ਕਿਸ-ਕਿਸ ਨੇ ਖੇਡੀ ਹੈ ਪੰਜਾਬ ਦੀ ਇਹ ਲੋਕ ਖੇਡ, ਖੇਡੀ ਹੈ ਤਾਂ ਦੱਸੋ ਭਲਾ ਕੀ ਹੈ ਇਸ ਦਾ ਨਾਂਅ

By  Rupinder Kaler May 19th 2020 04:43 PM

ਪੰਜਾਬ ਦੀਆਂ ਬਹੁਤ ਸਾਰੀਆਂ ਲੋਕ ਖੇਡਾਂ ਕਿਤੇ ਅਲੋਪ ਹੋ ਕੇ ਰਹਿ ਗਈਆਂ ਹਨ, ਕਿਉਂਕਿ ਜਿਹੜੇ ਬੱਚੇ ਗਲੀ ਮੁਹੱਲੇ ਵਿੱਚ ਖੇਡਦੇ ਸਨ ਉਹੀ ਬੱਚੇ ਅੱਜ ਘਰ ਦੇ ਡਰਾਇੰਗ ਰੂਮ ਵਿੱਚ ਬੈਠ ਕੇ ਮੋਬਾਈਲ ’ਤੇ ਪੱਬ-ਜੀ ਖੇਡਦੇ ਹਨ । ਇਸ ਰੁਝਾਨ ਨਾਲ ਜਿੱਥੇ ਸਾਡੀਆਂ ਬਹੁਤ ਸਾਰੀਆਂ ਲੋਕ ਖੇਡਾਂ ਸਾਡੇ ਤੋਂ ਵਿੱਸਰਦੀਆਂ ਜਾ ਰਹੀਆਂ ਹਨ ਉੱਥੇ ਇਸ ਰੁਝਾਨ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਵਿੱਚ ਕਿਤੇ ਨਾ ਕਿਤੇ ਖੜੋਤ ਆ ਗਈ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਪੰਜਾਬ ਦੀ ਸਭ ਤੋਂ ਪੁਰਾਣੀ ਖੇਡ ਕੋਟਲਾ–ਛਪਾਕੀ ਤੋਂ ਜਾਣੂ ਕਰਵਾਉਂਦੇ ਹਾਂ ।

ਇਸ ਨੂੰ ਕਾਜੀ ਕੋਟਲੇ ਦੀ ਮਾਰ ਵੀ ਆਖਦੇ ਹਨ। ਇਹ ਖੇਡ ਹੁਣ ਸ਼ਹਿਰੀ ਖੇਤਰ 'ਚੋਂ ਲੱਗਭੱਗ ਅਲੋਪ ਹੋ ਚੁੱਕੀ ਹੈ ਪਰ ਪੇਂਡੂ ਖੇਤਰ 'ਚ ਕਿਤੇ ਕਿਤੇ ਸਿਸਕ ਰਹੀ ਹੈ। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਜਿੰਨੇ ਬੱਚੇ ਇਕੱਠੇ ਹੋਏ ਸਾਰੇ ਹੀ ਇਸ ਖੇਡ ਦੇ ਖਿਡਾਰੀ ਬਣ ਜਾਂਦੇ ਹਨ। ਇਸ ਤੋਂ ਬਾਅਦ ਕਿਸੇ ਚੁੰਨੀ, ਦੁਪੱਟੇ ਜਾਂ ਸਾਫੇ ਨੂੰ ਵੱਟ ਚੜ੍ਹਾ ਕੇ ਅਤੇ ਦੂਹਰਾ ਕਰ ਕੇ ਇੱਕ ਪੋਲਾ ਜਿਹਾ ਦੋ-ਤਿੰਨ ਫੁੱਟ ਦਾ ਰੱਸਾ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਕੋਟਲਾ ਆਖਦੇ ਹਨ। ਇਹ ਕੋਟਲਾ ਦਾਈ ਦੇਣ ਵਾਲੇ ਕੋਲ ਹੁੰਦਾ ਹੈ।

ਸਾਰੇ ਬੱਚੇ ਇੱਕ ਖੁੱਲਾ ਜਿਹਾ ਗੋਲ ਦਾਇਰਾ ਬਣਾ ਕੇ ਬੈਠ ਜਾਂਦੇ ਹਨ ਅਤੇ ਦਾਈ ਦੇਣ ਵਾਲਾ ਬੱਚਾ ਕੋਟਲੇ ਸਮੇਤ ਚੱਕਰ ਦੇ ਆਲੇ ਦੁਆਲੇ ਘੁੰਮਦਾ ਹੈ। ਬੈਠੇ ਬੱਚਿਆਂ ਦਾ ਮੂੰਹ ਚੱਕਰ ਦੇ ਅੰਦਰ ਵੱਲ ਨੂੰ ਹੁੰਦਾ ਹੈ ਅਤੇ ਜਦੋਂ ਦਾਈ ਦੇਣ ਵਾਲਾ ਬੱਚਾ ਦੌੜਣਾ ਸ਼ੁਰੂ ਕਰਦਾ ਹੈ ਤਾਂ ਸਾਰੇ ਆਪਣਾ ਮੂੰਹ ਗੋਡਿਆਂ ਵਿਚਕਾਰ ਕਰ ਲੈਂਦੇ ਹਨ। ਦਾਈ ਦੇਣ ਵਾਲਾ ਬੱਚਾ ਦੌੜਦਾ ਹੋਇਆ ਉੱਚੀ ਅਵਾਜ਼ 'ਚ ਬੋਲਦਾ ਹੈ : ਕੋਟਲਾ ਛਪਾਕੀ ਜੁੰਮੇ ਰਾਤ ਆਈ ਏ। ਬਾਕੀ ਬੱਚੇ ਬੋਲਦੇ ਹਨ ਆਈ ਏ, ਜੀ ਆਈ ਏ। ਫਿਰ ਦਾਈ ਵਾਲਾ ਬੱਚਾ ਬੋਲਦਾ ਹੈ, ਜਿਹੜਾ ਅੱਗੇ ਪਿੱਛੇ ਝਾਕੂ, ਉਹਦੀ ਸ਼ਾਮਤ ਆਈ ਏ। ਦੌੜਦੇ ਹੋਏ ਦਾਈ ਦੇਣ ਵਾਲਾ ਬੱਚਾ ਕਿਸੇ ਨਾ ਕਿਸੇ ਬੱਚੇ ਦੇ ਪਿੱਛੇ ਕੋਟਲਾ ਰੱਖ ਦਿੰਦਾ ਹੈ। ਕਿਉਂਕਿ ਅੱਗੇ ਪਿੱਛੇ ਝਾਕਣ ਦੀ ਮਨਾਹੀ ਹੁੰਦੀ ਹੈ, ਇਸਲਈ ਬੱਚੇ ਆਪਣੀ ਸਮਝ ਅਤੇ ਸੂਝਬੂਝ ਨਾਲ ਹੀ ਇਹ ਅਨੁਮਾਨ ਲਗਾਉਂਦੇ ਹਨ ਕਿ ਕੋਟਲਾ ਕਿਸ ਪਿੱਛੇ ਰੱਖਿਆ ਗਿਆ ਹੈ।

ਜੇਕਰ ਬੱਚੇ ਨੂੰ ਪਤਾ ਲੱਗ ਜਾਵੇ ਕਿ ਉਸ ਮਗਰ ਕੋਟਲਾ ਰੱਖਿਆ ਗਿਆ ਹੈ ਤਾਂ ਉਹ ਕੋਟਲਾ ਫੜ ਕੇ ਦਾਈ ਦੇਣ ਵਾਲੇ ਦੇ ਮਗਰ ਦੌੜਦਾ ਹੈ ਅਤੇ ਕੋਟਲਾ ਉਸ ਦੇ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਦਾਈ ਦੇਣ ਵਾਲਾ ਉਸ ਦੇ ਅੱਗੇ–ਅੱਗੇ ਦੌੜ ਕੇ ਉਸ ਕੋਟਲੇ ਦੀ ਮਾਰ ਤੋਂ ਬਚਣ ਅਤੇ ਉਸ ਬੱਚੇ ਦੀ ਥਾਂ ਤੇ ਆ ਕੇ ਬੈਠਣ ਦੀ ਕੋਸ਼ਿਸ਼ ਕਰਦਾ ਹੈ। ਪਰ ਕੋਟਲਾ ਚੁੱਕ ਕੇ ਦੌੜਣ ਅਤੇ ਦਾਈ ਦੇਣ ਵਾਲੇ ਬੱਚੇ ਦੇ ਚੱਕਰ 'ਚ ਬੈਠਣ ਤੋਂ ਪਹਿਲਾਂ ਜੇਕਰ ਕੋਟਲੇ ਵਾਲਾ ਬੱਚਾ ਉਸ ਦਾਈ ਦੇਣ ਵਾਲੇ ਬੱਚੇ ਨੂੰ ਕੋਟਲਾ ਮਾਰ ਕੇ ਛੂਹ ਦਵੇ ਤਾਂ ਦਾਈ ਮੁੜ ਉਸੇ ਜੁੰਮੇ ਆ ਜਾਂਦੀ ਹੈ।

Related Post