ਨਾਟਕਕਾਰ ਡਾ. ਅਜਮੇਰ ਔਲਖ਼ ਦੀ ਬਰਸੀ ਤੇ ਗਾਇਕ ਗੁਰਵਿੰਦਰ ਬਰਾੜ ਨੇ ਯਾਦ ਕਰਦੇ ਹੋਏ ਦਿੱਤਾ ਭਾਵੁਕ ਸੰਦੇਸ਼ 

By  Rupinder Kaler June 15th 2019 05:29 PM

ਪੰਜਾਬੀ ਨਾਟਕ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਨਾਟਕਕਾਰ ਡਾ. ਅਜਮੇਰ ਔਲਖ਼ ਦੀ ਅੱਜ ਬਰਸੀ ਹੈ । 15 ਜੂਨ 2017 ਵਿੱਚ ਕੈਂਸਰ ਦੀ ਬਿਮਾਰੀ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਉਹਨਾਂ ਦੀ ਬਰਸੀ ਤੇ ਗਾਇਕ ਗੁਰਵਿੰਦਰ ਬਰਾੜ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ । ਗੁਰਵਿੰਦਰ ਬਰਾੜ ਨੇ ਉਹਨਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਡਾ. ਅਜਮੇਰ ਔਲਖ਼ ਹਮੇਸ਼ਾ ਉਹਨਾਂ ਦੇ ਦਿਲ ਵਿੱਚ ਰਹਿਣਗੇ ਤੇ ਉਹ ਉਹਨਾਂ ਦੇ ਪੈਰਾਂ ਵਰਗਾ ਵੀ ਨਹੀਂ ।

ਡਾ. ਅਜਮੇਰ ਔਲਖ਼  ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 19 ਅਗਸਤ 1942 ਨੂੰ ਪਿੰਡ ਕੁੰਭੜਵਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਡਾ. ਔਲਖ ਦੇ ਪਿਤਾ ਦਾ ਨਾਂ ਕੌਰ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਹਰਨਾਮ ਕੌਰ ਸੀ। ਡਾ. ਅਜਮੇਰ ਔਲਖ਼ ਤੇ ਉਹਨਾਂ ਦਾ ਪਰਿਵਾਰ ਪਿੰਡ ਕੁੰਭੜਵਾਲ ਨੂੰ ਛੱਡਕੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਜ਼ਿਲ੍ਹਾ ਮਾਨਸਾ ਵਿੱਚ ਆ ਵੱਸਿਆ ਸੀ  । ਉਹਨਾਂ ਨੇ ਮੁੱਢਲੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਤੋਂ ਹੀ ਕੀਤੀ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐੱਮ.ਏ ਦੀ ਪੜ੍ਹਾਈ ਕੀਤੀ।

Ajmer_aulakh Ajmer_aulakh

ਇਸ ਤੋਂ ਬਾਅਦ ਡਾ. ਅਜਮੇਰ ਔਲਖ਼ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਪੰਜਾਬੀ ਲੈਕਚਰਾਰ  ਲੱਗ ਗਏ । ਡਾ. ਅਜਮੇਰ ਔਲਖ਼ ਨੂੰ ਲਿਖਣ ਦਾ ਸ਼ੌਂਕ ਬਚਪਨ ਤੋਂ ਹੀ ਸੀ । ਸ਼ੁਰੂਆਤੀ ਦੌਰ ਵਿੱਚ ਉਹ ਕਵਿਤਾ,ਗੀਤ ਅਤੇ ਕਹਾਣੀਆਂ ਲਿਖਦੇ ਸਨ, ਉਨ੍ਹਾਂ ਨੇ ਦਸਵੀਂ ਦੇ ਇਮਤਿਹਾਨ ਤੋਂ ਬਾਅਦ ਇੱਕ ਨਾਵਲ ਵੀ ਲਿਖਿਆ ਸੀ। ਕਾਲਜ ਵਿੱਚ ਸੱਭਿਆਚਾਰਕ ਸਰਗ਼ਰਮੀਆਂ ਦਾ ਮੁਖੀ ਬਣਾਏ ਜਾਣ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਨੂੰ ਨਾਟਕ ਕਰਵਾਉਂਦਿਆਂ-ਕਰਵਾਉਂਦਿਆਂ ਨਾਟਕ ਲਿਖਣ 'ਤੇ ਕਰਵਾਉਣ ਵੱਲ ਹੋ ਗਏ ।

Ajmer_aulakh Ajmer_aulakh

ਡਾ. ਅਜਮੇਰ ਔਲਖ ਦੇ ਨਾਟਕਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸਭ ਤੋਂ ਪਹਿਲਾਂ ਅਰਬਦ ਨਰਬਦ ਧੁੰਦੂਕਾਰਾ, ਬਗ਼ਾਨੇ ਬੋਹੜ ਦੀ ਛਾਂ, ਅੰਨ੍ਹੇ ਨਿਸ਼ਾਨਚੀ, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ , ਭੱਜੀਆਂ ਬਾਹਾਂ, ਸੱਤ ਬਿਗ਼ਾਨੇ, ਕੇਹਰ ਸਿੰਘ ਦੀ ਮੌਤ, ਨਿੱਕੇ ਸੂਰਜਾਂ ਦੀ ਲੜਾਈ ਪ੍ਰਮੁੱਖ ਨਾਟਕ ਹਨ । ਡਾ. ਅਜਮੇਰ ਔਲਖ ਨੂੰ ਉਹਨਾਂ ਵੱਲੋਂ ਸਾਹਿਤਕ ਖ਼ੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਕਈ ਅਵਾਰਡ ਵੀ ਮਿਲੇ ਹਨ । ਭਾਰਤੀ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਵੱਲੋਂ ਭਾਰਤ ਦੇ ਸਾਬਕਾ ਸਵਰਗਵਾਸੀ

ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਨੇ ਉਹਨਾਂ ਨੂੰ ਅਵਾਰਡ ਦਿੱਤਾ ਸੀ ।

Ajmer_aulakh Ajmer_aulakh

ਇਸ ਤੋਂ ਇਲਾਵਾ ਉਹਨਾਂ ਦੀਆਂ ਕਈ ਰਚਨਾਵਾਂ ਨੂੰ ਵੀ ਅਵਾਰਡ ਮਿਲੇ ਹਨ । ਭਾਰਤੀ ਸਾਹਿਤ ਅਕਾਦਮੀ ਨੇ ਇਕਾਂਗੀ ਸੰਗ੍ਰਹਿ ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ ਨੂੰ ਪੁਰਸਕਾਰ ਦਿੱਤਾ ਸੀ ।ਡਾ. ਅਜਮੇਰ ਔਲਖ਼ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਪੁਰਸਕਾਰ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਸੀ। ਇਸੇ ਤਰ੍ਹਾਂ ਡਾ. ਅਜਮੇਰ ਔਲਖ਼ ਨੂੰ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਨਾਟਕਕਾਰ ਅਵਾਰਡ ਦਿੱਤਾ ਗਿਆ।

Related Post