ਇਸ ਕਿਰਦਾਰ ਨਾਲ ਉਮਰ ਭਰ ਗੁਰਨਾਮ ਭੁੱਲਰ ਨੂੰ ਰੱਖਿਆ ਜਾਵੇਗਾ ਯਾਦ, ਨਵੀਂ ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ
ਜਿੱਥੇ ਹਰ ਹਫ਼ਤੇ ਪੰਜਾਬੀ ਪਰਦਾ ਫ਼ਿਲਮਾਂ ਨਾਲ ਭਰਿਆ ਨਜ਼ਰ ਆ ਰਿਹਾ ਹੈ ਉੱਥੇ ਹੀ ਨਵੀਆਂ ਫ਼ਿਲਮਾਂ ਦੇ ਐਲਾਨ ਅਤੇ ਸ਼ੂਟ ਵੀ ਸ਼ੁਰੂ ਹੋ ਰਹੇ ਹਨ। ਅਜਿਹੀ ਇੱਕ ਹੋਰ ਪੰਜਾਬੀ ਫ਼ਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ,'ਰੰਗ'।ਇਸ ਫ਼ਿਲਮ 'ਚ ਗੁਰਨਾਮ ਭੁੱਲਰ ਨਜ਼ਰ ਆਉਣਗੇ ਜਿਸ ਦੀ ਤਸਵੀਰ ਵੀ ਸਾਹਮਣੇ ਆਈ ਹੈ। ਗੁੱਡੀਆਂ ਪਟੋਲੇ ਅਤੇ ਸੁਰਖ਼ੀ ਬਿੰਦੀ ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇਣ ਵਾਲੇ ਗੁਰਨਾਮ ਭੁੱਲਰ ਇਸ ਫ਼ਿਲਮ ਕੁਝ ਖ਼ਾਸ ਕਿਰਦਾਰ ਨਿਭਾਉਣ ਵਾਲੇ ਹਨ ਜਿਸ ਬਾਰੇ ਉਹ ਵੀ ਕਾਫੀ ਉਤਸਾਹਿਤ ਹਨ।
View this post on Instagram
ਗੁਰਨਾਮ ਭੁੱਲਰ ਨੇ ਆਪਣੇ ਕਿਰਦਾਰ ਬਾਰੇ ਸੋਸ਼ਲ ਮੀਡੀਆ 'ਤੇ ਕੁਝ ਇਸ ਪ੍ਰਕਾਰ ਲਿਖਿਆ ਹੈ,''#ਰੰਗ' ਹਰ ਇੱਕ ਆਰਟਿਸਟ ਦਾ ਸੁਫ਼ਨਾ ਹੁੰਦਾ ਕਿ ਉਹਦੇ ਕਰੀਅਰ 'ਚ ਉਹਨੂੰ ਕੋਈ ਏਦਾਂ ਦਾ ਕਰੈਕਟਰ ਕਰਨ ਨੂੰ ਮਿਲੇ, ਜਿਹੜਾ ਸਾਰੀ ਉਮਰ ਉਹਨੂੰ ਯਾਦ ਰੱਖਿਆ ਜਾਵੇ, 'ਰੰਗ' ਵਰਗੀ ਫ਼ਿਲਮ ਸ਼ਾਇਦ ਹੀ ਕਦੀ ਮੇਰੀ ਕਿਸਮਤ 'ਚ ਦੁਬਾਰਾ ਆਵੇ। ਟੀਮ ਰੰਗ ਦਾ ਮੈਨੂੰ ਚੁਣਨ ਲਈ ਧੰਨਵਾਦ, ਸਤਿਗੁਰ ਕਿਰਪਾ ਬਣਾਈ ਰੱਖਣ ਹਮੇਸ਼ਾ''।

ਵਿਲੇਜਰ ਫ਼ਿਲਮ ਸਟੂਡੀਓ ਅਤੇ ਡੇਲਮੋਰਾ ਫ਼ਿਲਮਜ਼ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਜਾ ਰਿਹਾ ਹੈ। ਫ਼ਿਲਮ ਦੀ ਬਾਕੀ ਸਟਾਰਕਾਸਟ ਅਤੇ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਬਹੁਤ ਜਲਦ ਫ਼ਿਲਮ ਸਹੁਰਿਆਂ ਦਾ ਪਿੰਡ ਆ ਗਿਆ 'ਚ ਸੁਰਖ਼ੀ ਬਿੰਦੀ ਤੋਂ ਬਾਅਦ ਇੱਕ ਫਿਰ ਸਰਗੁਣ ਮਹਿਤਾ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।