ਕੋਮਾ ’ਚ ਗਈ ਭੈਣ ਦਾ ਪਤਾ ਲੈਣ ਲਈ ਆਸਟ੍ਰੇਲੀਆ ਤੋਂ ਭਾਰਤ ਆਉਣਾ ਸੀ ਇਸ ਸਿੱਖ ਬੀਬੀ ਨੇ, ਲੋਕਾਂ ਨੂੰ ਮੁਸੀਬਤ ’ਚ ਦੇਖ ਕੈਂਸਲ ਕੀਤੀ ਯਾਤਰਾ, ਹੁਣ ਆਸਟ੍ਰੇਲੀਆ ਵਿੱਚ ਲਗਾਇਆ ਹੈ ਲੰਗਰ

By  Rupinder Kaler January 9th 2020 05:53 PM -- Updated: January 9th 2020 05:58 PM

ਆਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ, ਲੱਖਾਂ ਦੀ ਗਿਣਤੀ ਵਿੱਚ ਜਾਨਵਰ ਸੜ ਕੇ ਮਰ ਗਏ ਹਨ । ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਹਨ । ਅਜਿਹੇ ਵਿੱਚ ਇੱਕ ਸਿੱਖ ਕੁੜੀ ਨੇ 10 ਸਾਲ ਬਾਅਦ ਆਪਣੇ ਘਰਵਾਲਿਆਂ ਨੂੰ ਮਿਲਣ ਲਈ ਭਾਰਤ ਵਾਪਿਸ ਆਉਣਾ ਸੀ, ਪਰ ਇਸ ਕੁੜੀ ਨੇ ਘਰ ਆਉਣ ਦੀ ਬਜਾਏ ਉੱਥੇ ਰੁਕ ਕੇ ਲੋਕਾਂ ਦੀ ਮਦਦ ਕਰਨਾ ਹੀ ਠੀਕ ਸਮਝਿਆ ।

35 ਸਾਲ ਦੀ ਸੁਖਵਿੰਦਰ ਕੌਰ ਦੀ ਭੈਣ ਇੱਕ ਗੰਭੀਰ ਬਿਮਾਰੀ ਕਰਕੇ ਕੋਮਾ ਵਿੱਚ ਹੈ ਜਿਸ ਦਾ ਹਾਲ ਜਾਨਣ ਲਈ ਸੁਖਵਿੰਦਰ ਨੇ 10 ਸਾਲਾਂ ਬਾਅਦ ਭਾਰਤ ਆਉਣਾ ਸੀ । ਪਰ ਹੁਣ ਉਹ ਆਸਟ੍ਰੇਲੀਆ ਵਿੱਚ ਰੁਕ ਕੇ ਅੱਗ ਨਾਲ ਪੀੜਤ ਲੋਕਾਂ ਦੀ ਮਦਦ ਕਰ ਰਹੀ ਹੈ । ਸੁਖਵਿੰਦਰ ਹਰ ਰੋਜ਼ ਹਜ਼ਾਰਾਂ ਲੋਕਾਂ ਲਈ ਖਾਣਾ ਬਣਾੳਂੁਦੀ ਹੈ । ਉਹਨਾਂ ਵੱਲੋਂ ਚਲਾਇਆ ਜਾ ਰਿਹਾ ਲੰਗਰ ਤੜਕ ਸਵੇਰ ਤੋਂ ਸ਼ੁਰੂ ਹੋ ਕੇ ਰਾਤ ਦੇ 11 ਵਜੇ ਤੱਕ ਚਲਦਾ ਹੈ ।

ਸੁਖਵਿੰਦਰ ਦਾ ਕਹਿਣਾ ਹੈ ਕਿ ‘ਉਸ ਨੂੰ ਮਹਿਸੂਸ ਹੋਇਆ ਸੀ ਕਿ ਉਸ ਦੀ ਪਹਿਲੀ ਜ਼ਿੰਮੇਵਾਰੀ ਸਮਾਜ ਪ੍ਰਤੀ ਹੈ, ਜੇਕਰ ਮੈਂ ਇਹਨਾਂ ਲੋਕਾਂ ਨੂੰ ਮੁਸੀਬਤ ਦੇ ਸਮੇਂ ਛੱਡ ਕੇ ਚਲੀ ਜਾਵਾਂਗੀ ਤਾਂ ਮੈਂ ਚੰਗੀ ਇਨਸਾਨ ਨਹੀਂ ਕਹਾਵਾਂਗੀ’ । ਸੁਖਵਿੰਦਰ ਵੱਲੋਂ ਚਲਾਏ ਜਾ ਰਹੇ ਲੰਗਰ ‘ਚ ਪਹਿਲਾਂ 100 ਲੋਕਾਂ ਦਾ ਲੰਗਰ ਬਣਦਾ ਸੀ ਪਰ ਹੁਣ 1000 ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ । ਸੁਖਵਿੰਦਰ ਵੱਲੋਂ ਚਲਾਏ ਜਾ ਰਹੀ ਲੰਗਰ ਦੀ ਸੇਵਾ ਵਿੱਚ ਕੁਝ ਹੋਰ ਲੋਕ ਵੀ ਮਦਦ ਕਰ ਰਹੇ ਹਨ ।

Related Post