ਕਪਿਲ ਸ਼ਰਮਾ ਦੀ ਇਸ ਗੱਲ ਨੇ ਰਾਈਟਰ ਤੇ ਅਦਾਕਾਰ ਧੀਰਜ ਕੁਮਾਰ ਦੀ ਬਦਲੀ ਜ਼ਿੰਦਗੀ

By  Rupinder Kaler September 4th 2019 01:03 PM

ਧੀਰਜ ਕੁਮਾਰ ਤੇ ਕਰਨ ਸੰਧੂ ਦੀ ਲਿਖੀ ਹੋਈ ਫ਼ਿਲਮ ‘ਜੱਦੀ ਸਰਦਾਰ’ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਵਿੱਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਸਾਵਨ ਰੂਪੋਵਾਲੀ, ਗੱਗੂ ਗਿੱਲ, ਹੌਬੀ ਧਾਲੀਵਾਲ, ਅਨੀਤਾ ਦੇਵਗਨ, ਸਤਵੰਤ ਕੌਰ, ਯਾਦ ਗਰੇਵਾਲ, ਸੰਸਾਰ ਸੰਧੂ ਤੇ ਅਮਨ ਕੌਤਿਸ਼ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ। ਇਸ ਫ਼ਿਲਮ ਨੂੰ ਲੈ ਕੇ ਲੇਖਕਾਂ ਦੀ ਇਹ ਜੋੜੀ ਕਾਫੀ ਉਤਸ਼ਾਹਿਤ ਹੈ ਕਿਉਂਕਿ ਇਸ ਫ਼ਿਲਮ ਦੀ ਕਹਾਣੀ ਲੀਹ ਤੋਂ ਹੱਟ ਕੇ ਹੈ ।

ਇਸ ਲਈ ਧੀਰਜ ਕੁਮਾਰ ਨੂੰ ਆਸ ਹੈ ਕਿ ਇਹ ਫ਼ਿਲਮ ਬਾਕਸ ਆਫ਼ਿਸ ਤੇ ਹਿੱਟ ਹੋਵੇਗੀ ਕਿਉਂਕਿ ਫ਼ਿਲਮ ਦੀ ਕਹਾਣੀ ਲੋਕਾਂ ਦੇ ਨਿੱਜੀ ਜੀਵਨ ਨਾਲ ਹੀ ਜੁੜੀ ਹੈ । ਇਸ ਕਹਾਣੀ ਨੂੰ ਹਰ ਇੱਕ ਨੇ ਹੰਡਾਇਆ ਹੈ । ਜੇਕਰ ਦੇਖਿਆ ਜਾਵੇ ਤਾਂ ਧੀਰਜ ਕੁਮਾਰ ਦੀ ਆਪਣੀ ਜ਼ਿੰਦਗੀ ਵੀ ਕਿਸੇ ਫ਼ਿਲਮੀ ਕਹਾਣੀ ਵਾਂਗ ਹੈ । ਤਰਨ ਤਾਰਨ ਦੇ ਪਿੰਡ ਵੈਰੋਵਾਲ ਨਾਲ ਸਬੰਧਿਤ ਇਸ ਨੌਜਵਾਨ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਲੰਮਾ ਸੰਘਰਸ਼ ਕਰਨਾ ਪਿਆ ਹੈ ।

ਧੀਰਜ ਕੁਮਾਰ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਾਮੇਡੀਅਨ ਵਜੋਂ ਕੀਤੀ ਸੀ। ਪੀਟੀਸੀ ਪੰਜਾਬੀ ਦੇ ਕਾਮੇਡੀ ਸ਼ੋਅ ਵਿੱਚ ਉਸ ਦੀ ਕਮੇਡੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਇਸ ਲਈ ਉਹ ਉਹਨਾਂ 5 ਪ੍ਰਤੀਭਾਗੀਆਂ ਵਿੱਚ ਸ਼ਾਮਿਲ ਹੋ ਗਿਆ ਸੀ ਜਿਹੜੇ ਜਿੱਤ ਦੇ ਬੇਹਦ ਕਰੀਬ ਸਨ । ਇਸ ਸ਼ੋਅ ਵਿੱਚ ਉਸ ਨੂੰ ਜਿੱਤ ਤਾਂ ਹਾਸਲ ਨਹੀਂ ਹੋਈ ਸੀ, ਪਰ ਇੱਕ ਕਮੇਡੀਅਨ ਦੇ ਤੌਰ ਤੇ ਉਸ ਦੀ ਪਹਿਚਾਣ ਬਣ ਗਈ ਸੀ ।

ਇਸ ਸ਼ੋਅ ਤੋਂ ਬਾਅਦ ਧੀਰਜ ਨੇ ਕਈ ਲਾਈਵ ਸ਼ੋਅ ਤੇ ਕਈ ਟੀਵੀ ਚੈਨਲਾਂ ਵਿੱਚ ਵੀ ਕੰਮ ਕੀਤਾ ।ਪਰ ਇਸ ਸਭ ਦੇ ਚਲਦੇ ਉਸ ਨੇ ਕਪਿਲ ਸ਼ਰਮਾ ਦੀ ਸਲਾਹ ਮੰਨੀ ਤੇ ਉਸ ਨੇ ਪੰਜਾਬੀ ਸਿਨੇਮਾ ਵੱਲ ਰੁਖ ਕੀਤਾ ।ਇਸ ਖੇਤਰ ਵਿੱਚ ਆਉਂਦੇ ਹੀ ਧੀਰਜ ਦੀ ਮੁਲਾਕਾਤ ਕਰਣ ਸੰਧੂ ਨਾਲ ਹੋਈ ਤੇ ਇਸ ਜੋੜੀ ਨੇ ਡਾਇਰੈਕਟ ਰਣਜੀਤ ਬੱਲ ਦੀ ਫ਼ਿਲਮ ‘ਗ੍ਰੇਟ ਸਰਦਾਰ’ ਬਣਾਈ । ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਠੱਗ ਲਾਈਫ, ਖਿੱਦੋ ਖੂੰਡੀ, ਭਲਵਾਨ ਸਿੰਘ, ਆਲ੍ਹਣਾ ਵਰਗੀਆਂ ਕਈ ਫਿਲਮਾਂ ਲਿਖੀਆਂ, ਇਹਨਾਂ ਫ਼ਿਲਮਾਂ ਕਰਕੇ ਧੀਰਜ ਦੀ ਗਿਣਤੀ ਵੱਡੇ ਫ਼ਿਲਮ ਰਾਈਟਰਾਂ ਵਿੱਚ ਹੋਣ ਲੱਗੀ । ਕੁਝ ਫ਼ਿਲਮਾਂ ਵਿੱਚ ਧੀਰਜ ਨੇ ਆਪਣੀ ਅਦਾਕਾਰੀ ਦਾ ਜੋਹਰ ਵੀ ਦਿਖਾਇਆ । ਧੀਰਜ ਨੂੰ ਆਸ ਹੈ ਕਿ ਜਿਸ ਤਰ੍ਹਾਂ ਉਸ ਦੀਆਂ ਫ਼ਿਲਮਾਂ ਨੂੰ ਦਰਸ਼ਕ ਪਸੰਦ ਕਰਦੇ ਆ ਰਹੇ ਹਨ, ਉਸੇ ਤਰ੍ਹਾਂ ਉਹਨਾਂ ਦਾ ਪਿਆਰ ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ਤੇ ਵੀ ਬਣਿਆ ਰਹੇਗਾ ।

Related Post