ਪੁਰਾਣੇ ਸਮਿਆਂ ’ਚ ਇਸ ਚੀਜ਼ ਨੂੰ ਔਰਤਾਂ ਦੀ ਲਿਪਸਟਿਕ ਵੀ ਕਿਹਾ ਜਾਂਦਾ ਸੀ, ਦੱਸੋ ਭਲਾ ਕੀ ਚੀਜ਼ ਹੈ ਇਹ

By  Rupinder Kaler May 7th 2020 05:13 PM

ਆਧੁਨਿਕਤਾ ਦੀ ਦੌੜ ਵਿੱਚ ਭਾਵੇਂ ਅਸੀਂ ਆਪਣੇ ਅਮੀਰ ਸੱਭਿਆਚਾਰ ਨੂੰ ਵਿਸਾਰਦੇ ਜਾ ਰਹੇ ਹਾਂ ਪਰ ਜਦੋਂ ਵੀ ਇਸ ਦੀ ਗੱਲ ਤੁਰਦੀ ਹੈ ਤਾਂ ਸਾਨੂੰ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਯਾਦ ਆ ਜਾਂਦੀਆਂ ਹਨ । ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਨਾਲ ਜੁੜੀਆਂ ਹੁੰਦੀਆਂ ਹਨ । ਪੰਜਾਬੀ ਮੁਟਿਆਰਾਂ ਦੇ ਸ਼ਿੰਗਾਰ ਦੀ ਗੱਲ ਹੁੰਦੀ ਹਾਂ ਤਾਂ ਸਭ ਤੋਂ ਪਹਿਲਾਂ ਸੁਰਮਾ, ਮਹਿੰਦੀ, ਦੰਦਾਸੇ ਦਾ ਜ਼ਿਕਰ ਹੁੰਦਾ ਹੈ ।

ਮੁਟਿਆਰਾਂ ਅਤੇ ਜੋਬਨ ਮੱਤੀਆਂ ਵਿਆਹਦੜ੍ਹਾਂ ਜਦੋਂ ਦੁੱਧ ਚਿੱਟੇ ਦੰਦਾਂ ਤੇ ਦੰਦਾਸਾ ਮਲਿਆ ਹੁੰਦਾ ਹੈ ਤਾਂ ਗੇਰੂਏ ਰੰਗੇ ਬੁੱਲ੍ਹਾਂ ਚੋਂ ਮੋਤੀਆਂ ਵਾਂਗ ਚਮਕਦੇ ਦੰਦ ਮੁਟਿਆਰ ਦੇ ਸੁਹੱਪਣ ਨੂੰ ਚੌਗੁਣਾ ਰੂਪ ਦੇ ਦਿੰਦੇ ਹਨ, ਇਸੇ ਲਈ ਤਾਂ ਪੰਜਾਬ ਦੇ ਲੋਕ ਗੀਤਾਂ ਵਿੱਚ ਵੀ ਦੰਦਾਸੇ ਦਾ ਅਕਸਰ ਜਿਕਰ ਹੁੰਦਾ ਹੈ ।

"ਖਿੜ੍ਹ ਖਿੜ੍ਹ ਹੱਸਦੀ ਐਂ ਹਾਸਾ ਅੱਲ੍ਹੜੇ

ਉੱਤੋਂ ਦੰਦਾਂ ਉੱਤੇ ਮਲਿਆ ਦੰਦਾਸਾ ਅੱਲ੍ਹੜੇ

ਚੜ੍ਹੀ ਹੈ ਜਵਾਨੀ ਹੋਈ ਤੈਨੂੰ ਕਹਿਰ ਦੀ

ਹੁਸਨ ਵੀ ਪੈਂਦਾ ਤੇਰਾ ਡੁੱਲ੍ਹ ਡੁੱਲ੍ਹ ਨੀ

ਕਿਹੜੇ ਸ਼ਹਿਰੋਂ ਲੈਕੇ ਤੂੰ ਦੰਦਾਸਾ ਮਲਿਆ

ਗੇਰੂਏ ਜਿਹੇ ਰੰਗੇ ਪਏ ਤੇਰੇ ਬੁੱਲ੍ਹ ਨੀ"

ਦਰਅਸਲ ਦੰਦਾਸਾ ਅਖਰੋਟ ਦੇ ਦਰੱਖਤ ਦੀ ਛਿੱਲੜ ਹੁੰਦੀ ਹੈ । ਅਖਰੋਟ ਦੇ ਦਰੱਖਤ ਤੋਂ ਛਿੱਲ ਲਾਹ ਕੇ ਸੁਕਾ ਲਿਆ ਜਾਂਦਾ ਹੈ । ਪੰਜਾਬੀ ਬੋਲੀ ਚ ਇਸਨੂੰ ਰੰਗਲੀ ਦਾਤਣ ਵੀ ਕਿਹਾ ਜਾਂਦਾ ਹੈ । ਪੁਰਾਣੇ ਸਮੇਂ ਵਿੱਚ ਲੋਕ ਇਸ ਦੀ ਦਾਤਣ ਵੀ ਕਰਦੇ ਸਨ ਪਰ ਮੁਟਿਆਰਾਂ ਦੀ ਦਾਤਣ ਦੇ ਨਾਲ-ਨਾਲ ਉਸ ਸਮੇਂ ਦੀ ਲਿਪਸਟਿਕ ਵੀ ਸੀ ਕਿਉਂਕਿ ਰੰਗਲੇ ਦੰਦਾਸੇ ਦਾ ਰੰਗ ਔਰਤ ਦੇ ਬੁੱਲ੍ਹਾਂ ਤੇ ਕਈ ਦਿਨ ਰਹਿੰਦਾ ਸੀ ।

ਪੁਰਾਣੇ ਸਮਿਆਂ ਵਿੱਚ ਦੰਦਾਸਾ ਨੂੰ ਔਰਤਾਂ ਦੇ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ । ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਜੋ ਸੁਗਾਤ ਵਾਲੀ ਗੁਥਲੀ ਭੇਜੀ ਜਾਂਦੀ ਹੈ, ਉਸ ਵਿੱਚ ਸੁਰਮਾ, ਬਿੰਦੀਆਂ, ਚੂੜੀਆਂ ਦੇ ਨਾਲ ਦੰਦਾਸਾ ਵੀ ਸੁਹਾਗ ਦੇ ਚਿੰਨ੍ਹ ਵਜੋਂ ਭੇਜਿਆ ਜਾਂਦਾ ਹੈ । ਇਸੇ ਲਈ ਤਾਂ ਲੋਕ ਗੀਤਾਂ ਵਿੱਚ ਕਿਹਾ ਜਾਂਦਾ ਹੈ ‘ਚਿੱਟੇ ਦੰਦ ਬੁੱਲ੍ਹੀਂ ਲਾਲ ਦੰਦਾਸਾ, ਹਾੜਾ ਈ ਰੱਬ ਖੈਰ ਕਰੇ’ ।

Related Post