ਪਾਲੀਵੁੱਡ ਤੋਂ ਬਾਲੀਵੁੱਡ ਤੱਕ ਚੱਲਦਾ ਹੈ ਪ੍ਰਕਾਸ਼ ਗਾਧੂ ਦਾ ਸਿੱਕਾ, ਫ਼ਿਲਮ ਨੂੰ ਮਿਲ ਚੁੱਕਿਆ ਹੈ ਰਾਸ਼ਟਰਪਤੀ ਅਵਾਰਡ 

By  Rupinder Kaler July 5th 2019 05:17 PM

ਪ੍ਰਕਾਸ਼ ਗਾਧੂ ਉਹ ਨਾਂਅ ਹੈ ਜਿਨ੍ਹਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਖ਼ਾਸ ਪਹਿਚਾਣ ਬਣਾਈ ਹੈ, ਇਸੇ ਲਈ ਉਹ ਹਰ ਦੂਜੀ ਪੰਜਾਬੀ ਫ਼ਿਲਮ ਵਿੱਚ ਕਿਸੇ ਨਾ ਕਿਸੇ ਕਿਰਦਾਰ ਵਿੱਚ ਦਿਖਾਈ ਦੇ ਜਾਂਦਾ ਹੈ । ਮੁਕਤਸਰ ਸਾਹਿਬ ਦੇ ਪਿੰਡ ਝੋਰੜਾਂ ਦਾ ਰਹਿਣ ਵਾਲੇ ਪ੍ਰਕਾਸ਼ ਗਾਧੂ ਦਾ ਅਸਲ ਨਾਂਅ ਪ੍ਰਕਾਸ਼ ਸਿੰਘ ਗਿੱਲ ਹੈ, ਪਰ ਉਹਨਾਂ ਦੀ ਮਾਂ ਉਹਨਾਂ ਨੂੰ ਲਾਡ ਨਾਲ ਗਾਧੂ ਕਹਿੰਦੇ ਸਨ ਇਸੇ ਲਈ ਪ੍ਰਕਾਸ਼ ਸਿੰਘ ਗਿੱਲ ਨੇ ਆਪਣੇ ਨਾਂਅ ਪਿੱਛੇ ਗਾਧੂ ਨੂੰ ਤਖ਼ੱਲਸ ਵੱਜੋਂ ਜੋੜ ਲਿਆ।

Parkash Gadhu Parkash Gadhu

ਪ੍ਰਕਾਸ਼ ਗਾਧੂ ਨੂੰ ਅਦਾਕਾਰੀ ਦੀ ਚੇਟਕ ਉਸ ਸਮੇਂ ਲੱਗੀ ਜਦੋਂ ਉਹ ਬਰਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ । ਕਾਲਜ ਦੀ ਪੜ੍ਹਾਈ ਦੌਰਾਨ ਪ੍ਰਕਾਸ਼ ਗਾਧੂ ਨੇ ਮੋਨੋ ਐਕਟਿੰਗ ਦੇ ਕਈ ਮੁਕਾਬਲੇ ਜਿੱਤੇ।ਪ੍ਰਕਾਸ਼ ਗਾਧੂ ਆਪਣੀ ਪਤਨੀ ਸਰਬਜੀਤ ਕੌਰ ਅਤੇ ਪੁੱਤਰ ਸਿਮਰਤ ਸਿੰਘ ਗਿੱਲ ਨਾਲ ਮੁਕਤਸਰ ਵਿਖੇ ਰਹਿ ਰਿਹਾ ਹੈ।

Parkash Gadhu Parkash Gadhu

ਉਹਨਾਂ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ 'ਉਡੀਕਾਂ ਸਾਉਣ ਦੀਆਂ' ਫ਼ਿਲਮ ਜ਼ਰੀਏ ਉਹਨਾਂ ਦੀ ਮੁਲਾਕਾਤ ਡਾਇਰੈਕਟਰ  ਸੁਰਿੰਦਰ ਸਿੰਘ ਨਾਲ ਹੋਈ, ਤੇ ਉਹਨਾਂ ਨੇ ਹੀ ਪ੍ਰਕਾਸ਼ ਗਾਧੂ ਨੂੰ ਸਾਲ1989 ਵਿੱਚ ਆਈ ਫ਼ਿਲਮ 'ਮੜ੍ਹੀ ਦਾ ਦੀਵਾ' ਦੀ ਪੇਸ਼ਕਸ਼ ਕੀਤੀ। ਇਹ ਪਹਿਲੀ ਫ਼ਿਲਮ ਹੀ ਪ੍ਰਕਾਸ਼ ਲਈ ਕਰੀਅਰ ਦਾ ਮੀਲ ਪੱਥਰ ਸਾਬਤ ਹੋਈ। ਇਸ ਫ਼ਿਲਮ ਨੂੰ ਰਾਸ਼ਟਰਪਤੀ ਅਵਾਰਡ ਵੀ ਮਿਲਿਆ।

ਇਸ ਸਭ ਦੇ ਬਾਵਜੂਦ ਪ੍ਰਕਾਸ਼ ਗਾਧੂ ਫ਼ਿਲਮੀ ਦੁਨੀਆਂ ਤੋਂ ਥੋੜੇ ਸਮੇ ਲਈ ਦੂਰ ਹੋ ਗਏ । ਪਰ ਜਦੋਂ ਉਹਨਾਂ ਨੇ ਟੈਲੀਫ਼ਿਲਮ 'ਫ਼ੌਜੀ ਦੀ ਫੈਮਿਲੀ' ਨਾਲ ਵਾਪਸੀ ਕੀਤੀ ਤਾਂ ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੋ ਗਿਆ । ਪਾਲੀਵੁੱਡ ਵਿੱਚ ਉਹਨਾਂ ਦੀ ਅਦਾਕਾਰੀ ਦਾ ਸਿੱਕਾ ਇੱਕ ਵਾਰ ਫਿਰ ਚੱਲ ਗਿਆ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਫ਼ਿਲਮ ਵਿੱਚ ਕੰਮ ਕੀਤਾ ।

https://www.youtube.com/watch?v=pU-SmPRiX5g

ਉਹਨਾਂ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ 'ਨਾਬਰ', 'ਚੱਕ ਜਵਾਨਾਂ', 'ਜਵਾਨੀ ਜ਼ਿੰਦਾਬਾਦ', 'ਸਰਦਾਰੀ', 'ਮੰਜੇ ਬਿਸਤਰੇ', 'ਸਾਹਬ ਬਹਾਦਰ', 'ਨਿੱਕਾ ਜ਼ੈਲਦਾਰ', 'ਮਿੱਟੀ ਆਵਾਜ਼ਾਂ ਮਾਰਦੀ' ਵਰਗੀਆਂ ਫ਼ਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਦੀ ਕਾਫੀ ਸ਼ਲਾਘਾ ਹੋਈ । ਫ਼ਿਲਮਾਂ ਤੋਂ ਇਲਾਵਾ ਉਹਨਾਂ ਨੇ ਟੀਵੀ ਦੇ ਲੜੀਵਾਰ ਨਾਟਕ 'ਯੁੱਗ ਬਦਲ ਗਿਆ' ਤੇ ਸਟੇਜ ਡਰਾਮਿਆਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ।

https://www.youtube.com/watch?v=rCxelLf5vTo

ਇੱਥੇ ਹੀ ਬਸ ਨਹੀਂ ਪ੍ਰਕਾਸ਼ ਗਾਧੂ ਨੇ ਬਾਲੀਵੁੱਡ ਫ਼ਿਲਮ 'ਰਾਜਾ ਬਰੌਡੀਆ' ਵਿੱਚ ਕੰਮ ਕੀਤਾ, ਤੇ ਫ਼ਿਲਮ 'ਲਵ ਸ਼ਵ ਤੇ ਚਿਕਨ ਖ਼ੁਰਾਨਾ' ਨਾਲ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ। ਇਸੇ ਲਈ ਪ੍ਰਕਾਸ਼ ਗਾਧੂ ਪਾਲੀਵੁੱਡ ਦੀ ਹਰ ਦੂਜੀ ਫ਼ਿਲਮ 'ਚ ਨਜ਼ਰ ਆਉਂਦੇ ਹਨ ।

Related Post