ਕਦੇ ਖੂਬਸੂਰਤੀ ਦੇ ਮਾਮਲੇ ਵਿੱਚ ਵੱਡੀਆਂ ਵੱਡੀਆਂ ਹੀਰੋਇਨਾਂ ਨੂੰ ਟੁਨ ਟੁਨ ਦਿੰਦੀ ਸੀ ਟੱਕਰ, ਇਸ ਤਰ੍ਹਾਂ ਬਣੀ ਗਾਇਕਾ ਤੋਂ ਅਦਾਕਾਰਾ

By  Rupinder Kaler July 11th 2020 06:14 PM

ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹਸਾਉਣ ਵਾਲੀ ਟੁਨਟੁਨ ਦਾ ਜਨਮ 11 ਜੁਲਾਈ 1923 ਨੂੰ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ । ਟੁਨਟੁਨ ਦਾ ਅਸਲੀ ਨਾਂਅ ਉਮਾ ਦੇਵੀ ਸੀ । ਟੁਨਟੁਨ ਜਦੋਂ ਤਿੰਨ ਸਾਲ ਦੀ ਸੀ ਤਾਂ ਉਦੋਂ ਉਹਨਾਂ ਦੇ ਮਾਂ ਬਾਪ ਦਾ ਦਿਹਾਂਤ ਹੋ ਗਿਆ ਸੀ । ਇਸ ਤੋਂ ਬਾਅਦ ਉਹਨਾਂ ਦੇ ਚਾਚੇ ਨੇ ਹੀ ਟੁਨਟੁਨ ਦਾ ਪਾਲਣ ਪੋਸ਼ਣ ਕੀਤਾ ਸੀ । 13 ਸਾਲਾਂ ਦੀ ਉਮਰ ਵਿੱਚ ਟੁਨਟੁਨ ਘਰੋਂ ਭੱਜ ਕੇ ਮੁੰਬਈ ਆ ਗਈ ਸੀ ।

ਇਸ ਦੌਰਾਨ ਉਹਨਾਂ ਨੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਧੋਣ ਤੇ ਸਫਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਇਸ ਸਭ ਦੇ ਚਲਦੇ ਉਹਨਾਂ ਨੇ ਗਾਇਕਾ ਬਣਨ ਲਈ ਸੰਗੀਤ ਨਿਰਦੇਸ਼ਕ ਨੌਸ਼ਾਦ ਅਲੀ ਨਾਲ ਮੁਲਾਕਾਤ ਕੀਤੀ । ਇਸ ਮੁਲਾਕਾਤ ਦੌਰਾਨ ਟੁਨਟੁਨ ਨੇ ਨੌਸ਼ਾਦ ਨੂੰ ਕਿਹਾ ਕਿ ਉਹ ਗਾ ਸਕਦੀ ਹੈ, ਤੇ ਉਹ ਉਸ ਕੋਲੋਂ ਕੰਮ ਮੰਗਣ ਆਈ ਹੈ, ਜੇਕਰ ਨੌਸ਼ਾਦ ਨੇ ਉਹਨਾਂ ਨੂੰ ਕੰਮ ਨਾ ਦਿੱਤਾ ਤਾਂ ਉਹ ਸਮੁੰਦਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦੇਵੇਗੀ ।

ਨੌਸ਼ਾਦ ਨੇ ਉਸੇ ਵੇਲੇ ਟੁਨਟੁਨ ਨੂੰ ਗਾਉਣ ਦਾ ਮੌਕਾ ਦੇ ਦਿੱਤਾ । ਨੌਸ਼ਾਦ ਨੇ ਟੁਨਟੁਨ ਤੋਂ ਦਰਦ ਫ਼ਿਲਮ ਲਈ 'ਅਫਸਾਨਾ ਲਿਖ ਰਹੀ ਹੂੰ' ਗਾਣਾ ਗਵਾਇਆ । ਇਸ ਤੋਂ ਬਾਅਦ ਟੁਨਟੁਨ ਨੇ ਕਈ ਫ਼ਿਲਮਾਂ ਲਈ ਗਾਣੇ ਗਾਏ । ਟੁਨਟੁਨ ਨੇ ਪਹਿਲੀ ਵਾਰ ਦਲੀਪ ਕੁਮਾਰ ਨਾਲ ਕੰਮ ਕੀਤਾ ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੂੰ ਟੁਨਟੁਨ ਕਿਹਾ ਜਾਣ ਲੱਗਾ ਸੀ । ਟੁਨਟੁਨ ਨੇ ਲਗਭਗ 2੦੦ ਫ਼ਿਲਮਾਂ ਵਿੱਚ ਕੰਮ ਕੀਤਾ ।

Related Post