61 ਸਾਲਾਂ ਦਾ ਨੌਜਵਾਨ ਗੁਰਦਾਸ ਮਾਨ ਅਜੇ ਵੀ ਪਾ ਰਿਹਾ ਹੈ ਧੁੱਮਾਂ, ਜਾਣੋ ਹੁਣ ਤੱਕ ਦਾ ਸਫ਼ਰ

By  Gourav Kochhar January 4th 2018 07:07 AM

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਅੱਜ ਆਪਣਾ 61ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 4 ਜਨਵਰੀ, 1957 ਨੂੰ ਪੰਜਾਬ ਦੇ ਮੁਕਤਸਾਰ ਜਿਲੇ 'ਚ ਸਥਿਤ ਪਿੰਡ ਗਿੱਦੜਬਾਹਾ 'ਚ ਹੋਇਆ। ਗੁਰਦਾਸ ਮਾਨ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਤੇ ਅਭਿਨੇਤਾ ਹਨ।

ਉਨ੍ਹਾਂ ਨੂੰ ਪੰਜਾਬੀ ਗਾਇਕੀ ਦਾ ਸਮਰਾਟ ਮੰਨਿਆ ਜਾਂਦਾ ਹੈ। 1980 'ਚ ਗਾਏ ਗੀਤ 'ਦਿਲ ਦਾ ਮਾਮਲਾ ਹੈ' ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਗੁਰਦਾਸ ਮਾਨ ਨੇ ਹੁਣ ਤੱਕ 34 ਕੈਸਟਾਂ ਰਿਲੀਜ਼ ਕੀਤੀਆਂ ਹਨ ਅਤੇ ਹਿੰਦੀ ਫਿਲਮਾਂ 'ਚ ਵੀ ਗੀਤ ਗਾਏ ਹਨ।

ਸਾਲ 2013 'ਚ ਉਨ੍ਹਾਂ ਨੇ ਵੀਡੀਓ ਬਲਾਗ ਰਾਹੀਂ ਪੁਰਾਣੇ ਤੇ ਨਵੇਂ ਸੰਗੀਤ ਵੀਡੀਓ ਦੁਆਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਯੂ-ਟਿਊਬ ਚੈਨਲ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ। ਗੁਰਦਾਸ ਮਾਨ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਇਕ ਕਰਮਚਾਰੀ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ |

ਗੁਰਦਾਸ ਮਾਨ 1980 'ਚ ਆਪਣੇ ਮਸ਼ਹੂਰ ਗਾਣੇ 'ਦਿਲ ਦਾ ਮਾਮਲਾ ਹੈ' ਨਾਲ ਨੈਸ਼ਨਲ ਫੇਮ ਬਣ ਕੇ ਉੱਭਰੇ। ਉਨ੍ਹਾਂ ਨੇ ਹਮੇਸ਼ਾ ਆਪਣੇ ਪੰਜਾਬੀ ਗਾਣਿਆਂ ਰਾਹੀਂ ਪੰਜਾਬ 'ਚ ਵਧ ਰਹੀਆਂ ਬੁਰਾਈਆਂ ਨੂੰ ਨਿਸ਼ਾਨਾ ਬਣਾਇਆ ਹੈ। ਗੁਰਦਾਸ ਮਾਨ ਮਾਰਸ਼ਲ ਆਰਟਸ ਦੇ ਮਾਹਿਰ ਵੀ ਹਨ। ਉਨ੍ਹਾਂ ਨੇ ਜੂਡੋ 'ਚ ਬਲੈਕ ਬੈਲਟ ਵੀ ਜਿੱਤੀ ਹੈ।

ਗੁਰਦਾਸ ਮਾਨ Gurdas Mann ਨੂੰ ਬਤੌਰ ਬੈਸਟ ਪਲੇਅਬੈਕ ਗਾਇਕ ਵਜੋਂ ਨੈਸ਼ਨਲ ਫਿਲਮ ਐਵਾਰਡ ਵੀ ਮਿਲ ਚੁੱਕਾ ਹੈ। ਸਾਲ 1980 ਤੋਂ ਲੈ ਕੇ 1990 ਤਕ ਆਪਣੇ ਗਾਣਿਆਂ ਤੇ ਉਸ ਤੋਂ ਬਾਅਦ ਆਪਣੀਆਂ ਫਿਲਮਾਂ ਰਾਹੀਂ ਪੰਜਾਬ 'ਚ ਪੁਲਸ ਦੇ ਜ਼ੁਲਮਾਂ ਨੂੰ ਸਭ ਦੇ ਸਾਹਮਣੇ ਲਿਆਉਣ ਵਾਲੇ ਉਹ ਪਹਿਲੇ ਕਲਾਕਾਰ ਸਨ।

ਸਤੰਬਰ 2010 'ਚ ਬ੍ਰਿਟੇਨ ਦੇ ਵੋਲਵਰਹੈਂਪਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ 'ਚ ਡਾਕਟਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ 14 ਦਸੰਬਰ 2012 'ਚ ਯੂਨੀਵਰਸਿਟੀ ਪਟਿਆਲਾ ਦੇ 36ਵੇਂ ਕਨਵੋਕੇਸ਼ਨ ਸਮਾਰੋਹ 'ਚ ਰਾਜਪਾਲ ਨੇ 'ਡਾਕਟਰ ਆਫ ਲਿਟਰੇਚਰ' ਦੀ ਉਪਾਧੀ ਨਾਲ ਸਨਮਾਨਿਤ ਕੀਤਾ।

ਦੱਸਣਯੋਗ ਹੈ ਕਿ ਹਾਲ ਹੀ 'ਚ ਗੁਰਦਾਸ ਮਾਨ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਰਿਸੈਪਸ਼ਨ ਪਾਰਟੀ 'ਚ ਆਖੜਾ ਲਾਉਣ ਪੁੱਜੇ ਸਨ, ਜਿਥੇ ਉਨ੍ਹਾਂ ਨੇ ਸੈਲੀਬ੍ਰਿਟੀਜ਼ ਦਾ ਖੂਬ ਮਨੋਰੰਜਨ ਕੀਤਾ।

Related Post