ਵੀਡੀਓ ਨਿਰਦੇਸ਼ਨ ਦੇ ਨਾਲ-ਨਾਲ ਆਪਣੇ ਪਿਤਾ ਪਰਗਟ ਸਿੰਘ ਵਾਂਗ ਚੰਗਾ ਲੇਖਕ ਵੀ ਹੈ ਸਟਾਲਿਨਵੀਰ ਸਿੱਧੂ

By  Rupinder Kaler November 21st 2019 01:38 PM

ਪੰਜਾਬੀ ਇੰਡਸਟਰੀ ਵਿੱਚ ਸਟਾਲਿਨਵੀਰ ਸਿੱਧੂ ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਉਸ ਦੀਆਂ ਫ਼ਿਲਮਾਈਆਂ ਗਈਆਂ ਵੀਡੀਓ ਅਕਸਰ ਟੀਵੀ ਚੈਨਲਾਂ ਤੇ ਚਲਦੀਆ ਦਿਖਾਈ ਦੇ ਜਾਂਦੀਆਂ ਹਨ । ਵੀਡੀਓ ਨਿਰਦੇਸ਼ਨ ਦੇ ਖੇਤਰ ਵਿੱਚ ਉਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਚੰਗਾ ਨਾਂਅ ਬਣਾਇਆ ਹੈ । ਉਹਨਾਂ ਦੇ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਲਿੱਧੜਾਂ ਦਾ ਇਹ ਗੱਭਰੂ ਗੀਤਕਾਰ ਪ੍ਰਗਟ ਸਿੰਘ ਲਿੱਧੜਾਂ ਦਾ ਸਪੁੱਤਰ ਹੈ।

ਸਟਾਲਿਨਵੀਰ ਨੇ ਮੁਢਲੀ ਪੜ੍ਹਾਈ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਤੋਂ ਕੀਤੀ ਹੈ ਜਦੋਂ ਕਿ ਉੱਚ ਪੜ੍ਹਾਈ ਖ਼ਾਲਸਾ ਕਾਲਜ ਪਟਿਆਲਾ ਤੋ ਹਾਸਲ ਕੀਤੀ ਹੈ । ਸਟਾਲਿਨਵੀਰ ਇੱਕ ਚੰਗਾ ਨਿਰਦੇਸ਼ਕ ਹੋਣ ਦੇ ਨਾਲ ਨਾਲ ਵਧੀਆ ਲੇਖਕ ਵੀ ਹੈ, ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਕਾਵਿ ਸੰਗ੍ਰਹਿ ‘ਬੱਦਲਾਂ ਉਹਲੇ ਮੱਘਦਾ ਸੂਰਜ’ ਦਿੱਤਾ ਹੈ ।

ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ ਸਟਾਲਿਨਵੀਰ ਨੇ ‘ਫ਼ਿਲਮ ਅਕੈਡਮੀ ਮੁੰਬਈ’ ਤੋਂ ਨਿਰਦੇਸ਼ਨ ਅਤੇ ਪੋਸਟ ਪ੍ਰੋਡਕਸ਼ਨ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਫਿਰ ਪੰਜਾਬ ਆ ਕੇ ਸੰਗੀਤਕ ਵੀਡੀਓ ਨਿਰਦੇਸ਼ਕ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ। ਸਟਾਲਿਨਵੀਰ ਹੁਣ ਤੱਕ ਚੋਟੀ ਦੇ ਗਾਇਕਾਂ ਦੀਆਂ ਸੈਂਕੜੇ ਵੀਡੀਓ ਬਣਾ ਚੁੱਕਾ ਹੈ ਤੇ ਬਣਾਉਂਦਾ ਆ ਰਿਹਾ ਹੈ ।

ਖ਼ਬਰਾਂ ਦੀ ਮੰਨੀਏ ਤਾਂ ਸਟਾਲਿਨਵੀਰ ਛੇਤੀ ਹੀ ਫ਼ਿਲਮ ਦਾ ਨਿਰਦੇਸ਼ਨ ਵੀ ਕਰਦੇ ਹੋਏ ਨਜ਼ਰ ਆਉਣਗੇ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਆਪਣੇ ਪਿਤਾ ਵਾਂਗ ਆਪਣੇ ਕੰਮ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣਗੇ ।

Related Post