ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆ ਵੱਡਾ ਘਾਟਾ ਗੀਤਕਾਰ ਗੁਰਨਾਮ ਗਾਮਾ ਦਾ ਹੋਇਆ ਦਿਹਾਂਤ

By  Rupinder Kaler April 14th 2020 10:33 AM

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਬੀਤੇ ਦਿਨ ਕਈ ਹਿੱਟ ਗੀਤ ਲਿਖਣ ਵਾਲੇ ਗੀਤਕਾਰ ਗੁਰਨਾਮ ਗਾਮਾ ਦਾ ਦਿਹਾਂਤ ਹੋ ਗਿਆ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੁਪਰ ਹਿੱਟ ਗੀਤ ਦੇਣ ਵਾਲੇ ਗੁਰਨਾਮ ਗਾਮਾ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਨ੍ਹਾਂ ਨੂੰ ਲੀਵਰ ਦੀ ਸਮੱਸਿਆ ਸੀ ਅਤੇ ਕਈ ਸਾਲਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਚੱਲ ਰਹੀ ਸੀ ਪਰ ਆਖਿਰ ਉਹ ਜ਼ਿੰਦਗੀ ਦੀ ਜੰਗ ਨੂੰ ਹਾਰ ਹੀ ਗਏ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਗੁਰਨਾਮ ਗਾਮਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੁਰਨਾਮ ਗਾਮਾ ਦਾ ਜਨਮ ਪੰਜਾਬ ਦੇ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ 'ਚ ਹੋਇਆ ਸੀ ।

ਅੰਗਰੇਜ਼ ਅਲੀ ,ਇੰਦਰਜੀਤ ਨਿੱਕੂ,ਬਲਕਾਰ ਸਿੱਧੂ, ਅਮਰਿੰਦਰ ਗਿੱਲ ਸਣੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ। ਉਨ੍ਹਾਂ ਦੇ ਲੀਵਰ 'ਚ 2015 'ਚ ਦਿੱਕਤ ਆ ਗਈ ਅਤੇ ਆਰਥਿਕ ਹਾਲਾਤ ਬੁਰੇ ਹੋ ਗਏ ਹਨ ਅਤੇ ਕਿਸੇ ਵੀ ਗਾਇਕ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ । ਗਾਮਾ ਨੇ ਆਰਥਿਕ ਹਾਲਾਤਾਂ ਕਾਰਨ ਦੁੱਖ ਹੰਡਾਏ । ਉਨ੍ਹਾਂ ਦੇ ਭਰਾ ਵੀ ਗਾਇਕੀ ਦੇ ਖੇਤਰ 'ਚ ਨਾਮ ਕਮਾ ਚੁੱਕੇ ਹਨ । ਗੁਰਨਾਮ ਗਾਮਾ ਕਬੱਡੀ ਦੇ ਨਾਮਵਰ ਖਿਡਾਰੀ ਵੀ ਸਨ।

ਗੁਰਨਾਮ ਗਾਮਾ ਨੂੰ ਲਿਖਣ ਦੀ ਚੇਟਕ ਉਨ੍ਹਾਂ ਦੇ ਪਿਤਾ ਜੀ ਤੋਂ ਲੱਗੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਵੀ ਲਿਖਦੇ ਹਨ , ਕਬੱਡੀ ਦੇ ਨਾਲ-ਨਾਲ ਉਨ੍ਹਾਂ ਨੇ ਲਿਖਣਾ ਵੀ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਦਾ ਸਭ ਤੋਂ ਪਹਿਲਾ ਗੀਤ 1996 'ਚ ਆਇਆ ਸੀ ਅਤੇ ਆਪਣੇ ਪਿੰਡ ਦੇ ਮੁੰਡਾ ਸੀਰਾ ਖ਼ਾਨ ਦੀ ਮਦਦ ਨਾਲ ਉਹ ਇਸ ਖੇਤਰ 'ਚ ਅੱਗੇ ਵਧੇ । ਕਈ ਪ੍ਰਸਿੱਧ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ।

ਉਨ੍ਹਾਂ ਦੀ ਮਕਬੂਲੀਅਤ ਉਦੋਂ ਵਧੀ ਜਦੋਂ ਉਨ੍ਹਾਂ ਦਾ ਲਿਖਿਆ ਗੀਤ 'ਏਨਾ ਤੈਨੂੰ ਪਿਆਰ ਕਰਾਂ' ਬਲਕਾਰ ਸਿੱਧੂ ਨੇ ਗਾਇਆ ।ਇਸ ਤੋਂ ਇਲਾਵਾ ਇੰਦਰਜੀਤ ਨਿੱਕੂ ਨੇ ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ ਗਾਇਆ ।ਨਛੱਤਰ ਗਿੱਲ, ਹਰਭਜਨ ਸ਼ੇਰਾ, ਸਣੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ ।

ਪੰਜਾਬੀ ਫ਼ਿਲਮਾਂ 'ਚ ਵੀ ਉਨ੍ਹਾਂ ਦੇ ਗੀਤ ਆਏ ਫ਼ਿਲਮ ਪਿੰਡ ਦੀ ਕੁੜੀ 'ਚ ਉਨ੍ਹਾਂ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ । ਉਨ੍ਹਾਂ ਨੇ ਪਾਲੀਵੁੱਡ ਦੇ ਨਾਲ –ਨਾਲ ਹਿੰਦੀ ਫਿਲਮਾਂ ਲਈ ਵੀ ਗੀਤ ਲਿਖੇ ਸਨ ।

Related Post