ਨਵਾਜ਼ੂਦੀਨ ਸਿੱਦੀਕੀ ਨੂੰ ਮੇਕਅੱਪ ਕਰਨ 'ਚ ਲੱਗੇ 3 ਘੰਟੇ, ਕਿਹਾ ਅਭਿਨੇਤਰੀਆਂ ਵਾਂਗ ਤਿਆਰ ਹੋਣਾ ਬਹੁਤ ਔਖਾ

By  Pushp Raj August 29th 2022 02:42 PM -- Updated: August 29th 2022 03:33 PM

Nawazuddin Siddiqui Film Haddi : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਨਵਾਜ਼ੂਦੀਨ ਸਿੱਦਕੀ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ। ਫ਼ਿਲਮ ਹੀਰੋਪੰਤੀ-2 ਤੋਂ ਬਾਅਦ ਹੁਣ ਨਵਾਜ਼ੁਦੀਨ ਸਿੱਦਕੀ ਆਪਣੀ ਨਵੀਂ ਫ਼ਿਲਮ 'ਹੱਡੀ' ਰਾਹੀਂ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫ਼ਿਲਮ ਵਿੱਚ ਉਹ ਵੱਖਰੇ ਤੇ ਨਵੇਂ ਅਵਤਾਰ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਵਿੱਚ ਉਹ ਮਹਿਲਾ ਦੇ ਕਿਰਦਾਰ ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਨਵਾਜ਼ੂਦੀਨ ਸਿੱਦੀਕੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਆਖ਼ਿਰ ਅਭਿਨੇਤਰੀਆਂ ਤਿਆਰ ਹੋਣ ਵਿੱਚ ਵੱਧ ਸਮਾਂ ਕਿਉਂ ਲੈਂਦੀਆਂ ਹਨ।

image From intsagram

ਨਵਾਜ਼ੂਦੀਨ ਸਿੱਦੀਕੀ ਉਸ ਸਮੇਂ ਸੁਰਖੀਆਂ 'ਚ ਆ ਗਏ ਜਦੋਂ ਫ਼ਿਲਮ 'ਹੱਡੀ' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ। ਇਸ ਦੇ ਨਾਲ ਹੀ ਫਰਸਟ ਲੁੱਕ ਵੀ ਜਾਰੀ ਕੀਤਾ ਗਿਆ। ਨਵਾਜ਼ੂਦੀਨ ਸਿੱਦੀਕੀ ਇੱਕ ਖੂਬਸੂਰਤ ਮਹਿਲਾ ਦੇ ਗੈਟਅੱਪ 'ਚ ਨਜ਼ਰ ਆਏ। ਇਸ 'ਚ ਉਨ੍ਹਾਂ ਨੂੰ ਦੇਖ ਕੇ ਪਛਾਣਨਾ ਮੁਸ਼ਕਿਲ ਸੀ। ਹਲਾਂਕਿ ਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੀ ਲੁੱਕ ਦੀ ਤੁਲਨਾ ਅਰਚਨਾ ਪੂਰਨ ਸਿੰਘ ਨਾਲ ਕੀਤੀ ਗਈ।

ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਨਵਾਜ਼ੂਦੀਨ ਸਿੱਦੀਕੀ ਨੇ ਦੱਸਿਆ ਕਿ ਫ਼ਿਲਮ ਦੇ ਇਸ ਕਿਰਦਾਰ ਵਿੱਚ ਆਉਣ ਲਈ ਉਨ੍ਹਾਂ ਕਈ ਘੰਟੇ ਮੇਕਅੱਪ ਕਰਨਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਮਝ ਗਏ ਹਨ ਕਿ ਆਖ਼ਿਰ ਅਭਿਨੇਤਰੀਆਂ ਨੂੰ ਤਿਆਰ ਹੋਣ 'ਚ ਇੰਨਾ ਸਮਾਂ ਕਿਉਂ ਲੱਗਦਾ ਹੈ। ਨਵਾਜ਼ੂਦੀਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਸ ਕਿਰਦਾਰ ਵਿੱਚ ਆਉਣ ਲਈ ਮੇਅਕਪ ਕਰਨ ਦੇ ਵਿੱਚ ਲਗਭਗ 3 ਘੰਟੇ ਤੋਂ ਵੱਧ ਸਮਾਂ ਲੱਗਦਾ ਹੈ।

image From intsagram

ਆਪਣੀ ਇਸ ਫ਼ਿਲਮ ਦੇ ਵਿੱਚ ਨਵਾਜ਼ੂਦੀਨ ਡਬਲ ਰੋਲ ਵਿੱਚ ਨਜ਼ਰ ਆਉਣਗੇ। ਉਹ ਇੱਕ ਮਹਿਲਾ ਅਤੇ ਇੱਕ ਟਰਾਂਸਜੈਂਡਰ ਦੀ ਭੂਮਿਕਾ ਨਿਭਾ ਰਹੇ ਹਨ। ਆਪਣੇ ਇੰਟਰਵਿਊ 'ਚ ਨਵਾਜ਼ੂਦੀਨ ਨੇ ਕਿਹਾ, 'ਮੇਰੀ ਬੇਟੀ ਜਦੋਂ ਮੈਨੂੰ ਮਹਿਲਾ ਦੇ ਪਹਿਰਾਵੇ 'ਚ ਦੇਖਦੀ ਸੀ ਤਾਂ ਉਹ ਨਾਰਾਜ਼ ਹੋ ਜਾਂਦੀ ਸੀ। ਹੁਣ ਉਹ ਜਾਣਦੀ ਹੈ ਕਿ ਇਹ ਗੈਟਅਪ ਇੱਕ ਫ਼ਿਲਮ ਦੇ ਕਿਰਦਾਰ ਲਈ ਹੈ ਤੇ ਹੁਣ ਸਭ ਕੁੱਝ ਠੀਕ ਹੈ।'

ਨਵਾਜ਼ੂਦੀਨ ਨੇ ਅੱਗੇ ਕਿਹਾ ਕਿ 'ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਤਜ਼ਰਬੇ ਤੋਂ ਬਾਅਦ ਮੈਂ ਉਨ੍ਹਾਂ ਅਭਿਨੇਤਰੀਆਂ ਦਾ ਬਹੁਤ ਸਤਿਕਾਰ ਕਰਦਾ ਹਾਂ ਜੋ ਹਰ ਰੋਜ਼ ਅਜਿਹਾ ਕਰਦੀਆਂ ਹਨ। ਇਨ੍ਹਾਂ ਸਾਰਾ ਕੰਮ ਹੁੰਦਾ ਹੈ। ਵਾਲ, ਮੇਕਅਪ, ਕੱਪੜੇ, ਨਹੁੰ... ਸਭ ਕੁਝ ਨਾਲ ਲੈ ਕੇ ਚਲਣਾ ਪੈਂਦਾ ਹੈ। ਹੁਣ ਮੈਂ ਜਾਣਦਾ ਹਾਂ ਕਿ ਇੱਕ ਅਭਿਨੇਤਰੀ ਨੂੰ ਆਪਣੀ ਵੈਨਿਟੀ ਵੈਨ ਤੋਂ ਬਾਹਰ ਨਿਕਲਣ ਵਿੱਚ ਇੱਕ ਆਦਮੀ ਨਾਲੋਂ ਜ਼ਿਆਦਾ ਸਮਾਂ ਕਿਉਂ ਲੱਗ ਸਕਦਾ ਹੈ। ਇਹ ਪੂਰੀ ਤਰ੍ਹਾਂ ਜਾਇਜ਼ ਹੈ। ਮੇਰੇ ਕੋਲ ਹੁਣ ਹੋਰ ਸਬਰ ਰੱਖਣ ਦੀ ਸਮਰਥਾ ਹੋਵੇਗੀ।'

image From intsagram

ਹੋਰ ਪੜ੍ਹੋ: ਬੋਲਡ ਫੋਟੋਸ਼ੂਟ ਮਾਮਲੇ ਨੂੰ ਲੈ ਕੇ ਮੁੰਬਈ ਪੁਲਿਸ ਨੇ ਦਰਜ ਕੀਤਾ ਰਣਵੀਰ ਸਿੰਘ ਦਾ ਬਿਆਨ, ਪੜ੍ਹੋ ਪੂਰੀ ਖ਼ਬਰ

ਫ਼ਿਲਮ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਨੂੰ ਅਕਸ਼ਤ ਅਜੈ ਸ਼ਰਮਾ ਡਾਇਰੈਕਟ ਕਰਨ ਜਾ ਰਹੇ ਹਨ। ਅਕਸ਼ਤ ਨੇ ਅਦਮਿਆ ਭੱਲਾ ਨਾਲ ਮਿਲ ਕੇ ਫ਼ਿਲਮ ਦੀ ਕਹਾਣੀ ਲਿਖੀ ਹੈ। ਅਕਸ਼ਤ ਇਸ ਤੋਂ ਪਹਿਲਾਂ ਵੈੱਬ-ਸੀਰੀਜ਼ ਵਿੱਚ ਨਵਾਜ਼ ਨਾਲ ਦੂਜੀ ਯੂਨਿਟ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਅਕਸ਼ਤ AK Vs AK ਵਿੱਚ ਵੀ ਕੰਮ ਕਰ ਚੁੱਕੇ ਹਨ। ਅਕਸ਼ਤ ਨੇ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਮੇਜਰ' ਲਈ ਡਾਇਲਾਗ ਲਿਖੇ ਹਨ।

Related Post