ਇੱਕ ਸਮਾਂ ਸੀ ਜਦੋਂ ਇਸ ਤਰ੍ਹਾਂ ਦੀ ਰੱਸੀ ਹਰ ਘਰ ਵਿੱਚ ਦਿਖਾਈ ਦਿੰਦੀ ਸੀ, ਬੁੱਝੋ ਤਾਂ ਜਾਣੀਏ

By  Rupinder Kaler May 9th 2020 04:43 PM

ਅੱਜ ਦੇ ਮਸ਼ੀਨੀ ਯੁੁੱਗ ਨੇ ਜਿੱਥੇ ਸਾਡੇ ਬਹੁਤ ਸਾਰੇ ਕੰਮਾਂ ਨੂੰ ਸੁਖਾਲਾ ਬਣਾ ਦਿੱਤਾ ਹੈ ਉੱਥੇ ਇਸ ਕਰਕੇ ਸਾਡੀਆਂ ਬਹੁਤ ਸਾਰੀਆਂ ਵਿਰਾਸਤੀ ਚੀਜ਼ਾਂ ਵੀ ਸਾਡੇ ਤੋਂ ਵਿਸਰ ਗਈਆਂ ਹਨ । ਇਹਨਾਂ ਵਿੱਚੋਂ ਇੱਕ ਚੀਜ਼ ਸੀ ਮਧਾਣੀ, ਜਿਹੜੀ ਕਿ ਪੁਰਾਣੇ ਸਮੇਂ ਵਿੱਚ ਹਰ ਰਸੋਈ ਦਾ ਸ਼ਿੰਗਾਰ ਬਣਦੀ ਸੀ । ਇਸ ਆਰਟੀਕਲ ਵਿੱਚ ਅਸੀਂ ਮਧਾਣੀ ਤੇ ਇਸ ਨਾਲ ਜੁੜੀ ਹਰ ਚੀਜ਼ ਬਾਰੇ ਦੱਸਾਂਗੇ । ਦੁੱਧ ਰਿੜਕਣ ਤੋਂ ਪਹਿਲਾਂ ਚਾਟੀ ਨੂੰ ਗਿੜਗਣ ਉੱਪਰ ਰੱਖਿਆ ਜਾਂਦਾ ਹੈ ।

ਇਸ ਨੂੰ ਨੇਂਹ, ਗਿਣਗਣਾ ਜਾਂ ਘੜਵੰਜੀ ਵੀ ਕਹਿੰਦੇ ਹਨ। ਇਹ ਲੱਕੜ ਦਾ ਇੱਕ ਵਰਗਾਕਾਰ ਢਾਂਚਾ ਹੁੰਦਾ ਹੈ, ਜਿਸ ਦਾ ਇੱਕ ਖੂੰਜਾ ਢਾਈ ਕੁ ਫੁੱਟ ਮੇਜ ਦੀ ਲੱਤ ਵਾਂਗ ਵਧਿਆ ਹੁੰਦਾ ਹੈ, ਜਿਸ ਨੂੰ ਕਿੱਲੀ ਕਹਿੰਦੇ ਹਨ ।

ਇਸ ਤੋਂ ਬਾਅਦ ਮਧਾਣੀ ਨੂੰ ਚਾਟੀ ਵਿੱਚ ਪਾਇਆ ਜਾਂਦਾ ਹੈ। ਮਧਾਣੀ ਨੂੰ ਚਾਟੀ ਵਿੱਚ ਸਿੱਧੀ ਟਿਕਾਉਣ ਲਈ ਗਿੜਗਣ ਦੀ ਕਿੱਲੀ ਨਾਲ ਰੱਸੀ ਬੰਨ੍ਹ ਕੇ ਮਧਾਣੀ ਸਹਾਰੀ ਜਾਂਦੀ ਹੈ। ਮਧਾਣੀ ਮੰਜੇ ਦੇ ਪਾਵੇ ਦੀ ਸ਼ਕਲ ਦੀ ਪਰ ਪਾਵੇ ਤੋਂ ਥੋੜ੍ਹੀ ਪਤਲੀ ਹੁੰਦੀ ਹੈ। ਇਸ ਉਪਰ ਗੋਲਾਈ ਵਿੱਚ ਕੱਟ ਪਾਏ ਹੁੰਦੇ ਹਨ। ਇਨ੍ਹਾਂ ਕੱਟਾਂ ਵਿੱਚ ਪੈ ਕੇ ਨੇਤਰਾ ਘੁੰਮਦਾ ਹੈ। ਨੇਤਰਾ ਉਸ ਰੱਸੀ ਨੂੰ ਕਿਹਾ ਜਾਂਦਾ ਹੈ ਜਿਸ ਨਾਲ ਮਧਾਣੀ ਨੂੰ ਘੁੰਮਾਇਆ ਜਾਂਦਾ ਹੈ ।

ਜੇਕਰ ਨੇਤਰਾ ਨਾ ਹੋਵੇ ਤਾਂ ਮਧਾਣੀ ਕਿਸੇ ਕੰਮ ਦੀ ਨਹੀਂ ਕਿਉਂਕਿ ਇਸ ਤੋਂ ਬਗੈਰ ਦੁੱਧ ਨਹੀਂ ਰਿੜਕਿਆ ਜਾ ਸਕਦਾ । ਮਧਾਣੀ ਨੇਤਰੇ ਦੀ ਸਹਾਇਤਾ ਨਾਲ ਚਾਟੀ ਵਿੱਚ ਘੁਮਾਈ ਜਾਂਦੀ ਹੈ। ਨੇਤਰਾ ਇੱਕ ਮੀਟਰ ਕੁ ਦੀ ਰੱਸੀ ਹੁੰਦੀ ਹੈ, ਜਿਸ ਦੇ ਸਿਰਿਆਂ ’ਤੇ ਗੁੱਲੀ ਵਰਗੀਆਂ ਦੋ ਨਿੱਕੀਆਂ-ਨਿੱਕੀਆਂ ਜਾਂ ਈਟੀਆਂ ਲੱਗੀਆਂ ਹੁੰਦੀਆਂ ਹਨ।

ਦੁੱਧ ਰਿੜਕਣ ਸਮੇਂ ਸੁਆਣੀਆਂ ਇਨ੍ਹਾਂ ਈਟੀਆਂ ਨੂੰ ਹੱਥਾਂ ਦੀਆਂ ਪਹਿਲੀਆਂ ਦੋਵੇਂ ਉਂਗਲਾਂ ਦੇ ਸੰਨ੍ਹਾਂ ਵਿੱਚੋਂ ਕਸ ਕੇ ਅੰਗੂਠੀਆਂ ਦੇ ਸਹਾਰੇ ਨੇਤਰਾ ਖਿੱਚ ਕੇ ਦੁੱਧ ਰਿੜਕਦੀਆਂ ਹਨ। ਪਰ ਅੱਜ ਇਸ ਮਧਾਣੀ ਦੀ ਥਾਂ ਬਿਜਲੀ ਨਾਲ ਚੱਲਣ ਵਾਲੀਆਂ ਮਧਾਣੀਆਂ ਨੇ ਲੈ ਲਈ ਹੈ । ਇਸੇ ਲਈ ਕੁਝ ਚੀਜ਼ਾਂ ਸਾਡੇ ਤੋਂ ਵਿਸਰਦੀਆਂ ਜਾ ਰਹੀਆਂ ਹਨ ।

Related Post