ਇੰਦਰਜੀਤ ਨਿੱਕੂ ਦਾ ਨਵਾਂ ਗੀਤ 'ਪੱਗ ਦਿਸੂਗੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਆ ਰਿਹਾ ਹੈ ਪਸੰਦ
Inderjeet Niku Song Pagg Disugi: ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਦਿੱਤੇ ਹਨ। ਹਾਲ ਹੀ 'ਚ ਗਾਇਕ ਮੁੜ ਆਪਣੇ ਨਵੇਂ ਗੀਤ 'ਪੱਗ ਦਿਸੂਗੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਏ ਹਨ।
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲੰਬੀ ਬ੍ਰੇਕ ਲੈਣ ਮਗਰੋਂ ਸਾਲ 2022 'ਚ ਨਿੱਕੂ ਨੇ ਆਪਣੀ ਦੂਜੀ ਮਿਊਜ਼ਿਕਲ ਪਾਰੀ ਸ਼ੁਰੂ ਕੀਤੀ, ਜਿਸ ਦਾ ਉਨ੍ਹਾਂ ਨੂੰ ਮਿਲਿਆ ਜੁਲਿਆ ਰਿਸਪੌਂਸ ਮਿਲ ਰਿਹਾ ਹੈ।ਜਿਸ ਦੀ ਵਜ੍ਹਾ ਨਿੱਕੂ ਦਾ ਵਿਵਾਦਾਂ 'ਚ ਘਿਰਿਆ ਹੋਣਾ ਵੀ ਹੈ। ਹਾਲ ਹੀ 'ਚ ਨਿੱਕੂ ਮੁੜ ਤੋਂ ਬਾਬਾ ਬਾਗੇਸ਼ਵਰ ਦੇ ਦਰਬਾਰ 'ਚ ਨਜ਼ਰ ਆਏ। ਉਸ ਤੋਂ ਬਾਅਦ ਤੋਂ ਹੀ ਗਾਇਕ ਨੂੰ ਜ਼ਬਰਦਸਤ ਨਿੰਦਿਆ ਦਾ ਸਾਹਮਣਾ ਕਰਨਾ ਪਿਆ ਸੀ।
ਇਸੇ ਵਿਚਾਲੇ ਗਾਇਕ ਇੰਦਰਜੀਤ ਨਿੱਕੂ ਆਪਣਾ ਇੱਕ ਹੋਰ ਨਵਾਂ ਗੀਤ 'ਪੱਗ ਦਿਸੂਗੀ' ਲੈ ਕੇ ਦਰਸ਼ਕਾਂ ਦੇ ਵਿਚਾਲੇ ਆਏ ਹਨ। ਹਾਲਾਂਕਿ ਇਸ ਗਾਣੇ ਦੇ ਬੋਲ ਤੇ ਸੰਗੀਤ ਕਾਫੀ ਵਧੀਆ ਹੈ, ਪਰ ਬਾਵਜੂਦ ਇਸ ਸਭ ਦੇ ਪੰਜਾਬ ਦੇ ਲੋਕ ਨਿੱਕੂ ਤੋਂ ਹਾਲੇ ਵੀ ਨਾਰਾਜ਼ ਲੱਗ ਰਹੇ ਹਨ। ਨਿੱਕੂ ਨੇ ਆਪਣੇ ਗੀਤ 'ਤੇ ਰੀਲ ਬਣਾ ਕੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ ਵੀਡੀਓ 'ਚ ਨਿੱਕੂ ਚਾਰੇ ਪਾਸੇ ਕੁੜੀਆਂ ਨਾਲ ਘਿਰੇ ਨਜ਼ਰ ਆ ਰਹੇ ਹਨ, ਇਸ ਵਜ੍ਹਾ ਕਰਕੇ ਗਾਇਕ ਨੂੰ ਕਾਫੀ ਟ੍ਰੋਲ ਹੋਣਾ ਪੈ ਰਿਹਾ ਹੈ।
ਇੰਦਰਜੀਤ ਨਿੱਕੂ ਨੇ ਆਪਣੇ ਗਾਣੇ ਨੂੰ 24 ਸਤੰਬਰ ਨੂੰ ਰਿਲੀਜ਼ ਕੀਤਾ ਸੀ, 2 ਦਿਨਾਂ 'ਚ ਇਸ ਗਾਣੇ ਨੂੰ ਸਿਰਫ 420 ਲੋਕਾਂ ਨੇ ਦੇਖਿਆ ਹੈ। ਹਲਾਂਕਿ ਕਿ ਗਾਇਕ ਦੇ ਕੁਝ ਫੈਨਜ਼ ਇਸ ਗੀਤ ਨੂੰ ਚੰਗਾ 'ਤੇ ਸਹੀ ਦੱਸ ਰਹੇ ਹਨ ਤੇ ਗਾਇਕ ਦੇ ਸਮਰਥਨ 'ਚ ਕਮੈਂਟ ਕਰ ਰਹੇ ਹਨ।
ਦੱਸਣਯੋਗ ਹੈ ਕਿ ਇੰਦਰਜੀਤ ਨਿੱਕੂ ਦੀ ਅਗਸਤ 2022 'ਚ ਬਾਬਾ ਬਾਗੇਸ਼ਵਰ ਦੇ ਦਰਬਾਰ ਤੋਂ ਵੀਡੀਓ ਲੀਕ ਹੋਈ ਸੀ, ਜਿਸ ਵਿੱਚ ਗਾਇਕ ਰੋਂਦੇ ਹੋਏ ਬਾਬੇ ਨੂੰ ਆਪਣੇ ਮਾੜੇ ਸਮੇਂ ਬਾਰੇ ਦੱਸਦਾ ਨਜ਼ਰ ਆਇਆ ਸੀ। ਇਹ ਵੀਡੀਓ ਖੂਬ ਵਾਇਰਲ ਹੋਈ ਸੀ।
- PTC PUNJABI