ਸਿੱਖ ਐਜੂਕੇਸ਼ਨਲ ਸੋਸਾਇਟੀ ਨੇ ਗੁਰਭਜਨ ਗਿੱਲ ਨੂੰ ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਪੁਰਸਕਾਰ’ ਦੇਣ ਦਾ ਕੀਤਾ ਐਲਾਨ

By  Rupinder Kaler November 13th 2021 05:06 PM -- Updated: November 13th 2021 05:18 PM

ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀ ਸੰਸਥਾ ਸਿੱਖ ਐਜੂਕੇਸ਼ਨਲ ਸੋਸਾਇਟੀ (ਰਜਿਃ) ਚੰਡੀਗੜ੍ਹ ( Sikh Educational Society) ਨੇ ਨਾਮਵਰ ਸਾਹਿਤਕਾਰ ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ (Prof. Gurbhajan Singh Gill) ਨੂੰ ਸਾਲ 2021 ਦਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ (Jathedar Gurcharan Singh Tohra Memorial Award) ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਭ ਦੀ ਜਾਵਕਾਰੀ ਸੰਸਥਾ ਦੇ ਸਕੱਤਰ ਕਰਨਲ (ਰਿਟਾਃ) ਜਸਮੇਰ ਸਿੰਘ ਬਾਲਾ ਨੇ ਲਿਖਤੀ ਪੱਤਰ ਜਾਰੀ ਕਰਦੇ ਹੋਏ ਦਿੱਤੀ ਹੈ । ਇਸ ਪੱਤਰ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਪੁਰਸਕਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਬਕਾ ਪ੍ਰਧਾਨ ਜੀ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਹੈ ਅਤੇ ਹਰ ਸਾਲ ਦੋ ਅਜਿਹੀਆਂ ਸ਼ਖਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿੰਨ੍ਹਾਂ ਨੇ ਸਿੱਖ ਧਰਮ, ਸਮਾਜ, ਪੰਜਾਬੀਅਤ ਜਾਂ ਕਿਸੇ ਹੋਰ ਖੇਤਰ ਵਿੱਚ ਉੱਘਾ ਯੋਗਦਾਨ ਪਾਇਆ ਹੋਵੇ ।

ਹੋਰ ਪੜ੍ਹੋ :

ਹੇਮਾ ਮਾਲਿਨੀ ਡਾਂਡੀਆ ਕਰਦੀ ਹੋਈ ਆਈ ਨਜ਼ਰ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

ਕਰਨਲ ਬਾਲਾ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ ਪ੍ਰਮਾਣ ਪੱਤਰ, ਦੋਸ਼ਾਲਾ ਅਤੇ ਇੱਕ ਲੱਖ ਰੁਪਏ ਦੀ ਧਨ ਰਾਸ਼ੀ ਨਕਦ ਦਿੱਤੀ ਜਾਵੇਗੀ। ਇਹ ਫ਼ੈਸਲਾ ਸਿਖ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਸਃ ਗੁਰਦੇਵ ਸਿੰਘ ਆਈ ਏ ਐੱਸ (ਰਿਟ) ਦੀ ਪ੍ਰਧਾਨਗੀ ਹੇਠ ਗੁਰਭਜਨ ਗਿੱਲ ਦੀਆਂ ਪੰਜਾਬੀ ਸਾਹਿੱਤ ਤੇ ਸੱਭਿਆਚਾਰ ਪ੍ਰਤੀ ਨਿੱਗਰ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਕੀਤਾ ਗਿਆ ਹੈ। ਇਹ ਸਮਾਗਮ 27 ਨਵੰਬਰ ਸ਼ਨਿੱਚਰਵਾਰ ਸਵੇਰੇ ਦਸ ਵਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਿਜ ਸੈਕਟਰ 26 , ਚੰਡੀਗੜ੍ਹ ਵਿਖੇ ਸਰਦਾਰ ਹਰੀ ਸਿੰਘ ਨਲਵਾ ਹਾਲ ਵਿੱਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰੋਃ ਗੁਰਭਜਨ ਸਿੰਘ ਗਿੱਲ ਸਮਰੱਥ ਤੇ ਲਗਾਤਾਰ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਵਿਗਿਆਨ ਸਾਹਿੱਤ ਸੰਪਾਦਕ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਹੀ ਸਰਗਰਮ ਸਭਿਆਚਾਰਕ ਸਖਸ਼ੀਅਤ ਹੈ।

ਉਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 2010 ਤੋਂ 2014 ਤੀਕ ਪ੍ਰਧਾਨ ਰਹੇ। ਪ੍ਰੋ: ਮੋਹਨ ਸਿੰਘ ਫਾਉਂਡੇਸ਼ਨ ਦੇ 1978 ਤੋਂ ਕਾਰਜਸ਼ੀਲ ਅਹੁਦੇਦਾਰ ਰਹਿਣ ਤੋਂ ਇਲਾਵਾ ਕਿਲ੍ਹਾ ਰਾਏਪੁਰ, ਗੁੱਜਰਵਾਲ (ਲੁਧਿਆਣਾ) ਤੇ ਕੋਟਲਾ ਸ਼ਾਹੀਆ (ਗੁਰਦਾਸਪੁਰ) ਵਿੱਚ ਹੁੰਦੀਆਂ ਕਮਲਜੀਤ ਖੇਡਾਂ ਦੇ ਪ੍ਰਬੰਧ ਚ ਵੱਖ ਵੱਖ ਸਮੇਂ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਪ੍ਰੋਃ ਗਿੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 30 ਅਪ੍ਰੈਲ1983 ਤੋਂ 31 ਮਈ 2013 ਤੀਕ ਸੀਨੀਅਰ ਸੰਪਾਦਕ ਰਹੇ ਅਤੇ ਇਸ ਤੋਂ ਪਹਿਲਾਂ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਤੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ(ਲੁਧਿਆਣਾ) ਵਿੱਚ 6 ਸਾਲ ਤੋਂ ਵੱਧ ਸਮਾਂ ਪੜ੍ਹਾਇਆ।

ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋ ਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿੱਚ ਵੀ ਕੁਝ ਸਮਾਂ ਡਾਇਰੈਕਟਰ (ਯੋਜਨਾ ਤੇ ਵਿਕਾਸ) ਰਹੇ। ਵਰਤਮਾਨ ਸਮੇਂ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ -ਰਾਏਕੋਟ (ਲੁਧਿਆਣਾ) ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ( ਗੁਰਦਾਸਪੁਰ) ,ਉਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਵੀ ਚੇਅਰਮੈਨ ਹਨ।

Related Post