'ਕਹੋ ਨਾ ਪਿਆਰ ਹੈ' ਫੇਮ ਗੀਤਕਾਰ ਇਬ੍ਰਾਹਿਮ ਅਸ਼ਕ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

By  Pushp Raj January 17th 2022 12:41 PM -- Updated: January 17th 2022 12:50 PM

ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦਾ ਅਸਰ ਫ਼ਿਲਮ ਤੇ ਟੀਵੀ ਜਗਤ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਕਈ ਬਾਲੀਵੁੱਡ ਤੇ ਟੀਵੀ ਸੈਲੇਬਸ ਇਸ ਸਮੇਂ ਕੋਰੋਨਾ ਪੀੜਤ ਹਨ। 'ਕਹੋ ਨਾ ਪਿਆਰ ਹੈ' ਫੇਮ ਗੀਤਕਾਰ ਇਬ੍ਰਾਹਿਮ ਅਸ਼ਕ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਗੀਤਕਾਰ ਇਬ੍ਰਾਹਿਮ ਅਸ਼ਕ ਦਾ ਦੇਹਾਂਤ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਚੱਲਦੇ ਹੋਇਆ ਹੈ।

ਗੀਤਕਾਰ ਇਬ੍ਰਾਹਿਮ ਅਸ਼ਕ ਦਾ ਐਤਵਾਰ ਨੂੰ ਕੋਵਿਡ-19 ਅਤੇ ਨਿਮੋਨੀਆ ਤੋਂ ਪੀੜਤ ਹੋਣ ਕਾਰਨ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੀ ਧੀ ਨੇ  ਦਿੱਤੀ ਹੈ। ਉਨ੍ਹਾਂ ਦੀ ਧੀ ਮੁਸਾਫਾ ਨੇ ਦੱਸਿਆ ਕਿ ਅਸ਼ਕ ਨੂੰ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਨੂੰ ਸ਼ਹਿਰ ਦੇ ਮੈਡੀਟੇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

ਹੋਰ ਪੜ੍ਹੋ : ਕਥਕ ਗੁਰੂ ਪੰਡਿਤ ਬਿਰਜੂ ਮਹਾਰਾਜ ਦਾ ਹੋਇਆ ਦੇਹਾਂਤ, ਪੀਐਮ ਮੋਦੀ ਨੇ ਸਣੇ ਕਈ ਸੈਲੇਬਸ ਨੇ ਪ੍ਰਗਟਾਇਆ ਸੋਗ

ਹਸਪਤਾਲ 'ਚ ਭਰਤੀ ਹੋਣ ਮਗਰੋਂ ਅਸ਼ਕ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਮਿਲੀ। ਉਹ ਕੋਰੋਨਾ ਵਾਇਰਸ ਤੇ ਨਿਮੋਨੀਆ ਤੋਂ ਪੀੜਤ ਸਨ। ਡਾਕਟਰਾਂ ਨੇ ਦੱਸਿਆ ਕਿ ਕੋਰੋਨਾ ਦੇ ਕਾਰਨ ਉਨ੍ਹਾਂ ਦੇ ਫੇਫੜੇ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਐਤਵਾਰ ਸ਼ਾਮ ਨੂੰ ਕਰੀਬ 4 ਵਜੇ ਦੇਹਾਂਤ ਹੋ ਗਿਆ। ਮੁਸਾਫਾ ਨੇ ਦੱਸਿਆ ਕਿ ਗੀਤਕਾਰ ਇਬ੍ਰਾਹਿਮ ਅਸ਼ਕ ਦਾ ਅੰਤਿਮ ਸਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ।

ਹੋਰ ਪੜ੍ਹੋ : Death Anniversary : ਜਾਣੋ ਲੀਲਾ ਮਿਸ਼ਰਾ ਨੇ ਫ਼ਿਲਮਾਂ 'ਚ ਮਹਿਜ਼ ਮਾਂ ਤੇ ਨਾਨੀ ਦੇ ਹੀ ਰੋਲ ਕਿਉਂ ਕੀਤੇ

ਮੱਧ ਪ੍ਰਦੇਸ਼ ਵਿੱਚ ਜਨਮੇ ਇਬ੍ਰਾਹਿਮ ਅਸ਼ਕ ਨੇ 1974 ਵਿੱਚ ਇੰਦੌਰ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਉਹ ਉਰਦੂ ਭਾਸ਼ਾ ਦੇ ਵੀ ਸ਼ਾਇਰ ਸਨ। ਬਾਅਦ ਵਿੱਚ ਉਨ੍ਹਾਂ ਨੇ ਇੱਕ ਪੱਤਰਕਾਰ ਵਜੋਂ ਵੀ ਕੰਮ ਕੀਤਾ। ਉਹ ਆਪਣੇ ਪਿੱਛੇ ਪਤਨੀ ਤੇ ਮੁਸਾਫਾ ਸਣੇ ਦੋ ਧੀਆਂ ਨੂੰ ਇੱਕਲਾ ਛੱਡ ਗਏ ਹਨ।

ਦੱਸ ਦਈਏ ਕਿ ਗੀਤਕਾਰ ਇਬ੍ਰਾਹਿਮ ਅਸ਼ਕ 70 ਸਾਲਾਂ ਦੇ ਸਨ। ਗੀਤਕਾਰ ਇਬ੍ਰਾਹਿਮ ਅਸ਼ਕ ਨੂੰ 'ਕਹੋ ਨਾ ਪਿਆਰ ਹੈ' ਅਤੇ 'ਕੋਈ... ਮਿਲ ਗਿਆ' ਵਰਗੀਆਂ ਕਈ ਫਿਲਮਾਂ ਲਈ ਗੀਤ ਲਿਖਣ ਲਈ ਜਾਣਿਆ ਜਾਂਦਾ ਹੈ। ਬਾਲੀਵੁੱਡ ਵਿੱਚ ਉਨ੍ਹਾਂ ਦੇ ਲਿਖੇ ਕਈ ਗੀਤ ਮਸ਼ਹੂਰ ਹਨ। ਇਨ੍ਹਾਂ ਵਿੱਚ 'ਕਹੋ ਨਾ ਪਿਆਰ ਹੈ', 'ਨਾ ਤੁਮ ਜਾਨੋ ਨਾ ਹਮ', 'ਕੋਈ ਮਿਲ ਗਿਆ', 'ਇਧਰ ਚਲਾ ਮੇਂ ਉਧ ਚਲਾ' ਅਤੇ 'ਆਪ ਮੁਝੇ ਅੱਛੇ ਲਗਨੇ ਲਗੇ' ਵਰਗੇ ਹਿੱਟ ਗੀਤ ਸ਼ਾਮਲ ਹਨ।

Related Post