ਸਦਾਸ਼ਿਵ ਅਮਰਾਪੁਰਕਰ ਸੀ ਬਾਲੀਵੁੱਡ ਦਾ ਉਹ ਵਿਲਨ ਜਿਸ ਅੱਗੇ ਹੀਰੋ ਵੀ ਪੈ ਜਾਂਦੇ ਸੀ ਫਿੱਕੇ, ਜਾਣੋ ਕਿਵੇਂ ਹੋਈ ਸੀ ਮੌਤ
ਬਾਲੀਵੁੱਡ 'ਚ ਅਕਸਰ ਹੀਰੋ ਦੇ ਕਿਰਦਾਰ ਦਾ ਦਬਦਬਾ ਰਿਹਾ ਹੈ ਪਰ ਇੱਕ ਚੰਗਾ ਹੀਰੋ ਉਦੋਂ ਤੱਕ ਅੱਗੇ ਉਭਰਕੇ ਨਹੀਂ ਆਉਂਦਾ ਜਿੰਨ੍ਹਾਂ ਚਿਰ ਉਸ ਅੱਗੇ ਕੋਈ ਚੰਗਾ ਵਿਲਨ ਨਾ ਹੋਵੇ। ਅਜਿਹਾ ਹੀ ਵਿਲਨ ਸੀ ਅਦਾਕਾਰ ਸਦਾਸ਼ਿਵ ਅਮਰਾਪੁਰਕਰ ਜਿਸ ਦੇ ਪਰਦੇ 'ਤੇ ਆਉਣ ਨਾਲ ਵੱਡੇ ਵੱਡੇ ਨਾਇਕਾਂ ਦੀ ਚਮਕ ਫਿੱਕੀ ਪੈ ਜਾਂਦੀ ਸੀ। ਬਹੁਤ ਸਾਰੇ ਅਜਿਹੇ ਵਿਲਨ ਹੋਏ ਹਨ ਜਿੰਨ੍ਹਾਂ ਨੂੰ ਹੀਰੋ ਨਾਲੋਂ ਵੱਧ ਦਰਸ਼ਕ ਪਰਦੇ 'ਤੇ ਦੇਖਣਾ ਪਸੰਦ ਕਰਦੇ ਹਨ। ਸਦਾਸ਼ਿਵ ਉਹਨਾਂ 'ਚੋਂ ਹੀ ਇੱਕ ਸੀ।

ਸਦਾਸ਼ਿਵ ਦੀ ਪਹਿਚਾਣ 'ਸੜ੍ਹਕ' ਫ਼ਿਲਮ 'ਚ ਨਿਭਾਏ ਕਿਰਦਾਰ ਨਾਲ ਵਧੇਰੇ ਹੋਈ ਸੀ। ਇਸ ਫ਼ਿਲਮ 'ਚ ਉਹਨਾਂ ਕਿੰਨਰ ਦਾ ਕਿਰਦਾਰ ਨਿਭਾਇਆ ਜਿਹੜਾ ਦਰਸ਼ਕਾਂ ਦੇ ਦਿਲਾਂ 'ਤੇ ਛਾਪ ਛੱਡ ਗਿਆ ਸੀ। ਸਦਾਸ਼ਿਵ ਨੇ ਲਗਭੱਗ ਬਾਲੀਵੁੱਡ ਦੇ ਸਾਰੇ ਸੁਪਰਸਟਾਰਾਂ ਨਾਲ ਕੰਮ ਕੀਤਾ ਹੈ ਜਿੰਨ੍ਹਾਂ 'ਚ ਧਰਮਿੰਦਰ ਤੋਂ ਲੈ ਕੇ ਅਮਿਤਾਬ ਬੱਚਨ ਅਤੇ ਸਲਮਾਨ ਖ਼ਾਨ, ਆਮਿਰ ਖ਼ਾਨ, ਸੰਜੇ ਦੱਤ ਵਰਗੇ ਨਾਮ ਸ਼ਾਮਿਲ ਹਨ।

ਸਦਾਸ਼ਿਵ ਨੂੰ ਪਹਿਲਾ ਬ੍ਰੇਕ ਫ਼ਿਲਮਕਾਰ ਗੋਵਿੰਦ ਨਿਹਲਾਨੀ ਨੇ ਫ਼ਿਲਮ 'ਅਰਧ ਸੱਤਿਆ' ਰਾਹੀਂ ਦਿੱਤਾ ਸੀ। ਫ਼ਿਲਮ 'ਚ ਰੋਲ ਭਾਵੇਂ ਛੋਟਾ ਸੀ ਪਰ ਉਸ ਦੀ ਕਾਫੀ ਤਰੀਫ਼ ਹੋਈ। ਇਸ ਫ਼ਿਲਮ ਲਈ ਉਹਨਾਂ ਨੂੰ ਫ਼ਿਲਮ ਫੇਅਰ ਅਵਾਰਡ ਨਾਲ ਵੀ ਨਵਾਜਿਆ ਗਿਆ ਸੀ। ਸਦਾਸ਼ਿਵ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ 300 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ ਜਿੰਨ੍ਹਾਂ 'ਚ ਹਿੰਦੀ, ਮਰਾਠੀ, ਉੜੀਆ, ਅਤੇ ਹਰਿਆਣਵੀ ਫ਼ਿਲਮਾਂ ਸ਼ਾਮਿਲ ਹਨ।

ਹੋਰ ਵੇਖੋ :ਭੂਤੀਆ ਅੰਦਾਜ਼ 'ਚ ਮਾਸੂਮੀਅਤ ਨਾਲ ਕਾਮੇਡੀ ਦਾ ਤੜਕਾ ਲਗਾਵੇਗੀ ਅਲੱਗ ਜੌਨਰ ਦੀ ਫਿਲਮ ''ਝੱਲੇ", ਦੇਖੋ ਵੀਡੀਓ

ਧਰਮਿੰਦਰ ਦਿਓਲ ਉਹਨਾਂ ਨੂੰ ਆਪਣੇ ਲਈ ਕਾਫੀ ਲੱਕੀ ਸਮਝਦੇ ਸਨ। ਹਾਲਾਂਕਿ ਜਦੋਂ ਸਦਾਸ਼ਿਵ ਫ਼ਿਲਮਾਂ 'ਚ ਆਏ ਤਾਂ ਧਰਮਿੰਦਰ ਪੂਰੀ ਪੀਕ 'ਤੇ ਸਨ ਪਰ ਉਹਨਾਂ ਨੂੰ ਸਦਾਸ਼ਿਵ ਦਾ ਅੰਦਾਜ਼ ਬਹੁਤ ਭਾਇਆ। ਇਹ ਹੀ ਕਾਰਨ ਹੈ ਕਿ ਸਦਾਸ਼ਿਵ ਅਮਰਾਪੁਰਕਰ ਉਹਨਾਂ ਦੇ ਨਾਲ 1-2 ਨਹੀਂ ਸਗੋਂ ਗਿਆਰਾਂ ਫ਼ਿਲਮਾਂ 'ਚ ਨਜ਼ਰ ਆਏ।

ਸਦਾਸ਼ਿਵ ਅਮਰਾਪੁਰਕਰ ਦੀ ਮੌਤ ਸਾਲ 2014 'ਚ ਫੇਫੜਿਆਂ 'ਚ ਇਨਫੈਕਸ਼ਨ ਦੇ ਕਾਰਨ ਹੋਈ ਸੀ। ਉਹ ਖੁਦ ਤਾਂ ਇਸ ਦੁਨੀਆ ਤੋਂ ਚਲੇ ਗਏ ਪਰ ਫ਼ਿਲਮਾਂ 'ਚ ਨਿਭਾਏ ਕਿਰਦਾਰਾਂ 'ਚ ਉਹ ਹਮੇਸ਼ਾ ਦਰਸ਼ਕਾਂ ਦੇ ਦਿਲਾਂ 'ਚ ਜਿਉਂਦੇ ਰਹਿਣਗੇ।