'ਛੱਲੇ ਮੁੰਦੀਆਂ' ਗਾਣੇ ਨਾਲ ਸੁਖਵਿੰਦਰ ਪੰਛੀ ਦੀ ਗਾਇਕੀ ਦੇ ਖੇਤਰ 'ਚ ਬਣੀ ਸੀ ਪਹਿਚਾਣ, ਇਸ ਗਾਇਕ ਨੂੰ ਬਣਾਇਆ ਸੀ ਗੁਰੂ 

By  Rupinder Kaler May 2nd 2019 04:44 PM

ਗਾਇਕ ਸੁਖਵਿੰਦਰ ਪੰਛੀ ਦਾ ਨਾਂ ਆਉਂਦੇ ਹੀ ਮਸ਼ਹੂਰ ਗੀਤ 'ਛੱਲੇ ਮੁੰਦੀਆਂ' ਦੇ ਬੋਲ ਕੰਨਾਂ ਵਿੱਚ ਗੂੰਜਣ ਲੱਗ ਜਾਂਦੇ ਹਨ । ਸੁਖਵਿੰਦਰ ਪੰਛੀ ਦਾ ਇਹ ਗੀਤ ਇੱਕ ਜ਼ਮਾਨੇ ਵਿੱਚ ਏਨਾ ਹਿੱਟ ਹੋਇਆ ਸੀ ਕਿ ਜਿੱਥੇ ਇਹ ਗਾਣਾ ਹਰ ਥਾਂ ਤੇ ਵੱਜਦਾ ਸੁਣਾਈ ਦਿੰਦਾ ਸੀ ਉੱਥੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਇਸ ਗੀਤ ਨੂੰ ਫਿਲਮਾਇਆ ਗਿਆ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਸੁਖਵਿੰਦਰ ਪੰਛੀ ਦੇ ਸੰਘਰਸ਼ ਭਰੇ ਜੀਵਨ ਤੋਂ ਜਾਣੂ ਕਰਾਵਾਂਗੇ । ਸੁਖਵਿੰਦਰ ਪੰਛੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਜਲੰਧਰ ਦੇ ਪਿੰਡ ਸਰੀਂਹ ਦੇ ਰਹਿਣ ਵਾਲੇ ਰੁਲਦੂ ਰਾਮ ਤੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ।

Sukhwinder Panchhi Sukhwinder Panchhi

ਸੁਖਵਿੰਦਰ ਪੰਛੀ ਉਦੋਂ ਤਿੰਨ ਮਹੀਨਿਆਂ ਦੇ ਸਨ ਜਦੋਂ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ । ਜੀਵਨ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਸੁਖਵਿੰਦਰ ਪੰਛੀ  ਨੂੰ ਕੁਲਦੀਪ ਮਾਣਕ ਦੀਆਂ ਕਲੀਆਂ ਗਾਉਣ ਦਾ ਸ਼ੌਂਕ ਸੀ ਤੇ ਬਾਅਦ ਵਿੱਚ ਇਹੀ ਸ਼ੌਂਕ ਪੰਛੀ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਆਇਆ ।ਸੁਖਵਿੰਦਰ ਪੰਛੀ ਨੇ ਕੁਲਦੀਪ ਮਾਣਕ ਨੂੰ ਹੀ ਆਪਣਾ ਗੁਰੂ ਬਣਾਇਆ ਤੇ ਉਹਨਾਂ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।

Sukhwinder Panchhi Sukhwinder Panchhi

ਸੁਖਵਿੰਦਰ ਪੰਛੀ 1978  ਤੋਂ 1987 ਤੱਕ ਮਾਣਕ ਸਾਹਬ ਦੇ ਨਾਲ ਸਟੇਜਾਂ ਸਾਂਝੀਆਂ ਕਰਦੇ ਰਹੇ । ਇਸ ਤੋਂ ਬਾਅਦ ਸੁਖਵਿੰਦਰ ਪੰਛੀ ਨੇ 1990 ਵਿੱਚ ਆਪਣੀ ਪਹਿਲੀ ਟੇਪ ਕੱਢੀ । ਜਿਸ ਨੂੰ ਸਰੋਤਿਆਂ ਨੇ ਚੰਗਾ ਪਿਆਰ ਦਿੱਤਾ ।ਸੁਖਵਿੰਦਰ ਪੰਛੀ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਮੁੰਡਾ ਦਿਲ ਦਾ ਨੀ ਮਾੜਾ, ਚੰਨ ਜਿਹਾ ਯਾਰ ਨਹੀਂ ਰੁਸਾਈਦਾ, ਦਿੱਲੀ ਦੇ ਹਵਾਈ ਅੱਡੇ ਤੇ, ਚੜ੍ਹਦੀ ਜਵਾਨੀ ਵਿੱਚ ਅੱਲੜ੍ਹ ਸ਼ੌਕੀਨ ਕੁੜੀ ਮੁੱਛ ਫੁੱਟ ਗੱਭਰੂ ਦਾ ਪਿਆਰ ਭਾਲਦੀ ਵਰਗੇ ਗੀਤ ਕਾਫੀ ਮਕਬੂਲ ਹੋਏ ।

https://www.youtube.com/watch?v=0P04GHpYMh4

ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਸੁਖਵਿੰਦਰ ਪੰਛੀ ਨੇ ਦੂਜੀ ਟੇਪ 'ਸ਼ਾਹਾਂ ਦੀਏ ਕੁੜੀਏ' ਦੇ ਟਾਈਟਲ ਹੇਠ ਕੱਢੀ । ਇਸ ਕੈਸੇਟ ਦੇ ਗਾਣੇ ਵੀ ਕਾਫੀ ਮਕਬੂਲ ਰਹੇ । ਤੈਨੂੰ ਚੰਗਾ ਨਹੀਂ ਲੱਗਦਾ ਮੈਂ', ਇਸ਼ਕ ਨਚਾਵੇ ਗਲੀ ਗਲੀ, 'ਤਵੀਤੜੀ' ਸੁਪਰ ਹਿੱਟ ਗਾਣੇ ਰਹੇ । ਇੱਥੇ ਹੀ ਬਸ ਨਹੀਂ ਸੁਖਵਿੰਦਰ ਪੰਛੀ  ਨੇ ਧਾਰਮਿਕ ਕੈਸੇਟ 'ਸੂਰਮੇਂ ਮਰਦੇ ਨਹੀਂ' ਵੀ ਕੱਢੀ ।

https://www.youtube.com/watch?v=3fQkTmhpFJg

ਸੁਖਵਿੰਦਰ ਪੰਛੀ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ਲਈ ਵੀ ਗੀਤ ਗਾਏ ਸ਼ਹੀਦ ਊਧਮ ਸਿੰਘ ਫਿਲਮ ਵਿੱਚ ਗਾਇਆ ਉਹਨਾਂ ਦਾ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਇਸੇ ਤਰ੍ਹਾਂ 'ਜੱਟ ਪੰਜਾਬ ਦਾ' ਫ਼ਿਲਮ ਵਿੱਚ ਧਾਰਮਿਕ ਗੀਤ 'ਬਾਜਾਂ ਵਾਲਿਆਂ ਕਚਹਿਰੀ ਤੇਰੀ ਆਏ ਜੱਗ ਦੀ ਕਚਹਿਰੀ ਹਾਰ ਕੇ' ਨੂੰ ਵੀ ਕਾਫੀ ਪਸੰਦ ਕੀਤਾ ਗਿਆ ।ਇਸ ਤੋਂ ਇਲਾਵਾ ਪੰਜਾਬੀ ਫ਼ਿਲਮ ਨੈਣ ਪ੍ਰੀਤੋ ਦੇ, ਕਬਜ਼ਾ, ਦੁੱਲਾ ਭੱਟੀ ਵਿੱਚ ਗੀਤ ਗਾਏ।ਸੁਖਵਿੰਦਰ ਪੰਛੀ ਦੀ ਗਾਇਕੀ ਦਾ ਸਫ਼ਰ ਅੱਜ ਵੀ ਜਾਰੀ ਹੈ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਗੀਤ ਨੂੰ ਪਿਆਰ ਦਿੰਦੇ ਹਨ ।

Related Post