ਅੱਜ ਹੈ ਬਾਲੀਵੁੱਡ ਅਦਾਕਾਰਾ ਰੇਖਾ ਦਾ ਜਨਮ ਦਿਨ, ਪਹਿਲੀ ਫ਼ਿਲਮ ’ਚ ਹੀ ਹੋਈ ਸੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ, ਇਸ ਅਦਾਕਾਰ ਨੇ ਕੀਤਾ ਸੀ ਧੱਕਾ

By  Rupinder Kaler October 10th 2019 11:50 AM

ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 10 ਅਕਤੂਬਰ 1954 ਵਿੱਚ ਚੇਨਈ ਵਿੱਚ ਹੋਇਆ ਸੀ । ਰੇਖਾ ਸਾਊਥ ਦੇ ਮਸ਼ਹੂਰ ਅਦਾਕਾਰ ਜੈਮਿਨੀ ਗਣੇਸ਼ਨ ਦੀ ਬੇਟੀ ਹੈ । ਰੇਖਾ ਦੀ ਮਾਂ ਪੁੱਸ਼ਪਾ ਵੱਲੀ ਵੀ ਇੱਕ ਅਦਾਕਾਰਾ ਸੀ । ਬਚਪਨ ਤੋਂ ਹੀ ਰੇਖਾ ਨੂੰ ਫ਼ਿਲਮੀ ਮਹੋਲ ਮਿਲਿਆ ਸੀ । ਰੇਖਾ ਦਾ ਫ਼ਿਲਮੀ ਸਫ਼ਰ 1966 ਵਿੱਚ ਸ਼ੁਰੂ ਹੋ ਗਿਆ ਸੀ ।

ਉਹਨਾਂ ਨੇ ਆਪਣੇ ਕਰੀਅਰ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ । ਉਹਨਾਂ ਨੇ ਆਪਣੀ ਅਸਲ ਜ਼ਿੰਦਗੀ ਵਿੱਚ ਕਈ ਹਾਦਸੇ ਦੇਖੇ ਹਨ । ਰੇਖਾ ਨੇ 50 ਸਾਲ ਦੇ ਕਰੀਅਰ ਵਿੱਚ 180 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ । ਜਿਨ੍ਹਾਂ ਵਿੱਚ ਬੀ ਗਰੇਡ ਦੀਆਂ ਫ਼ਿਲਮਾਂ ਵੀ ਸ਼ਾਮਿਲ ਹਨ । ਰੇਖਾ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਵਨ ਭਾਦੋ ਤੋਂ ਕੀਤੀ ਸੀ ।

 

ਘਰ ਦੀ ਹਾਲਤ ਠੀਕ ਨਾ ਹੋਣ ਕਰਕੇ ਉਹਨਾਂ ਨੇ ਘੱਟ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਸ਼ੁਰੂਆਤੀ ਦਿਨਾਂ ਵਿੱਚ ਰੇਖਾ ਨੇ ਤਾਮਿਲ ਦੀਆਂ ਕੁਝ ਬੀ ਗਰੇਡ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਬਾਲੀਵੁੱਡ ਵਿੱਚ ਰੇਖਾ ਨੇ ਕਾਮਸੂਤਰ ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ । ਇਹ ਉਹ ਸਮਾਂ ਸੀ ਜਦੋਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਨੂੰ ਬਹੁਤ ਹੀ ਬੋਲਡ ਮੰਨਿਆ ਜਾਂਦਾ ਸੀ ।

ਪਰ ਰੇਖਾ ਨੇ ਇਹ ਸਾਫ ਕਰ ਦਿੱਤਾ ਕਿ ਉਹ ਹਰ ਤਰ੍ਹਾਂ ਦਾ ਕਿਰਦਾਰ ਕਰ ਸਕਦੀ ਹੈ । ਇਸ ਫ਼ਿਲਮੀ ਸਫ਼ਰ ਦੌਰਾਨ ਰੇਖਾ ਨੂੰ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਰੀਰਕ ਸ਼ੋਸ਼ਣ ਦਾ ਵੀ ਸਾਹਮਣਾ ਕਰਨਾ ਪਿਆ ।

ਫ਼ਿਲਮ ਅੰਜਾਣਾ ਸਫ਼ਰ ਦੀ ਸ਼ੂਟਿੰਗ ਦੌਰਾਨ ਇੱਕ ਰੋਮਾਂਟਿਕ ਗਾਣੇ ਦੀ ਸ਼ੂਟਿੰਗ ਕੀਤੀ ਜਾਣੀ ਸੀ । ਜਿਵੇਂ ਹੀ ਡਾਇਰੈਕਟਰ ਨੇ ਐਕਸ਼ਨ ਕਿਹਾ ਤਾਂ ਲੀਡ ਅਦਾਕਾਰ ਬਿਸਵਜੀਤ ਨੇ ਰੇਖਾ ਨੂੰ ਕਿੱਸ ਕਰਨਾ ਸ਼ੁਰੂ ਕਰ ਦਿੱਤਾ, ਇਹ ਸਿਲਸਿਲਾ ਕਈ ਮਿੰਟ ਚਲਦਾ ਰਿਹਾ । ਇਹ ਘਟਨਾ ਕਈ ਅਖ਼ਬਾਰਾਂ ਦੀਆਂ ਸੁਰਖੀਆਂ ਬਣੀ ।

Related Post