ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’ ਦਾ ਨਵਾਂ ਗੀਤ ‘ਚੰਨ ਵਰਗੀ’ ਰਿਲੀਜ਼
ਦਿਲਜੀਤ ਦੋਸਾਂਝ (Diljit Dosanjh) ਅਤੇ ਨਿਮਰਤ ਖਹਿਰਾ (Nimrat Khaira) ਦੀ ‘ਜੋੜੀ’ ਫ਼ਿਲਮ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਪੱਬਾਂ ਭਾਰ ਹਨ । ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ । ਇਸ ਫ਼ਿਲਮ ਦਾ ਨਵਾਂ ਗੀਤ ‘ਚੰਨ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਨਿਮਰਤ ਅਤੇ ਦਿਲਜੀਤ ‘ਤੇ ਫ਼ਿਲਮਾਇਆ ਗਿਆ ਹੈ । ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਟਰੂ ਸਕੂਲ ਨੇ ।
5 ਮਈ 2023 ਨੂੰ ਰਿਲੀਜ਼ ਹੋਵੇਗੀ ਫ਼ਿਲਮ
ਇਹ ਫ਼ਿਲਮ ਅਗਲੇ ਮਹੀਨੇ ਪੰਜ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਪ੍ਰੋਡਿਊਸ ਕੀਤਾ ਹੈ ਦਲਜੀਤ ਥਿੰਦ ਅਤੇ ਕਾਰਜ ਗਿੱਲ ਦੇ ਵੱਲੋਂ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅੰਬਰਦੀਪ ਸਿੰਘ ਦੇ ਵੱਲੋਂ ਕਈ ਸ਼ਾਨਦਾਰ ਫ਼ਿਲਮਾਂ ਬਣਾਈਆਂ ਗਈਆਂ ਹਨ । ਜਿਨ੍ਹਾਂ ‘ਚ ‘ਲੌਂਗ ਲਾਚੀ’, ‘ਲਵ ਪੰਜਾਬ’, ‘ਭੱਜੋ ਵੀਰੋ ਵੇ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ਅਤੇ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
ਦਿਲਜੀਤ ਦੋਸਾਂਝ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਿੱਟ ਗੀਤਾਂ ਦੇ ਨਾਲ-ਨਾਲ ਹਿੱਟ ਫ਼ਿਲਮਾਂ ਵੀ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਹੌਂਸਲਾ ਰੱਖ’ ਅਤੇ ‘ਬਾਬੇ ਭੰਗੜਾ ਪਾਉਂਦੇ ਨੇ’ ਰਿਲੀਜ਼ ਹੋਈ ਸੀ । ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
- PTC PUNJABI