ਬੈੱਡਰੂਮ ਵਿੱਚ ਪ੍ਰਵੀਨ ਬੌਬੀ ਦਾ ਇਹ ਰੂਪ ਦੇਖ ਕੇ ਕੰਬ ਗਏ ਸਨ ਮਹੇਸ਼ ਭੱਟ, ਕੀ ਪ੍ਰਵੀਨ ’ਤੇ ਕਿਸੇ ਨੇ ਕਰਵਾਇਆ ਸੀ ਕਾਲਾ ਜਾਦੂ …!

By  Rupinder Kaler April 7th 2020 11:26 AM

ਬਾਲੀਵੁੱਡ ਵਿੱਚ ਕਈ ਦਰਦ ਭਰੀਆਂ ਪ੍ਰੇਮ ਕਹਾਣੀਆਂ ਹਨ । ਇਹਨਾਂ ਕਹਾਣੀਆਂ ਵਿੱਚੋਂ ਇੱਕ ਹੈ ਪ੍ਰਵੀਨ ਬੌਬੀ ਦੀ ਕਹਾਣੀ ਹੈ ।ਪ੍ਰਵੀਨ ਦਾ ਨਾਂਅ ਕਬੀਰ ਬੇਦੀ, ਡੈਨੀ, ਅਤੇ ਮਹੇਸ਼ ਭੱਟ ਨਾਲ ਜੁੜਿਆ ਹੈ ਪਰ ਵਿਆਹ ਕਿਸੇ ਨਾਲ ਨਹੀਂ ਹੋਇਆ । ਮਹੇਸ਼ ਭੱਟ ਨਾਲ ਉਹਨਾਂ ਦੀ ਪ੍ਰੇਮ ਕਹਾਣੀ ਬਹੁਤ ਚਰਚਾ ਵਿੱਚ ਰਹੀ ਹੈ । ਇਸ ਬਾਰੇ ਮਹੇਸ਼ ਭੱਟ ਵੀ ਕਈ ਕਿੱਸੇ ਬਿਆਨ ਕਰ ਚੁੱਕੇ ਹਨ । ਇਸੇ ਤਰ੍ਹਾਂ ਦਾ ਇੱਕ ਕਿੱਸਾ ਮਹੇਸ਼ ਭੱਟ ਨੇ ਖੁਦ ਇੱਕ ਇੰਟਰਵਿਊ ਵਿੱਚ ਸਾਂਝਾ ਕੀਤਾ ਹੈ ।

ਜਦੋਂ ਪਰਵੀਨ ਬੌਬੀ ਦਾ ਕਰੀਅਰ ਪੀਕ ਤੇ ਸੀ ਉਦੋਂ ਉਹਨਾਂ ਨੂੰ ਮਹੇਸ਼ ਭੱਟ ਨਾਲ ਪਿਆਰ ਹੋ ਗਿਆ ਸੀ, ਮਹੇਸ਼ ਭੱਟ ਉਸ ਸਮੇਂ ਫਲਾਪ ਫ਼ਿਲਮ ਮੇਕਰ ਸਨ । ਇਸੇ ਦੌਰਾਨ ਪ੍ਰਵੀਨ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੋ ਗਈ ਤੇ ਉਹਨਾਂ ਨੂੰ ਹਰ ਕੋਈ ਦੁਸ਼ਮਣ ਨਜ਼ਰ ਆਉਣ ਲੱਗਾ । ਪ੍ਰਵੀਨ ਬੌਬੀ ਨੂੰ 1977 ਵਿੱਚ ਪਿਆਰ ਹੋ ਗਿਆ ਸੀ । ਮਹੇਸ਼ ਉਸ ਸਮੇਂ ਵਿਆਹੇ ਹੋਏ ਸਨ ਤੇ ਪ੍ਰਵੀਨ ਬੌਬੀ ਸੁਪਰਸਟਾਰ ਸੀ ।ਮਹੇਸ਼ ਉਸ ਸਮੇਂ ਆਪਣੇ ਆਪ ਨੂੰ ਇੰਡਸਟਰੀ ਵਿੱਚ ਸਾਬਿਤ ਨਹੀਂ ਸਨ ਕਰ ਸਕੇ ਪਰ ਪ੍ਰਵੀਨ ਨਾਲ ਲਿਵ-ਇਨ ਵਿੱਚ ਰਹਿਣ ਲਈ ਉਹਨਾਂ ਨੇ ਆਪਣੀ ਪਤਨੀ ਲਾਰੇਨ ਤੇ ਬੇਟੀ ਪੂਜਾ ਨੂੰ ਛੱਡ ਦਿੱਤਾ ਸੀ ।

ਪ੍ਰਵੀਨ ਦੀ ਤਬੀਅਤ ਵਿਗੜਨ ਦੀ ਗੱਲ ਕਰਦੇ ਹੋਏ ਮਹੇਸ਼ ਨੇ ਦੱਸਿਆ ਕਿ, 1979 ਦੀ ਇੱਕ ਸ਼ਾਮ ਉਹ ਉਹਨਾਂ ਦੇ ਜੁਹੂ ਅਪਾਰਟਮੈਂਟ ਪਹੁੰਚੇ ਉੱਥੇ ਪ੍ਰਵੀਨ ਦੀ ਮਾਂ ਜਮਾਲ ਬਾਈ ਮੌਜੂਦ ਸੀ । ਮਹੇਸ਼ ਪਹੁੰਚੇ ਤਾਂ ਉਹਨਾਂ ਨੇ ਕਿਹਾ ਦੇਖੋ ਪ੍ਰਵੀਨ ਨੂੰ ਕੀ ਹੋ ਗਿਆ ਹੈ ? ਮਹੇਸ਼ ਨੇ ਦੱਸਿਆ ‘ਮੈਂ ਬੈੱਡਰੂਮ ਵਿੱਚ ਦਾਖਿਲ ਹੋਇਆ ਜਿੱਥੇ ਕਈ ਸਾਰੇ ਪ੍ਰਫਿਊਮ ਉਸ ਦੀ ਡ੍ਰੈਸਿੰਗ ਅੱਗੇ ਸੱਜੇ ਹੋਏ ਸਨ । ਮੇਰੇ ਸਾਹਮਣੇ ਜੋ ਨਜਾਰਾ ਸੀ । ਉਸ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ’ । ਪ੍ਰਵੀਨ ਇੱਕ ਫ਼ਿਲਮ ਕੋਸਟਿਊਮ ਵਿੱਚ ਤਿਆਰ ਬੈੱਡ ਤੇ ਦੀਵਾਰ ਦੇ ਵਿਚਕਾਰ ਸੁੰਗੜ ਕੇ ਬੈਠੀ ਹੋਈ ਸੀ ।

ਉਸ ਦੇ ਬੈਠਣ ਦਾ ਢੰਗ ਕਿਸੇ ਖੂੰਖਾਰ ਜਾਨਵਰ ਵਰਗਾ ਸੀ । ਉਸ ਦੇ ਹੱਥ ਵਿੱਚ ਚਾਕੂ ਸੀ । ਮਹੇਸ਼ ਨੇ ਪੁੱਛਿਆ ਕੀ ਕਰ ਰਹੀ ਹੈ ਤਾਂ ਪ੍ਰਵੀਨ ਨੇ ਜਵਾਬ ਦਿੱਤਾ ‘ਗੱਲ ਨਾ ਕਰ, ਕੋਈ ਆਪਣੀ ਜਾਸੂਸੀ ਕਰ ਰਿਹਾ ਹੈ, ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮੇਰੇ ਉਪਰ ਝੂਮਰ ਗਿਰਾ ਦੇਵੇਗਾ’ । ਮਹੇਸ਼ ਮੁਤਾਬਿਕ ਉਹ ਪ੍ਰਵੀਨ ਦਾ ਹੱਥ ਫੜਕੇ ਉਸ ਨੂੰ ਬਾਹਰ ਲੈ ਗਏ । ਪ੍ਰਵੀਨ ਦੀ ਮਾਂ ਉਸ ਨੂੰ ਇਸ ਤਰ੍ਹਾਂ ਦੇਖ ਰਹੀ ਸੀ ਜਿਸ ਤਰ੍ਹਾਂ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਿਆ ਸੀ । ਇਸ ਤੋਂ ਬਾਅਦ ਮਹੇਸ਼ ਭੱਟ ਸੋਚਾਂ ਵਿੱਚ ਪੈ ਗਏ ਕਿ ਉਹਨਾਂ ਨੂੰ ਕੀ ਹੋ ਗਿਆ ਹੈ ।

ਮਹੇਸ਼ ਭੱਟ ਨੇ ਦੱਸਿਆ ਕਿ ਇਸ ਦੌਰਾਨ ਕਈ ਕਹਾਣੀਆਂ ਸਾਹਮਣੇ ਆਈਆਂ, ਕੁਝ ਲੋਕਾਂ ਦਾ ਕਹਿਣਾ ਸੀ ਕਿ ਪ੍ਰਵੀਨ ਦੀ ਸਫ਼ਲਤਾ ਕਰਕੇ ਕਿਸੇ ਨੇ ਉਹਨਾਂ ਤੇ ਕਾਲਾ ਜਾਦੂ ਕਰਵਾ ਦਿੱਤਾ ਹੈ ਜਾਂ ਉਸ ਤੇ ਕਿਸੇ ਦੀ ਆਤਮਾ ਦਾ ਸਾਇਆ ਹੈ । ਪ੍ਰਵੀਨ ਦੀ ਇਸ ਬਿਮਾਰੀ ਨੂੰ ਲੈ ਕੇ ਡਾਕਟਰ ਨੂੰ ਵੀ ਮਿਲੇ । ਡਾਕਟਰ ਨੇ ਦੱਸਿਆ ਕਿ ਪ੍ਰਵੀਨ ਨੂੰ ਅਜਿਹੀ ਬਿਮਾਰੀ ਨੇ ਘੇਰ ਲਿਆ ਹੈ ਜਿਸ ਵਿੱਚ ਕਿਸੇ ਵਿਅਕਤੀ ਨੂੰ ਡਰ ਲੱਗਣ ਲੱਗ ਜਾਂਦਾ ਹੈ । ਮਹੇਸ਼ ਭੱਟ ਨੇ ਇਸ ਦੌਰਾਨ ਪ੍ਰਵੀਨ ਦੀ ਮੁਲਾਕਾਤ ਇੱਕ ਧਰਮ ਗੁਰੂ ਨਾਲ ਵੀ ਕਰਵਾਈ ਕਿਉਂਕਿ ਉਹਨਾਂ ਨੂੰ ਵਿਸ਼ਵਾਸ਼ ਸੀ ਕਿ ਉਹ ਪ੍ਰਵੀਨ ਦਾ ਇਲਾਜ਼ ਕਰ ਦੇਣਗੇ ।

ਪਰ ਪ੍ਰਵੀਨ ਨਹੀਂ ਸੀ ਚਾਹੁੰਦੀ ਸੀ ਕਿ ਉਹ ਇਸ ਧਰਮ ਗੁਰੂ ਨੂੰ ਮਿਲੇ । ਇਸੇ ਵਜ੍ਹਾ ਕਰਕੇ ਪ੍ਰਵੀਨ ਤੇ ਮਹੇਸ਼ ਭੱਟ ਦਾ ਬ੍ਰੇਕਅਪ ਹੋ ਗਿਆ । ਪ੍ਰਵੀਨ ਬੌਬੀ ਦਾ ਦਿਹਾਂਤ 20 ਜਨਵਰੀ 2005 ਵਿੱਚ ਹੋਇਆ ਸੀ । ਪ੍ਰਵੀਨ ਦੇ ਦਿਹਾਂਤ ਦੀ ਖ਼ਬਰ ਮਹੇਸ਼ ਭੱਟ ਨੂੰ 22 ਜਨਵਰੀ ਨੂੰ ਮਿਲੀ ਸੀ । ਮਹੇਸ਼ ਭੱਟ ਆਪਣੀ ਸਫ਼ਲਤਾ ਦਾ ਸਿਹਰਾ ਪ੍ਰਵੀਨ ਬੌਬੀ ਦੇ ਸਿਰ ਤੇ ਬੰਨਦੇ ਹਨ ।

Related Post