Birthday Special : ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਅੱਜ ਮਨਾ ਰਹੀ ਹੈ ਆਪਣਾ 47ਵਾਂ ਜਨਮਦਿਨ

By  Pushp Raj January 31st 2022 02:12 PM

ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਭਾਵੇਂ ਲੰਮੇ ਸਮੇਂ ਤੋਂ ਪ੍ਰੀਤੀ ਜ਼ਿੰਟਾ ਫ਼ਿਲਮੀ ਦੁਨੀਆਂ ਤੋਂ ਦੂਰ ਹੈ, ਪਰ ਆਪਣੇ ਸਮੇਂ ਵਿੱਚ ਉਸ ਨੇ ਕਈ ਹਿੱਟ ਫ਼ਿਲਮਾਂ ਕੀਤੀਆਂ ਹਨ। ਆਪਣੀ ਅਦਾਕਾਰੀ ਲਈ ਉਸ ਨੇ ਕਈ ਐਵਾਰਡ ਵੀ ਜਿੱਤੇ ਹਨ।

ਪ੍ਰੀਤੀ ਜ਼ਿੰਟਾ ਦਾ ਜਨਮ 31 ਜਨਵਰੀ 1975 ਵਿੱਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿੱਚ ਹਇਆ ਸੀ। ਆਪਣੇ ਹਸਮੁੱਖ ਤੇ ਚੁਲਬੁਲੇ ਅੰਦਾਜ਼ ਲਈ ਪ੍ਰੀਤੀ ਬੇਹੱਦ ਮਸ਼ਹੂਰ ਹੈ।ਪ੍ਰੀਤੀ ਜ਼ਿੰਟਾ ਦਾ ਨਾਂਅ ਬਾਲੀਵੁੱਡ ਦੀ ਉਨ੍ਹਾਂ ਅਦਾਕਾਰਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਕਰੀਅਰ ਵਿੱਚ ਹਿੰਦੀ ਫਿਲਮਾਂ ਦੇ ਲਗਭਗ ਸਾਰੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਪ੍ਰੀਤੀ ਨੇ ਵੱਡੇ ਪਰਦੇ 'ਤੇ ਸਭ ਤੋਂ ਵੱਧ ਫ਼ਿਲਮਾਂ ਸਲਮਾਨ ਖ਼ਾਨ ਨਾਲ ਕੀਤੀਆਂ ਹਨ, ਦਰਸ਼ਕਾਂ ਨੂੰ ਪ੍ਰੀਤੀ ਤੇ ਸਲਮਾਨ ਦੀ ਜੋੜੀ ਬਹੁਤ ਪਸੰਦ ਸੀ।

ਡਿੰਪਲ ਵਾਲੀਆਂ ਗਲ੍ਹਾਂ ਨਾਲ ਮੁਸਕਰਾਉਂਦੀ ਹੋਈ ਪ੍ਰੀਤੀ ਮਾਸੂਮ ਹੀ ਨਹੀਂ, ਸਗੋਂ ਬਹੁਤ ਹੀ ਬਹਾਦਰ ਤੇ ਨਿਡਰ ਵੀ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਇੱਕ ਅੰਡਰਵਰਲਡ ਦੇ ਡਾਨ ਖਿਲਾਫ਼ ਗਵਾਹੀ ਦੇਣ ਦਾ ਮਾਮਲਾ ਆਇਆ ਤਾਂ ਇੰਡਸਟਰੀ ਚੋਂ ਸਿਰਫ਼ ਪ੍ਰੀਤੀ ਹੀ ਅੱਗੇ ਆਈ। ਭੋਲੀ-ਭਾਲੀ ਨਜ਼ਰ ਦੇ ਨਾਲ-ਨਾਲ ਡਿੰਪਲ ਗਲ੍ਹਾਂ ਅਤੇ ਸ਼ਰਾਰਤੀ ਅੱਖਾਂ ਵਾਲੀ, ਇਹ ਖੂਬਸੂਰਤ ਅਦਾਕਾਰਾ ਮਜ਼ਬੂਤ ਇਰਾਦੇ ​​ਅਤੇ ਬਹੁਤ ਦਿਲਦਾਰ ਜਾਣੀ ਜਾਂਦੀ ਹੈ, ਕਿਉਂਕਿ ਪ੍ਰੀਤੀ ਹਮੇਸ਼ਾਂ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦੀ ਹੈ।

ਹੋਰ ਪੜ੍ਹੋ : 9 ਸਾਲਾ ਬੱਚੀ ਤੋਂ ਪ੍ਰਭਾਵਿਤ ਹੋ ਕੇ ਵਿਦਯੁਤ ਜਾਮਵਾਲ ਨੇ ਕਲਾਰਿਪਯੱਟੂ ਅਕੈਡਮੀ ਬਣਾਉਣ ਲਈ ਡੋਨੇਟ ਕੀਤੇ 5 ਲੱਖ ਰੁਪਏ

ਪ੍ਰੀਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੁੰਬਈ ਵਿੱਚ ਬਿਨਾਂ ਕਿਸੇ ਗੌਡਫਾਦਰ ਦੇ ਮਾਡਲਿੰਗ ਨਾਲ ਕੀਤੀ ਸੀ। ਲੰਮੇ ਸੰਘਰਸ਼ ਤੋਂ ਬਾਅਦ ਉਸ ਨੂੰ 1998 'ਚ ਸ਼ਾਹਰੁਖ ਖ਼ਾਨ ਨਾਲ ਫਿਲਮ 'ਦਿਲ ਸੇ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਇਸ 'ਚ ਉਸ ਦਾ ਰੋਲ ਛੋਟਾ ਸੀ ਪਰ ਪ੍ਰੀਤੀ ਨੇ ਇਸ ਜ਼ਰੀਏ ਇੰਡਸਟਰੀ 'ਚ ਦਮਦਾਰ ਐਂਟਰੀ ਲਈ। ਇਸੇ ਸਾਲ ਆਈ ਫ਼ਿਲਮ ‘ਸੋਲਜਰ’ ਨੇ ਵੀ ਨੂੰ ਉਸ ਪਛਾਣ ਦਿਵਾਈ।

 

ਸਾਲ 2000 'ਚ ਆਈ ਫਿਲਮ 'ਕਯਾ ਕਹਿਨਾ' ਨਾਲ ਉਹ ਦਰਸ਼ਕਾਂ ਦੇ ਦਿਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ ਸੀ। ਇਸ ਫਿਲਮ 'ਚ ਉਨ੍ਹਾਂ ਦੀ ਮਾਸੂਮੀਅਤ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਅਤੇ ਫਿਰ 2003 ਵਿੱਚ ਪ੍ਰੀਤੀ ਨੂੰ ‘ਕਲ ਹੋ ਨਾ ਹੋ’ ਲਈ ਬੈਸਟ ਐਕਟਰਸ ਐਵਾਰਡ ਵੀ ਮਿਲਿਆ।

2003 'ਚ 'ਕੋਈ ਮਿਲ ਗਿਆ' ਅਤੇ 2004 'ਚ 'ਵੀਰ ਜ਼ਾਰਾ' ਨਾਲ ਪ੍ਰੀਤੀ ਨੇ ਬਾਲੀਵੁੱਡ 'ਚ ਉਹ ਮੁਕਾਮ ਹਾਸਲ ਕੀਤਾ, ਜਿਸ 'ਤੇ ਉਸ ਨੂੰ ਪਹੁੰਚਣਾ ਸੀ। ਇਸ ਤੋਂ ਬਾਅਦ 2005 'ਚ 'ਸਲਾਮ ਨਮਸਤੇ', 2006 'ਚ 'ਕਭੀ ਅਲਵਿਦਾ ਨਾ ਕਹਿਣਾ' ਤੋਂ ਬਾਅਦ ਉਹ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਬਣ ਗਈ। ਇਸ ਦੌਰਾਨ ਪ੍ਰੀਤੀ ਜ਼ਿੰਟਾ ਨੇ ਆਪਣੇ ਅਮਰੀਕੀ ਬੁਆਏਫ੍ਰੈਂਡ ਜੇਨ ਗੁਡਨਫ ਨਾਲ ਵਿਆਹ ਕਰਵਾ ਲਿਆ।

ਇਸ ਤੋਂ ਬਾਅਦ ਪ੍ਰੀਤੀ ਕਾਫੀ ਸਮੇਂ ਤੱਕ ਫਿਲਮੀ ਪਰਦੇ ਤੋਂ ਦੂਰ ਰਹੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ 'ਚ ਕੁਝ ਪ੍ਰੋਜੈਕਟ ਕੀਤੇ। ਜਦੋਂ ਉਹ ਭਾਰਤ ਵਾਪਿਸ ਆਈ ਤਾਂ 2013 'ਚ 'ਇਸ਼ਕ ਇਨ ਪੈਰਿਸ' ਨਾਲ ਪਰਦੇ 'ਤੇ ਆਈ ਪਰ ਇਹ ਫਿਲਮ ਜ਼ਿਆਦਾ ਕਮਾਲ ਨਹੀਂ ਕਰ ਸਕੀ। ਇਸ ਤੋਂ ਬਾਅਦ ਪ੍ਰੀਤੀ ਨੇ ਫ਼ਿਲਮ ਜਗਤ ਤੋਂ ਦੂਰੀ ਬਣਾ ਲਈ।

Related Post