ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਰਜਿਤ ਕਪੂਰ ਉਰਫ਼ ‘ਬੋਮਕੇਸ਼ ਬਖਸ਼ੀ’, ਇਸ ਤਰ੍ਹਾਂ ਮਿਲਿਆ ਅਦਾਕਾਰੀ ਕਰਨ ਦਾ ਪਹਿਲਾ ਮੌਕਾ

By  Rupinder Kaler May 8th 2020 09:26 AM

ਥਿਏਟਰ ਨੇ ਬਾਲੀਵੁੱਡ ਨੂੰ ਕਈ ਬਿਹਤਰੀਨ ਕਲਾਕਾਰ ਦਿੱਤੇ ਹਨ, ਜਿਹੜੇ ਆਪਣੀ ਅਦਾਕਾਰੀ ਨਾਲ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ । ਇਹਨਾਂ ਅਦਾਕਾਰਾਂ ਵਿੱਚੋਂ ਇੱਕ ਹਨ 1993 ਵਿੱਚ ਆਏ ਸੀਰੀਅਲ ‘ਬੋਮਕੇਸ਼ ਬਖਸ਼ੀ’ ਸੀਰੀਅਲ ਦੇ ਲੀਡ ਅਦਾਕਾਰ ਰਜਿਤ ਕਪੂਰ । ਆਪਣੇ 28 ਸਾਲਾਂ ਦੇ ਕਰੀਅਰ ਦੌਰਾਨ ਰਜਿਤ ਨੇ ਕਈ ਕਿਰਦਾਰ ਨਿਭਾਏ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਰਜਿਤ ਕਪੂਰ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ, ਪਰ ਜਦੋਂ ਉਹ ਡੇਢ ਸਾਲ ਦੇ ਹੋਏ ਤਾਂ ਉਹਨਾਂ ਦਾ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ ।

ਰਜਿਤ ਹਮੇਸ਼ਾ ਥਿਏਟਰ ਕਰਨਾ ਚਾਹੁੰਦੇ ਸਨ ਪਰ ਇਹ ਗੱਲ ਉਹਨਾਂ ਦੇ ਪਰਿਵਾਰ ਨੂੰ ਪਸੰਦ ਨਹੀਂ ਸੀ । ਉਹਨਾਂ ਦਾ ਪਰਿਵਾਰ ਵਪਾਰ ਕਰਦਾ ਸੀ ਇਸੇ ਲਈ ਉਹਨਾਂ ਨੇ ਬੀ-ਕਾਮ ਦੀ ਪੜ੍ਹਾਈ ਕੀਤੀ ਹਾਲਾਂ ਕਿ ਥਿਏਟਰ ਦਾ ਕੀੜਾ ਉਹਨਾਂ ਨੂੰ ਉਦੋਂ ਵੀ ਸੀ । ਅਦਾਕਾਰੀ ਸਿੱਖਣ ਲਈ ਰਜਿਤ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਅਡਮਿਸ਼ਨ ਲੈਣ ਲਈ ਫਾਰਮ ਵੀ ਖਰੀਦਿਆ ਸੀ ਪਰ ਘਰ ਵਿੱਚ ਹੰਗਾਮਾ ਹੋਣ ਕਰਕੇ ਇਸ ਨੂੰ ਪਾੜ ਦਿੱਤਾ ਗਿਆ ।

ਇਸ ਵਜ੍ਹਾ ਕਰਕੇ ਰਜਿਤ ਅਦਾਕਾਰੀ ਤਾਂ ਨਹੀਂ ਸਿੱਖ ਸਕੇ ਪਰ ਉਹਨਾਂ ਦੇ ਤਜ਼ਰਬੇ ਨੇ ਉਹਨਾਂ ਨੂੰ ਬਹੁਤ ਕੁਝ ਸਿਖਾ ਦਿੱਤਾ ਸੀ । ਕਾਲਜ ਦੇ ਦਿਨਾਂ ਵਿੱਚ ਰਜਿਤ ਅੰਗਰੇਜ਼ੀ ਨਾਟਕਾਂ ਵਿੱਚ ਕੰਮ ਕਰਦੇ ਸਨ ਤੇ ਗਾਣੇ ਵੀ ਗਾਉਂਦੇ ਸਨ । ਇੱਥੇ ਹੀ ਬਸ ਨਹੀਂ ਸਕੂਲ ਦੇ ਦਿਨਾਂ ਵਿੱਚ ਵੀ ਉਹਨਾਂ ਨੇ ਨਾਟਕ ਕੀਤੇ ਤੇ ਖੁਦ ਹਿੰਦੀ ਨਾਟਕ ਲਿਖੇ ਵੀ । ਪੜ੍ਹਾਈ ਦੌਰਾਨ ਉਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਸ਼ੌਂਕ ਵੀ ਸੀ ।

ਰਜਿਤ 20 ਸਾਲਾਂ ਤੱਕ ਲਵ ਲੈਟਰ ਨਾਂਅ ਦਾ ਥਿਏਟਰ ਸ਼ੋਅ ਕਰਦੇ ਰਹੇ । ਇਸ ਸ਼ੋਅ ਨੂੰ ਸ਼ਿਆਮ ਬੇਨੇਗਲ ਨੇ ਦੇਖਿਆ ਤੇ ਰਜਿਤ ਨੂੰ ਫੋਨ ਕੀਤਾ । ਇਸ ਤੋਂ ਬਾਅਦ ਰਜਿਤ ਨੂੰ ਫ਼ਿਲਮ ‘ਸੂਰਜ ਦਾ ਸਾਤਵਾਂ ਘੋੜਾ’ ਦਾ ਆਫਰ ਦਿੱਤਾ, ਇਹ ਉਹਨਾਂ ਦੀ ਪਹਿਲੀ ਫ਼ਿਲਮ ਸੀ ।

ਇਸ ਫ਼ਿਲਮ ਤੋਂ ਬਾਅਦ ਰਜਿਤ ਨੇ ਸੀਰੀਅਲ ਬੋਮਕੇਸ਼ ਬਖਸ਼ੀ ਸੀਰੀਅਲ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਉਹਨਾਂ ਨੂੰ ਆਫਰ ਦੀ ਝੜੀ ਲੱਗ ਗਈ । ਹਿੰਦੀ ਫ਼ਿਲਮਾਂ ਤੋਂ ਇਲਾਵਾ ਰਜਿਤ ਨੇ ਮਲਿਆਲਮ ਤੇ ਬੰਗਾਲੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ । ਉਹ ਅਦਾਕਾਰ ਦੇ ਨਾਲ-ਨਾਲ ਇੱਕ ਡਾਇਰੈਕਟਰ ਵੀ ਹਨ ।

Related Post