ਪੇਟੀਐਮ ਪੇਮੈਂਟਸ ਬੈਂਕ ਉੱਤੇ ਰਿਜ਼ਰਵ ਬੈਂਕ ਨੇ ਲਗਾਈਆਂ ਪਾਬੰਦੀਆਂ, ਕੀ ਗਾਹਕ ਸੇਵਾਵਾਂ 'ਤੇ ਪਵੇਗਾ ਅਸਰ ?
Reserve Bank on Paytm Payments Bank: ਭਾਰਤੀ ਰਿਜ਼ਰਵ ਬੈਂਕ ਨੇ ਪੇਟੀਐਮ (Paytm) ਪੇਮੈਂਟਸ ਬੈਂਕ ਉੱਪਰ ਹਰ ਤਰ੍ਹਾਂ ਦੇ ਲੈਣ-ਦੇਣ ਉੱਤੇ ਪਾਬੰਦੀ ਲਾ ਦਿੱਤੀ ਹੈ।ਇਹ ਪਾਬੰਦੀ ਪੇਟੀਐਮ ਵੱਲੋਂ ਕਥਿਤ ਤੌਰ ਉੱਤੇ ਕੀਤੀਆਂ ਨਿਰੰਤਰ ਬੇਨਿਯਮੀਆਂ ਕਾਰਨ ਲਾਈ ਗਈ ਹੈ ਅਤੇ 29 ਫਰਵਰੀ ਤੋਂ ਲਾਗੂ ਹੋਵੇਗੀ।
ਹਾਲਾਂਕਿ ਇਨ੍ਹਾਂ ਪਾਬੰਦੀਆਂ ਤੋਂ ਬਾਅਦ ਪੇਟੀਐੱਮ ਦੇ ਨਿਵੇਸ਼ਕ ਅਤੇ ਗਾਹਕ ਚਿੰਤਾ ਪੈ ਗਏ ਹਨ। ਰਿਜ਼ਰਵ ਬੈਂਕ (Reserve Bank) ਵੱਲੋਂ ਕਿਹਾ ਗਿਆ ਹੈ ਕਿ ਪੇਟੀਐਮ ਪੇਮੈਂਟਸ ਬੈਂਕ ਨੂੰ ਇਸ ਤੋਂ ਪਹਿਲਾਂ ਮਾਰਚ 2022 ਵਿੱਚ ਵੀ ਤੁਰੰਤ ਪ੍ਰਭਾਵ ਤੋਂ ਨਵੇਂ ਗਾਹਕ ਬਣਾਉਣ ਤੋਂ ਮਨ੍ਹਾਂ ਕੀਤਾ ਗਿਆ ਸੀ।
/ptc-punjabi/media/media_files/O8rLNc9MIjjymFr006cz.jpg)
ਪੇਟੀਐਮ ਪੇਮੈਂਟਸ ਬੈਂਕ ਦੇ ਕਾਰੋਬਾਰ ਬਾਰੇ ਵੱਖ-ਵੱਖ ਜਾਂਚ ਰਿਪੋਰਟਾਂ ਵਿੱਚ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਰਿਜ਼ਰਵ ਬੈਂਕ ਨੇ ਤਾਜ਼ਾ ਫੈਸਲਾ ਲਿਆ ਹੈ। ਰਿਜ਼ਰਵ ਬੈਂਕ ਨੇ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਪਾਬੰਦੀਆਂ ਲਾਈਆਂ ਹਨ।
ਕੇਂਦਰੀ ਬੈਂਕ ਦੇ ਚੀਫ ਜਨਰਲ ਮੈਨੇਜਰ ਦੇ ਦਸਤਖ਼ਤਾਂ ਹੇਠ 31 ਜਨਵਰੀ ਨੂੰ ਜਾਰੀ ਸਰਕੂਲਰ ਮੁਤਾਬਕ ਇਹ ਮੁੱਖ ਗੱਲਾਂ ਹਨ।
ਗਾਹਕਾਂ ਦੇ ਖਾਤਿਆਂ ਵਿੱਚ ਕਿਸੇ ਕਿਸਮ ਦੇ ਡਿਪਾਜ਼ਿਟ ਅਤੇ ਕਰੈਡਿਟ ਲੈਣ ਦੇਣ ਜਾਂ ਟੌਪਅਪ ਦੀ ਆਗਿਆ ਨਹੀਂ ਹੋਵੇਗੀ।
ਮਿਸਾਲ ਵਜੋਂ ਪ੍ਰੀਪੇਡ ਇੰਸਟਰੂਮੈਂਟਸ, ਵੌਲਿਟਸ, ਫਾਸਟ ਟੈਗ, ਐਮਸੀਐਮਸੀ ਕਾਰਡ, ਵਗੈਰਾ ਦੀ ਵਰਤੋਂ ਪੇਟੀਐਮ ਬੈਂਕ ਰਾਹੀਂ ਨਹੀਂ ਕੀਤੀ ਜਾ ਸਕੇਗੀ।
ਹਾਲਾਂਕਿ ਪੇਟੀਐਮ ਪੇਮੈਂਟਸ ਬੈਂਕ ਵੱਲੋਂ ਕਿਸੇ ਵੀ ਕਿਸਮ ਦੇ ਵਿਆਜ਼, ਕੈਸ਼ਬੈਕ, ਜਾਂ ਰਿਫੰਡ ਕਿਸੇ ਵੀ ਸਮੇਂ ਕਰੈਡਿਟ ਕੀਤਾ ਜਾ ਸਕੇਗਾ।
ਗਾਹਕ ਆਪਣਾ ਮੌਜੂਦਾ ਬਕਾਇਆ ਰਹਿਣ ਤੱਕ ਬਿਨਾਂ ਰੋਕਟੋਕ ਉਸ ਦੀ ਵਰਤੋਂ ਕਰ ਸਕਣਗੇ ਜਾਂ ਕਢਵਾ ਸਕਣਗੇ।
ਗਾਹਕ ਪੇਟੀਐਮ ਦੇ ਵੌਲਿਟ, ਬਚਤ, ਕਰੰਟ ਵਰਗੇ ਖਾਤਿਆਂ ਵਿੱਚ ਪਏ ਪੈਸੇ ਨੂੰ ਕਢਵਾ ਸਕਣਗੇ ਜਾਂ ਵਰਤ ਸਕਣਗੇ। ਇਸ ਪੈਸੇ ਨਾਲ ਉਹ ਆਪਣੇ ਵੌਲਿਟ, ਫਾਸਟ ਟੈਗ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡਸ ਵਗੈਰਾ ਰੀਚਾਰਜ ਕਰ ਸਕਣਗੇ।
ਉਪਰੋਕਤ ਤੋਂ ਇਲਾਵਾ ਹੋਰ ਕਿਸੇ ਵੀ ਕਿਸਮ ਦੀਆਂ ਬੈਂਕਿੰਗ ਸੇਵਾਵਾਂ, ਜਿਵੇਂ ਕਿਸੇ ਵੀ ਤਰ੍ਹਾਂ ਪੈਸੇ ਭੇਜਣਾ, ਬੀਬੀਪੀਓਯੂ ਅਤੇ ਯੂਪੀਆਈ ਸੁਵਿਧਾ ਪੇਟੀਐਮ ਪੇਮੈਂਟਸ ਬੈਂਕ 29 ਫਰਵਰੀ ਤੋਂ ਬਾਅਦ ਦੇ ਸਕੇਗਾ।
ਵਨ97 ਕਮਿਊਨੀਕੇਸ਼ਨਜ਼ ਲਿਮਟਿਡ ਅਤੇ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਦੇ ਨੋਡਲ ਖਾਤੇ ਜਿੰਨੀ ਜਲਦੀ ਹੋ ਸਕੇ ਪਰ 29 ਫਰਵਰੀ ਤੋਂ ਪਹਿਲਾਂ ਬੰਦ ਕੀਤੇ ਜਾਣਗੇ।
ਅੱਧ-ਵਿਚਕਾਰ ਪਏ ਲੈਣਦੇਣ ਅਤੇ ਨੋਡਲ ਖਾਤਿਆਂ ਦੀ ਸੈਟਲਮੈਂਟ (29 ਫਰਵਰੀ ਤੋਂ ਪਹਿਲਾਂ ਸ਼ੁਰੂ ਕੀਤੇ ਸਾਰੇ ਲੈਣ-ਦੇਣ) 15 ਮਾਰਚ 2024 ਤੱਕ ਮੁਕੰਮਲ ਹੋ ਜਾਣੀ ਚਾਹੀਦੀ ਹੈ। ਉਸ ਤੋਂ ਬਾਅਦ ਕਿਸੇ ਕਿਸਮ ਦਾ ਲੈਣ-ਦੇਣ ਸ਼ੁਰੂ ਨਹੀਂ ਕੀਤਾ ਜਾ ਸਕੇਗਾ।
View this post on Instagram
ਹੋਰ ਪੜ੍ਹੋ: ਗਾਇਕ ਫਿਰੋਜ਼ ਖਾਨ ਦਾ ਨਵਾਂ ਗੀਤ 'ਜ਼ਮਾਨਾ-2' ਹੋਇਆ ਰਿਲੀਜ਼, ਵੇਖੋ ਵੀਡੀਓ
ਇਸ ਤਰ੍ਹਾਂ ਪੇਟੀਐਮ ਪੇਮੈਂਟਸ ਬੈਂਕ ਨੂੰ 29 ਫਰਵਰੀ ਤੱਕ ਆਪਣੇ ਹਰ ਕਿਸਮ ਦੇ ਲੈਣ-ਦੇਣ ਨੂੰ ਸਮੇਟਨ ਨੂੰ ਕਿਹਾ ਗਿਆ ਹੈ ਜਦਕਿ 15 ਮਾਰਚ ਤੋਂ ਬਾਅਦ ਕਿਸੇ ਕਿਸਮ ਦੇ ਲੈਣ-ਦੇਣ ਦੀ ਆਗਿਆ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਮਾਰਚ 2022 ਵਿੱਚ ਪੇਟੀਐਮ ਪੇਮੈਂਟਸ ਬੈਂਕ ਨੂੰ ਆਪਣੀ ਤਕਨੀਕੀ ਪ੍ਰਣਾਲੀ ਦੀ ਵਿਸਥਾਰਿਤ ਜਾਂਚ ਕਿਸੇ ਸੁਤੰਤਰ ਏਜੰਸੀ (ਥਰਡ ਪਾਰਟੀ) ਤੋਂ ਕਰਵਾਉਣ ਨੂੰ ਕਿਹਾ ਸੀ।
ਕਿਹਾ ਗਿਆ ਸੀ ਕਿ ਨਵੇਂ ਗਾਹਕ ਜੋੜਨ ਦੀ ਆਗਿਆ ਮਿਲਣਾ ਜਾਂ ਨਾ ਮਿਲਣਾ ਇਸ ਜਾਂਚ ਰਿਪੋਰਟ ਦੇ ਨਤੀਜਿਆਂ ਉੱਪਰ ਹੀ ਅਧਾਰਿਤ ਹੋਵੇਗਾ। ਹੁਣ ਜਾਂਚ ਰਿਪੋਰਟ ਦੀ ਜਾਂਚ ਕਰਨ ਤੋਂ ਬਾਅਦ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਉਪਰੋਕਤ ਪਾਬੰਦੀਆਂ ਪੇਟੀਐਮ ਪੇਮੈਂਟਸ ਬੈਂਕ ਉੱਪਰ ਲਗਾ ਦਿੱਤੀਆਂ ਹਨ।