ਇਸ ਗੀਤ ਨਾਲ ਗਾਇਕ ਰਣਜੀਤ ਮਣੀ ਦੀ ਬਣੀ ਸੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ

By  Rupinder Kaler February 13th 2020 04:02 PM

ਗਾਇਕ ਰਣਜੀਤ ਮਣੀ ਨੂੰ ਪੰਜਾਬੀ ਇੰਡਸਟਰੀ ਵਿੱਚ ਕਿਸੇ ਪਹਿਚਾਣ ਦੀ ਲੋੜ ਨਹੀਂ, ਉਹਨਾਂ ਦੇ ਗਾਏ ਗਾਣੇ ਹੀ ਉਹਨਾਂ ਦੀ ਪਹਿਚਾਣ ਹਨ । ਇਸ ਆਰਟੀਕਲ ਵਿੱਚ ਉਹਨਾਂ ਦੇ ਨਿੱਜੀ ਜ਼ਿੰਦਗੀ ਤੇ ਉਹਨਾਂ ਦੇ ਮਿਊਜ਼ਿਕ ਕਰੀਅਰ ਬਾਰੇ ਤੁਹਾਨੂੰ ਦੱਸਦੇ ਹਾਂ । ਰਣਜੀਤ ਮਣੀ ਦਾ ਜਨਮ ਮੋਗਾ ਦੇ ਪਿੰਡ ਚੁੱਪਕੀਤੀ ਦੇ ਰਹਿਣ ਵਾਲੇ ਤਾਰਾ ਸਿੰਘ ਤੇ ਭਗਵਾਨ ਕੌਰ ਦੇ ਘਰ ਹੋਇਆ । ਰਣਜੀਤ ਮਣੀ ਦਾ ਨਾਂਅ ਉਹਨਾਂ ਦੇ ਮਾਪਿਆਂ ਨੇ ਰਣਜੀਤ ਸਿੰਘ ਧਾਲੀਵਾਲ ਰੱਖਿਆ।

ਗਾਇਕ ਬਣਨ ਦਾ ਜਨੂੰਨ ਉਹਨਾਂ ਨੂੰ ਲੁਧਿਆਣਾ ਲੈ ਆਇਆ ਤੇ ਸਿਰਫ਼ 17 ਕੁ ਸਾਲਾਂ ਦੀ ਉਮਰ ਉਹਨਾਂ ਨੇ ਅਮਰ ਸਿੰਘ ਚਮਕੀਲਾ ਨੂੰ ਆਪਣਾ ਉਸਤਾਦ ਧਾਰ ਲਿਆ, ਪਰ ਬਦਕਿਸਮਤੀ ਨਾਲ ਚਮਕੀਲੇ ਦਾ ਸਾਥ ਸਾਲ ਭਰ ਹੀ ਨਸੀਬ ਹੋਇਆ। 1988 ਵਿਚ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦੀ ਮੌਤ ਤੋਂ ਬਾਅਦ ਉਸਨੇ ਕੁਲਦੀਪ ਮਾਣਕ ਦੇ ਦਫ਼ਤਰ ਵਿਖੇ ਬਤੌਰ ‘ਬੁਕਿੰਗ ਕਲਰਕ’ ਵੱਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਆਪਣੇ ਕੰਮ ਤੋਂ ਵਿਹਲਾ ਹੋ ਕੇ ਰਣਜੀਤ ਮਣੀ ਰਿਆਜ਼ ਕਰਦਾ, ਇਸ ਮਿਹਨਤ ਕਰਕੇ ਅੱਜ ਉਸ ਦਾ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਹੈ । ਪੰਜਾਬੀ ਇੰਡਸਟਰੀ ਵਿੱਚ ਰਣਜੀਤ ਮਣੀ ਦੀ ਪਛਾਣ 1992 ਵਿਚ ਆਈ ਕੈਸੇਟ ‘ਚੰਨਾ ਪਾਸਪੋਰਟ ਬਣਾ ਲਿਆ’ ਨਾਲ ਬਣੀ। ਬਚਨ ਬੇਦਿਲ ਦਾ ਲਿਖਿਆ ‘ਪਾਸਪੋਰਟ’ ਗੀਤ ਅਜਿਹਾ ਗਾਇਆ ਕਿ ਲੋਕਾਂ ਨੇ ਦਿਨਾਂ ਵਿਚ ਹੀ ਰਣਜੀਤ ਮਣੀ ਨੂੰ ਸਿਰ-ਅੱਖਾਂ ’ਤੇ ਬਿਠਾਉਂਦਿਆਂ ਦੁਨੀਆਂ ਦੀ ਸੈਰ ਕਰਵਾ ਦਿੱਤੀ।

ਉਸਤੋਂ ਤੁਰੰਤ ਮਗਰੋਂ ‘ਤੇਰੇ ਵਿਆਹ ਦਾ ਕਾਰਡ’ ਕੈਸੇਟ ਆਈ ਤੇ ਫੇਰ ਮਣੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ‘ਪਾਸਪੋਰਟ ਬਣਾ ਲਿਆ’ ਤੇ ‘ਰਾਂਝੇ ਦਾ ਪ੍ਰਿੰਸੀਪਲ ਜੀ’ ਗੀਤ ਤਾਂ ਅੱਜ ਵੀ ਉਸੇ ਤਰ੍ਹਾਂ ਸੁਣੇ ਜਾਂਦੇ ਹਨ ਜਿਸ ਤਰ੍ਹਾਂ ਸਾਲਾਂ ਪਹਿਲਾਂ ਸੁਣੇ ਜਾਂਦੇ ਸਨ । ਉਹਨਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ‘ਮੈਂ ਲੰਡਨ ਦੇ ਵਿਚ ਦਿਨ ਕੱਟੂੰ’, ‘ਮੇਰੇ ਸੋਹਣਿਆ ਸੱਜਣਾ ਵੇ ਮੁੜ ਵਤਨੀ ਆ’, ‘ਮੁੰਡਾ ਰੋ ਪਿਆ ਕੁੜੀ ਦੀ ਬਾਂਹ ਫੜ ਕੇ’, ‘ਤੇਰੇ ਵਿਆਹ ਦਾ ਕਾਰਡ’ ਸਮੇਤ ਹੋਰ ਕਈ ਗਾਣੇ ਸ਼ਾਮਿਲ ਹਨ ।ਰਣਜੀਤ ਮਣੀ ਦੀਆਂ ਸੋਲੋ ਦੇ ਨਾਲ-ਨਾਲ ਚਾਰ-ਪੰਜ ਡਿਊਟ ਕੈਸੇਟਾਂ ਵੀ ਮਾਰਕੀਟ ਵਿਚ ਆਈਆਂ ਜਿਨ੍ਹਾਂ ਵਿਚ ਉਸਦਾ ਸਾਥ ਪ੍ਰਵੀਨ ਭਾਰਟਾ, ਸੁਦੇਸ਼ ਕੁਮਾਰੀ ਤੇ ਮਿਸ ਪੂਜਾ ਨੇ ਦਿੱਤਾ।

Related Post