ਆਪਣੇ ਖ਼ਾਸ ਦੋਸਤ ਨੂੰ ਇਹ ਗੱਲ ਦੱਸਦੇ ਹੋਏ ਉੱਚੀ-ਉੱਚੀ ਰੋਣ ਲੱਗ ਗਏ ਸਨ ਰਿਸ਼ੀ ਕਪੂਰ …! ਮੌਤ ਤੋਂ ਬਾਅਦ ਦੋਸਤ ਨੇ ਕੀਤਾ ਖੁਲਾਸਾ

By  Rupinder Kaler May 7th 2020 11:14 AM

47 ਸਾਲਾਂ ਤੱਕ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਰਿਸ਼ੀ ਕਪੂਰ ਹੁਣ ਸਾਡੇ ਵਿੱਚ ਨਹੀਂ ਰਹੇ । ਪਰ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਹੁਣ ਸਾਹਮਣੇ ਆ ਰਹੇ ਹਨ । ਇਸ ਤਰ੍ਹਾਂ ਦਾ ਹੀ ਇੱਕ ਕਿੱਸਾ ਉਹਨਾਂ ਦੇ ਕਰੀਬੀ ਦੋਸਤ ਨੇ ਦੱਸਿਆ ਹੈ । ਉਨ੍ਹਾਂ ਦੇ ਦੋਸਤ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਆਪਣੇ ਕੈਂਸਰ ਦੀ ਖ਼ਬਰ ਦਿੰਦੇ ਹੋਏ ਰਿਸ਼ੀ ਕਪੂਰ ਰੋ ਪਏ ਸਨ ।

ਰਿਸ਼ੀ ਕਪੂਰ ਦੇ ਕਰੀਬੀ ਦੋਸਤ ਰਾਜ ਬਾਂਸਲ ਨੇ ਦੱਸਿਆ ਕਿ ਰਿਸ਼ੀ ਕਪੂਰ ਨੇ ਉਹਨਾਂ ਨੂੰ ਫੋਨ ਕੀਤਾ ਸੀ ਤੇ ਫੋਨ ‘ਤੇ ਹੀ ਉਹ ਰੋਣ ਲੱਗ ਗਏ ਸਨ । ਰਾਜ ਬਾਂਸਲ ਨੇ ਦੱਸਿਆ ਕਿ ਸਾਲ 2018 ਵਿੱਚ ਜਦੋਂ ਰਿਸ਼ੀ ਨੂੰ ਉਹਨਾਂ ਦੀ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਦਾ ਇਲਾਜ਼ ਨਿਊਯਾਰਕ ਤੋਂ ਕਰਵਾਉਣ ਦਾ ਮਨ ਬਣਾਇਆ । ਰਾਜ ਨੇ ਦੱਸਿਆ ਕਿ ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਰਿਸ਼ੀ ਨੇ ਉਹਨਾਂ ਨੂੰ ਫੋਨ ਕੀਤਾ ਸੀ ।

ਰਾਜ ਬਾਂਸਲ ਮੁਤਾਬਿਕ ਰਿਸ਼ੀ ਨੇ ਕਿਹਾ ‘ਠਾਕੁਰ ਤੈਨੂੰ ਕੁਝ ਦੱਸਣਾ ਹੈ ਯਾਰ…! ਇਹ ਕਹਿ ਕੇ ਰਿਸ਼ੀ ਰੋਣ ਲੱਗ ਗਏ ਤੇ ਫੋਨ ਕੱਟ ਦਿੱਤਾ’ । ਰਾਜ ਨੇ ਕੁਝ ਚਿਰ ਬਾਅਦ ਰਿਸ਼ੀ ਨੂੰ ਬੈਕ ਕਾਲ ਕੀਤੀ ਤਾਂ ਰਿਸ਼ੀ ਨੇ ਉਦਾਸ ਸੁਰ ਵਿੱਚ ਦੱਸਿਆ ‘ਠਾਕੁਰ ਚੰਗੀ ਖ਼ਬਰ ਨਹੀਂ ਯਾਰ, ਮੈਨੂੰ ਕੈਂਸਰ ਹੋ ਗਿਆ ਹੈ ।

ਸ਼ਾਮ ਨੂੰ ਇਲਾਜ਼ ਲਈ ਨਿਊਯਾਰਕ ਜਾ ਰਿਹਾ ਹਾਂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਸ਼ੀ ਤੇ ਰਾਜ ਦੀ ਦੋਸਤੀ 30 ਸਾਲ ਪੁਰਾਣੀ ਹੈ । ਚਾਂਦਨੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋਹਾਂ ਦੀ ਦੋਸਤੀ ਹੋਈ ਸੀ ਇਸ ਤੋਂ ਬਾਅਦ ਇਹ ਦੋਸਤੀ ਰਿਸ਼ੀ ਦੀ ਮੌਤ ਤੱਕ ਬਰਕਰਾਰ ਰਹੀ ।

Related Post