕੇ ਉਹ ਗਾਇਕੀ ਦੇ ਖੇਤਰ ਵਿੱਚ ਛੇਤੀ ਨਹੀਂ ਆ ਸਕਿਆ । ਛੱਤੇ ਨੂੰ ਆਪਣੇ ਗੁਜ਼ਾਰੇ ਲਈ ਮਜ਼ਦੂਰੀ ਤੱਕ ਕਰਨੀ ਪੈਂਦੀ ਸੀ । ਛੱਤੇ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਿੰਡ ਦੇ ਨਾਲ ਬੁਰਜ ਰਾਜਗੜ੍ਹ ਵਿੱਚ ਇੱਕ ਟੂਰਨਾਮੈਂਟ ਹੋ ਰਿਹਾ ਸੀ । ਇਸ ਟੂਰਨਾਮੈਂਟ ਵਿੱਚ ਕਈ ਗਾਇਕਾਂ ਨੂੰ ਵੀ ਬੁਲਾਇਆ ਗਿਆ ਸੀ । ਛੱਤੇ ਨੇ ਇਸ ਟੂਰਨਾਮੈਂਟ ਦੀ ਸਟੇਜ਼ ਤੇ ਗਾਇਕ ਮਲੂਕ ਚੰਦ ਦਾ ਗੀਤ ਚਾਰ ਦਿਨ ਦੀ ਜ਼ਿੰਦਗੀ ਦੇ ਰੱਖ ਸਾਂਭ ਕੇ ਗਾਇਆ ਤਾਂ ਹਰ ਪਾਸੇ ਛੱਤਾ-ਛੱਤਾ ਹੋ ਗਈ ।

https://www.youtube.com/watch?v=6zmmv9qS4Lg

ਇਸ ਟੂਰਨਾਮੈਂਟ ਵਿੱਚ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਵੀ ਹਾਜ਼ਰ ਸਨ । ਜਦੋਂ ਉਹਨਾਂ ਨੇ ਛੱਤੇ ਦੀ ਅਵਾਜ਼ ਸੁਣੀ ਤਾਂ ਉਹਨਾਂ ਨੇ ਛੱਤੇ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਲਿਆ । ਇਸ ਤੋਂ ਬਾਅਦ ਛੱਤਾ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਦੇ ਨਾਲ ਡਰਾਮੇ ਕਰਨ ਲੱਗ ਗਿਆ । ਡਰਾਮਿਆਂ ਵਿੱਚ ਛੱਤੇ ਨੂੰ ਮੁੱਖ ਭੂਮਿਕਾ ਵਿੱਚ ਲਿਆ ਜਾਂਦਾ ਸੀ । ਇਸ ਸਭ ਦੇ ਬਾਵਜੂਦ ਛੱਤਾ ਗਾਇਕੀ ਦੇ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦਾ ਸੀ । ਨਛੱਤਰ ਛੱਤੇ ਦੀ ਪਹਿਲੀ ਕੈਸੇਟ ਦੀ ਗੱਲ ਕੀਤੀ ਜਾਵੇ ਤਾਂ 'ਅੱਜ ਦੀ ਰਾਤ ਮੁਕਲਾਵਾ' ਉਹਨਾਂ ਦੀ ਪਹਿਲੀ ਕੈਸੇਟ ਸੀ । ਇਸ ਕੈਸੇਟ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ।

nachhatar chhatta nachhatar chhatta

ਇਸ ਤੋਂ ਬਾਅਦ 1987 ਵਿੱਚ ਉਹਨਾਂ ਦੀ ਕੈਸੇਟ 'ਰੁੱਤ ਪਿਆਰ  ਦੀ' ਆਈ । ਇਸ ਕੈਸੇਟ ਨੇ ਉਹਨਾਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣਾ ਦਿੱਤੀ ਸੀ । ਇਸ ਕੈਸੇਟ ਦਾ ਗੀਤ ਰੁੱਤ ਪਿਆਰ ਦੀ ਹਰ ਥਾਂ ਤੇ ਵੱਜਦਾ ਸੁਣਾਈ ਦੇਣ ਲੱਗਾ ਸੀ । 80 ਦੇ ਦਹਾਕੇ ਵਿੱਚ ਨਛੱਤਰ ਛੱਤੇ ਦਾ ਕਾਫੀ ਨਾਂ ਬਣ ਗਿਆ ਸੀ । ਇਸ ਤੋਂ ਬਾਅਦ ਛੱਤੇ ਨੇ ਇੱਕ ਤੋਂ ਬਾਅਦ ਇੱਕ ਲਗਭਗ 16 ਕੈਸੇਟਾਂ ਕੱਢੀਆਂ ਜਿਹੜੀਆਂ ਕਿ ਬਹੁਤ ਹੀ ਮਕਬੂਲ ਹੋਈਆਂ ।

https://www.youtube.com/watch?v=QurCOCOQi9E

ਇਹਨਾਂ ਕੈਸੇਟਾਂ ਦੇ ਕੁਝ ਗਾਣੇ ਏਨੇਂ ਕੂ ਮਕਬੂਲ ਹੋਏ ਹਨ ਕਿ ਇਹਨਾਂ ਗਾਣਿਆਂ ਨੂੰ ਕੁਝ ਲੋਕ ਰੀਮਿਕਸ ਕਰਕੇ ਅੱਜ ਵੀ ਮਾਰਕਿਟ ਵਿੱਚ ਉਤਾਰ ਰਹੇ ਹਨ ।ਇਹ ਗਾਣੇ ਅੱਜ ਵੀ ਓਨੇਂ ਹੀ ਮਕਬੂਲ ਹਨ ਜਿੰਨੇ ਉਸ ਸਮੇਂ ਸਨ । ਨਛੱਤਰ ਛੱਤਾ ਏਨੀਂ ਹਾਈ ਪਿੱਚ ਤੇ ਗਾਉਂਦਾ ਸੀ ਕਿ ਮਾਣਕ ਵਰਗੇ ਗਾਇਕ ਵੀ, ਉਸ ਦੇ ਫਨ ਦੇ ਕਾਇਲ ਸਨ । ਇੱਕ ਵਾਰ ਦੀ ਗੱਲ ਹੈ ਕਿ ਪ੍ਰੋ ਮੋਹਨ ਸਿੰਘ ਮੇਲੇ ਵਿੱਚ ਛੱਤਾ ਗੀਤ ਗਾ ਰਿਹਾ ਸੀ, ਇਹ ਗੀਤ ਏਨੀਂ ਹਾਈ ਪਿੱਚ ਤੇ ਗਾਇਆ ਗਿਆ ਸੀ ਕਿ ਮਾਣਕ ਨੇ ਇਨਾਮ ਵਿੱਚ ਛੱਤੇ ਨੂੰ ਆਪਣੇ ਗਲ ਵਿੱਚੋਂ ਸੋਨੇ ਦੀ ਚੇਨ ਲਾਹ ਕੇ ਦੇ ਦਿੱਤੀ ਸੀ ।

Nachhatar chhatta Nachhatar chhatta

ਪਰ ਇਸ ਮਹਾਨ ਗਾਇਕ ਲਈ 7 ਮਈ 1992 ਦਾ ਦਿਨ ਕਾਲ ਬਣਕੇ ਆਇਆ ਜਦੋਂ ਉਹਨਾਂ ਦੀ ਮੌਤ ਹੋ ਗਈ । ਨਛੱਤਰ ਛੱਤੇ ਦੀ ਮੌਤ ਨਾਲ ਜਿੱਥੇ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਉੱਥੇ ਉਹਨਾਂ ਦੀ ਮੌਤ ਨਾਲ ਉਹਨਾਂ ਦਾ ਪਰਿਵਾਰ ਵੀ ਖੇਰੂ ਖੇਰੂ ਹੋ ਗਿਆ । ਉਹਨਾਂ ਦੀ ਮੌਤ ਨੇ ਉਹਨਾਂ ਦੀ ਪਤਨੀ ਰਾਣੀ ਕੌਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਇਸ ਵਜ੍ਹਾ ਕਰਕੇ ਉਹ ਅੱਜ ਮਾਨਸਿਕ ਰੋਗੀ ਬਣ ਗਏ ਹਨ ।

Nachattar Chatta and his Family Nachattar Chatta and his Family

ਇੱਥੇ ਹੀ ਬੱਸ ਨਹੀਂ ਛੱਤੇ ਦੀ ਮੌਤ ਤੋਂ ਬਾਅਦ ਉਹਨਾਂ ਦੇ ਬੇਟੇ ਸੰਦੀਪ ਛੱਤਾ ਦਾ ਵੀ ਕਿਸੇ ਬਿਮਾਰੀ ਕਰਕੇ ਦਿਹਾਂਤ ਹੋ ਗਿਆ ।ਇਹ ਪਰਿਵਾਰ ਸੰਦੀਪ ਦਾ ਇਲਾਜ਼ ਨਹੀਂ ਕਰਵਾ ਸਕਿਆ ਕਿਉਂਕਿ ਛੱਤੇ ਦੀ ਮੌਤ ਤੋਂ ਬਾਅਦ ਪਰਿਵਾਰ ਕੋਲ ਆਮਦਨੀ ਦਾ ਕੋਈ ਸਾਧਨ ਨਹੀਂ ਸੀ ਰਿਹਾ ।

Nachattar Chatta and his Family Nachattar Chatta and his Family

ਅੱਜ ਇਸ ਮਹਾਨ ਗਾਇਕ ਦਾ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੈ ਕਿਉਂਕਿ ਪੈਸੇ ਨਾ ਹੋਣ ਕਰਕੇ ਇਸ ਪਰਿਵਾਰ ਦੀ ਕਦੇ ਰੋਟੀ ਪੱਕਦੀ ਹੈ ਤੇ ਕਦੇ ਨਹੀਂ ਪੱਕਦੀ ।

Related Post