ਸਤਿੰਦਰ ਸਰਤਾਜ ਨੇ ਦੱਸਿਆ 'ਪਿਆਰ ਦੇ ਮਰੀਜ਼' ਗੀਤ ਨੂੰ ਕਿਉਂ ਝਨਾਬ ਦਰਿਆ ਦੇ ਕੀਤਾ ਨਾਮ
ਪੰਜਾਬੀ ਸੰਗੀਤ ਦੇ ਸਰਤਾਜ ਸਤਿੰਦਰ ਸਰਤਾਜ ਜਿੰਨ੍ਹਾਂ ਦੀ ਨਵੀਂ ਐਲਬਮ 'ਸੈਵਨ ਰਿਵਰਸ ਦਰਿਆਈ ਤਰਜ਼ਾਂ' ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਹਾਲ ਹੀ 'ਚ ਰਿਲੀਜ਼ ਹੋਇਆ ਸਰਤਾਜ ਦਾ ਗੀਤ ਪਿਆਰ ਦੇ ਮਰੀਜ਼ ਝਨਾਬ ਦਰਿਆ ਨੂੰ ਡੇਡੀਕੇਟ ਕੀਤਾ ਗਿਆ ਹੈ। ਹੁਣ ਸਤਿੰਦਰ ਸਰਤਾਜ ਨੇ ਇਸ ਗੀਤ ਦੇ ਪਿੱਛੇ ਦੀ ਕਹਾਣੀ ਵੀ ਸ਼ੋਸ਼ਲ ਮੀਡੀਆ 'ਤੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ।
ਉਹਨਾਂ ਲਿਖਿਆ ਹੈ 'ਮੈਂ ਇਹ ਗੀਤ ਸਟੇਜ 'ਤੇ ਬਹੁਤ ਵਾਰ ਗਾਇਆ, ਇਹ ਗੀਤ 15 ਸਤੰਬਰ, 2010 'ਚ ਸ਼ਾਮ 6:30 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਲਾਇਬ੍ਰੇਰੀ 'ਚ ਲਿਖਿਆ ਸੀ। ਸੈਵਨ ਰਿਵਰਸ ਐਲਬਮ ਦੀ ਸਿਲੈਕਸ਼ਨ ਵੇਲੇ ਇਹ ਗੀਤ ਮੈਨੂੰ ਝਨਾਬ ਦਰਿਆ ਲਈ ਬਿਲਕੁਲ ਢੁਕਵਾਂ ਲੱਗਿਆ ਕਿਉਂਕਿ ਇਹ ਦਰਿਆ ਪਿਆਰ ਕਰਨ ਵਾਲਿਆਂ ਲਈ ਜਾਣਿਆ ਜਾਂਦਾ ਹੈ ਅਤੇ ਇਸ ਨਾਲ ਪੰਜਾਬ ਦੀ ਲੋਕ ਗਾਥਾ ਸੋਹਣੀ ਮਹੀਵਾਲ ਵੀ ਜੁੜੀ ਹੋਈ ਹੈ'।
View this post on Instagram
ਅੱਗੇ ਸਤਿੰਦਰ ਸਰਤਾਜ ਨੇ ਗਾਣੇ ਦੀਆਂ ਸੱਤਰਾਂ ਸਾਂਝੀਆਂ ਕੀਤੀਆਂ ਹਨ, ਗ਼ੌਰ ਨਾਲ਼ ਦੀਵਾਨਿਆਂ ਦੀ ਜ਼ਿੰਦਗੀ ‘ਚ ਝਾਤ ਮਾਰੀਂ ; ਨੀਝ ਨਾਲ਼ ਦੇਖੀਂ ਹਰ ਚੀਜ਼ ਨੂੰ..‘ਦਰਿਆਈ ਤਰਜ਼ਾਂ’ ਦਾ ‘ਪਿਆਰ ਦੇ ਮਰੀਜ਼’ ‘ਚੇਨਾਬ’ ਨੂੰ ਨਜ਼ਰਾਨਾ।
ਦੱਸ ਦਈਏ ਸਤਿੰਦਰ ਸਰਤਾਜ ਦੀ ਨਵੀਂ ਐਲਬਮ ਸੈਵਨ ਰਿਵਰ 'ਚ 7 ਗਾਣੇ ਹੋਣ ਵਾਲੇ ਹਨ ਅਤੇ ਇਹ ਸੱਤੇ ਗੀਤ ਸੱਤ ਦਰਿਆਵਾਂ ਨੂੰ ਡੇਡੀਕੇਟ ਕੀਤੇ ਗਏ ਹਨ। ਇਹਨਾਂ ਵਿੱਚੋਂ ਦੋ ਗੀਤ ਦਰਸ਼ਕਾਂ ਦੇ ਰੁ-ਬ-ਰੁ ਕਰ ਦਿੱਤੇ ਗਏ ਹਨ ਜਿੰਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।