ਫੁਲਕਾਰੀ ਦੀਆਂ ਤੰਦਾਂ 'ਚ ਪਿਰੋਏ ਮੋਹ ਦੇ ਧਾਗੇ ,ਪੰਜਾਬਣਾਂ ਦੀ ਪਹਿਲੀ ਪਸੰਦ ਫੁਲਕਾਰੀ 

By  Shaminder October 13th 2018 09:49 AM -- Updated: January 12th 2019 12:27 PM

ਪੰਜਾਬੀ ਪਹਿਨਣ ਪਚਰਨ ਦੇ ਸ਼ੁਕੀਨ ਹਨ 'ਤੇ ਪੁਰਾਣੇ ਸਮਿਆਂ 'ਚ ਵੀ ਉਹ ਪੂਰੇ ਠਾਠ ਨਾਲ ਰਹਿੰਦੇ ਸਨ। ਪੰਜਾਬੀ ਮੁਟਿਆਰਾ ਦਾ ਹੁਸਨ ਡੁੱਲ ਡੁੱਲ ਪੈਂਦਾ 'ਤੇ ਜਦੋਂ ਫੁਲਕਾਰੀ 'ਤੇ ਪੰਜਾਬਣ ਦਾ ਸੁਮੇਲ ਹੁੰਦਾ ਹੈ ਤਾਂ ਵੇਖਣ ਵਾਲੇ ਵੇਖਦੇ ਹੀ ਰਹਿ ਜਾਂਦੇ ਹਨ । ਪੰਜਾਬਣਾਂ ਦੀ  ਸ਼ਾਨ 'ਤੇ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ ਫੁਲਕਾਰੀ । ਭਾਵੇਂ ਸਮੇਂ ਦੇ ਨਾਲ ਨਾਲ ਪੰਜਾਬਣਾਂ ਦੇ ਪਹਿਰਾਵੇ 'ਚ ਥੋੜਾ ਬਦਲਾਅ ਆਇਆ ਪਰ ਫੁਲਕਾਰੀ ਹਮੇਸ਼ਾ ਹੀ ਪੰਜਾਬਣਾਂ ਦੀ ਪਹਿਲੀ ਪਸੰਦ ਰਹੀ ਹੈ ।ਸ਼ਗਨਾਂ ਦਾ ਕੋਈ ਵੀ ਮੌਕਾ ਹੋਵੇ ਜਾਂ ਕੋਈ ਤਿੱਥ ਤਿਉਹਾਰ ਫੁੱਲਕਾਰੀ ਦੀ ਅਹਿਮੀਅਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਪੰਜਾਬਣਾਂ ਦੇ ਫੈਸ਼ਨ 'ਚ ਇਹ ਫੁਲਕਾਰੀ ਚਾਰ ਚੰਨ ਲਗਾਉਂਦੀ ਹੈ ।ਪਹਿਲਾਂ ਫੁਲਕਾਰੀ ਸਿਰਫ ਖੱਦਰ ਦੇ ਕੱਪੜੇ 'ਤੇ ਕੱਢੀ ਜਾਂਦੀ ਸੀ । ਪਰ ਭਾਰੀ ਹੋਣ ਕਰਕੇ ਅੱਜ ਕੱਲ ਇਨਾਂ ਦਾ ਇਸਤੇਮਾਲ ਪੰਜਾਬਣਾਂ ਘੱਟ ਕਰਦੀਆਂ ਹਨ।  ਹੁਣ ਹਲਕੇ ਕੱਪੜੇ 'ਚ ਫੁਲਕਾਰੀ ਦੀਆਂ ਕਈ ਵੰਨਗੀਆਂ ਆ ਗਈਆਂ ਹਨ ।

ਹੋਰ ਵੇਖੋ : ਇਸ ਤਰਾਂ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿਆਹ, ਜਾਣੋ ਖ਼ਾਸ ਰਸਮਾਂ

ਜਿਸ ਕਰਕੇ ਫੁਲਕਾਰੀ ਨੂੰ ਆਧੁਨਿਕ ਤਰੀਕੇ ਨਾਲ ਮੁਟਿਆਰਾਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ । ਵੇਲ ਬੂਟਿਆਂ ਨਾਲ ਸੱਜੀ 'ਤੇ ਸੁਰਖ ਰੰਗਾਂ ਨਾਲ ਕੱਢੀ ਜਾਣ ਵਾਲੀ ਫੁਲਕਾਰੀ ਸਭ ਨੂੰ ਆਪਣੇ ਵੱਲ ਆਕ੍ਰਿਸ਼ਤ ਕਰਦੀ ਹੈ । ਇਸ ਫੁਲਕਾਰੀ 'ਚ ਜ਼ਿੰਦਗੀ ਦੇ ਸਭ ਰੰਗ ਲੁਕੇ ਹੁੰਦੇ ਹਨ , 'ਤੇ ਹਰ ਸ਼ਗਨ ਦੇ ਮੌਕੇ 'ਤੇ ਫੁਲਕਾਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਪੰਜਾਬ ਦੀ ਇਸ ਲੋਕ ਕਲਾ ਦੀ ਸ਼ੁਰੂਆਤ ਕਦੋਂ 'ਤੇ ਕਿੱਥੇ ਹੋਈ ਇਸ 'ਤੇ ਇੱਕ ਝਾਤ ਪਾਉਂਦੇ ਹਾਂ । ਫੁਲਕਾਰੀ ਦੀ ਸ਼ੁਰੂਆਤ ੧੫ਵੀਂ ਸਦੀ ਤੋਂ ਮੰਨੀ ਜਾਂਦੀ ਹੈ 'ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਲਾ ਪਰਸ਼ੀਆ ਤੋਂ ਆਈ ।ਜਿੱਥੇ ਇਸ ਕਲਾ ਨੂੰ ਗੁਲਕਾਰੀ ਕਿਹਾ ਜਾਂਦਾ ਹੈ, ਕਲਾ ਦੇ ਇਸ ਬੇਹਤਰੀਨ ਨਮੁਨੇ ਨੂੰ ਖੱਦਰ ਦੇ ਕੱਪੜੇ ਤੇ ਕੱਢਿਆ ਜਾਂਦਾ ਹੈ । ਜਿਸ ਉੱਤੇ ਰੇਸ਼ਮੀ ਧਾਗੇ ਨਾਲ ਕਢਾਈ ਕੀਤੀ ਜਾਂਦੀ ਹੈ ,ਪਹਿਲਾਂ ਪੰਜਾਬ 'ਚ ਫੁਲਕਾਰੀ ਦਾ ਇਸਤੇਮਾਲ ਅੰਦਰ ਬਾਹਰ ਜਾਣ

ਵੇਲੇ ਮੁਟਿਆਰਾਂ 'ਤੇ ਨਵ ਵਿਆਹੀਆਂ ਵਲੋਂ ਕੀਤਾ ਜਾਂਦਾ ਸੀ ।

ਫੁਲਕਾਰੀ ਚਾਰ ਤਰਾਂ ਦੀ ਹੁੰਦੀ ਹੈ ਜਿਸ 'ਚੋਂ ਪਹਿਲੀ ਕਿਸਮ ਹੈ ਬਾਗ-ਬਾਗ ਫੁੱਲਾਂ ਨਾਲ ਕੱਢੀ ਗਈ ਫੁਲਕਾਰੀ ਦਾ ਅਜਿਹਾ ਰੂਪ ਹੁੰਦੀ ਹੈ ਜੋ ਬਹੁਤ ਭਰਵੀਂ ਹੁੰਦੀ ਹੈ ਇਸ ਕਿਸਮ ਦੀ ਫੁਲਕਾਰੀ ਦੇ ਕੱਪੜੇ ਨੂੰ ਫੁੱਲਾਂ ਨਾਲ ਪੂਰੀ ਤਰਾਂ ਭਰਿਆ ਜਾਂਦਾ ਹੈ । ਜਿਸ ਕਰਕੇ ਇਸਨੂੰ ਬਾਗ ਕਿਹਾ ਜਾਂਦਾ ਹੈ । ਦੂਸਰੀ ਕਿਸਮ ਦੀ ਫੁਲਕਾਰੀ ਹੈ ਥਿਰਮਾ -ਇਸ ਕਿਸਮ ਦੀ ਫੁਲਕਾਰੀ ਨੂੰ ਅੱਧਖੜ 'ਤੇ ਬਜ਼ੁਰਗ ਔਰਤਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ।ਬਾਵਨ ਫੁਲਕਾਰੀ -ਇਸ ਕਿਸਮ ਦੀ ਫੁਲਕਾਰੀ ਦੇ ਇੱਕ ਪੀਸ 'ਤੇ ਅਲੱਗ ਅਲੱਗ ਪੈਟਰਨ ਦੇ ਫੁੱਲ ਬਣਾਏ ਜਾਂਦੇ ਹਨ । ਚੋਭ - ਚੋਭ ਇੱਕ ਕਿਸਮ ਦੀ ਕਿਨਾਰਿਆਂ 'ਤੇ ਕੱਢੀ ਜਾਂਦੀ ਹੈ ਇਹ ਫੁਲਕਾਰੀ ਦੇ ਚਾਰੇ ਚੁਫੇਰੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤੀ ਜਾਂਦੀ ਹੈ । ਸੋਬਰ ਫੁਲਕਾਰੀ ਲੈਣ ਦੀਆਂ ਸ਼ੁਕੀਨ ਮੁਟਿਆਰਾਂ ਅਕਸਰ ਇਸ ਕਿਸਮ ਦੀ ਫੁਲਕਾਰੀ ਦਾ ਇਸਤੇਮਾਲ ਕਰਦੀਆਂ ਹਨ । ਫੁਲਕਾਰੀ ਪੰਜਾਬਣਾਂ ਲਈ ਇੱਕ ਗਹਿਣੇ ਵਾਂਗ ਹੁੰਦੀ ਜੋ ਪੀੜੀ ਦਰ ਪੀੜੀ ਅੱਗੇ ਚੱਲਦੀ ਹੈ ।ਕਿਉਂਕਿ ਇਸ ਨੂੰ ਦਾਨ ਦਹੇਜ 'ਚ ਵੀ ਦਿੱਤਾ ਜਾਂਦਾ ਹੈ ਇਸ ਲਈ ਮਾਂ ਆਪਣੀ ਧੀ ਲਈ 'ਤੇ ਅੱਗੋਂ ਸੱਸ ਵੀ ਆਪਣੀ ਨੂੰਹ ਨੂੰ ਸ਼ਗਨਾਂ ਦੀ ਇਹ ਫੁਲਕਾਰੀ ਦੇਂਦੀ ਹੈ । ਪੰਜਾਬ ਦੀ ਇਹ ਲੋਕ ਕਲਾ ਅੱਜ ਪੰਜਾਬ 'ਚ ਹੀ ਸਗੋਂ ਪੂਰੇ ਉੱਤਰ ਭਾਰਤ ਦੀਆਂ ਔਰਤਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ । ਰੰਗ ਬਿਰੰਗੇ ਫੁੱਲਾਂ ਨਾਲ ਸੱਜੀ ਇਹ ਫੁਲਕਾਰੀ  ਪੰਜਾਬੀ ਮੁਟਿਆਰਾਂ ਦੀ ਜ਼ਿੰਦਗੀ 'ਚ ਵੀ ਕਈ ਰੰਗ ਭਰਦੀ ਹੈ ।

Related Post