ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਲਈ ਗੀਤ ਗਾਉਣਗੇ ਸੋਨੂੰ ਨਿਗਮ, ਦੱਸਿਆ ਕੀ ਹੈ ਕਾਰਨ

By  Pushp Raj February 8th 2022 05:44 PM

ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਤੇ ਸਫਲ ਗਾਇਕ ਸੋਨੂੰ ਨਿਗਮ ਨੇ ਇੰਡਸਟਰੀ ਤੋਂ ਕਾਫੀ ਦੂਰੀ ਬਣਾ ਰੱਖੀ ਹੈ। ਲੰਬੇ ਸਮੇਂ ਤੋਂ ਸੋਨੂੰ ਨਿਗਮ ਮੁੰਬਈ ਦੀ ਬਜਾਏ ਆਪਣੇ ਪਰਿਵਾਰ ਨਾਲ ਦੁਬਈ ਵਿੱਚ ਰਹਿ ਰਹੇ ਹਨ। ਆਪਣੇ ਇੱਕ ਇੰਟਰਵਿਊ ਵਿੱਚ, ਸੋਨੂੰ ਨਿਗਮ ਨੇ ਅੱਜ-ਕੱਲ੍ਹ ਸੰਗੀਤ ਨਿਰਦੇਸ਼ਕਾਂ ਦੇ ਕੰਮ ਕਰਨ ਦੇ ਢੰਗ ਨਾਲ ਆਪਣੀ ਅਸੰਤੁਸ਼ਟੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਡੀਸ਼ਨ ਦੇਣ ਦੀ ਲੋੜ ਹੈ ਤਾਂ ਉਹ ਪ੍ਰੋਡਕਸ਼ਨ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ।

Image Source: Instagram

ਸੋਨੂੰ ਨਿਗਮ ਨੇ ਕਿਹਾ ਸੀ ਕਿ ਉਹ ਕਿਸੇ ਵੀ ਅਜਿਹੀ ਪ੍ਰਕਿਰਿਆ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੀ, ਜਿੱਥੇ ਬਹੁਤ ਸਾਰੇ ਗਾਇਕ ਇੱਕੋ ਗੀਤ ਨੂੰ ਰਿਕਾਰਡ ਕਰਦੇ ਹਨ ਅਤੇ ਇਸ ਪ੍ਰਕਿਰਿਆ ਨੂੰ 'ਸਵੈਮਵਰ' ਵਜੋਂ ਵਰਣਨ ਕਰਦੇ ਹਨ। ਸੋਨੂੰ ਨਿਗਮ ਨੇ ਹਾਲ ਹੀ 'ਚ ਆਮਿਰ ਖਾਨ ਦੀ ਅਗਲੀ ਫ਼ਿਲਮ 'ਲਾਲ ਸਿੰਘ ਚੱਢਾ' ਲਈ ਗੀਤ ਦੀ ਰਿਕਾਰਡਿੰਗ ਪੂਰੀ ਕੀਤੀ ਹੈ।

ਜਿਥੇ ਸੋਨੂੰ ਫ਼ਿਲਮ ਇੰਡਸਟਰੀ ਤੋਂ ਦੂਰੀ ਬਣਾ ਰਹੇ ਹਨ, ਅਜਿਹੇ ਵਿੱਚ ਉਹ ਆਮਿਰ ਦੀ ਫ਼ਿਲਮ ਵਿੱਚ ਗੀਤ ਗਾਉਣ ਲਈ ਕਿਵੇਂ ਰਾਜ਼ੀ ਹੋਏ, ਇਹ ਜਾਨਣ ਲਈ ਫੈਨਜ਼ ਬਹੁਤ ਉਤਸ਼ਾਹਿਤ ਹਨ। ਸੋਨੂੰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਫ਼ਿਲਮ ਵਿੱਚ ਗੀਤ ਗਾਉਣ ਲਈ ਆਫ਼ਰ ਆਇਆ ਤਾਂ ਸੰਗੀਤ ਨਿਰਦੇਸ਼ਕ ਪ੍ਰੀਤਮ ਨੇ ਉਨ੍ਹਾਂ ਨੂੰ ਗਾਰੰਟੀ ਦਿੱਤੀ ਸੀ ਕਿ ਉਹ ਹੀ ਇਸ ਗੀਤ ਨੂੰ ਰਿਕਾਰਡ ਕਰਨਗੇ।

 

ਹੋਰ ਪੜ੍ਹੋ : ਅਮਿਤਾਭ ਬੱਚਨ ਸਟਾਰਰ ਫ਼ਿਲਮ 'ਝੁੰਡ' ਦਾ ਟੀਜ਼ਰ ਹੋਇਆ ਰਿਲੀਜ਼, ਦਮਦਾਰ ਲੁੱਕ 'ਚ ਨਜ਼ਰ ਆਏ ਬਿਗ ਬੀ

ਸੋਨੂੰ ਨਿਗਮ ਦੇ ਮੁਤਾਬਕ ਆਮਿਰ ਖਾਨ ਨੇ ਨਿੱਜੀ ਤੌਰ 'ਤੇ ਸੋਨੂੰ ਨੂੰ ਗੀਤ ਰਿਕਾਰਡ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਅਤੇ ਪ੍ਰੀਤਮ ਵਿਚਾਲੇ ਅਨਬਨ ਹੋ ਗਈ ਸੀ। ਜਦੋਂ ਇੱਕ ਗੀਤ ਵਿੱਚ ਉਨ੍ਹਾਂ ਨੂੰ ਬਦਲ ਕੇ ਕਿਸੇ ਹੋਰ ਗਾਇਕ ਤੋਂ ਰਿਕਾਰਡ ਕਰਵਾਇਆ ਗਿਆ ਸੀ। ਸੋਨੂੰ ਨੇ ਕਿਹਾ ਕਿ ਉਹ ਕਿਸੇ ਵੀ ਨਿਰਮਾਤਾ ਜਾਂ ਸੰਗੀਤ ਨਿਰਦੇਸ਼ਕ ਕੋਲੋਂ ਕੰਮ ਦੀ ਭੀਖ ਨਹੀਂ ਮੰਗਣਾ ਚਾਹੁੰਦੇ ਅਤੇ ਉਨ੍ਹਾਂ ਦੇ ਫੈਨਜ਼ ਤੇ ਪੈਰੋਕਾਰਾਂ ਨੂੰ ਉਨ੍ਹਾਂ ਉੱਤੇ ਮਾਣ ਹੋਣਾ ਚਾਹੀਦਾ ਹੈ। ਜੋ ਮੇਰੇ ਸ਼ੁਭਚਿੰਤਕ ਹਨ ਜੇਕਰ ਉਨ੍ਹਾਂ ਨੂੰ ਇਹ ਪਤਾ ਲੱਗੇ ਕਿ ਮੈਂ ਭਿਖਾਰੀ ਹਾਂ ਤੇ ਸਾਹਮਣੇ ਰਾਜਾ ਬਣ ਕੇ ਘੁੰਮਦਾ ਹੈ ਤਾਂ ਇਹ ਮਾੜੀ ਗੱਲ ਹੋਵੇਗੀ।

 

ਦੱਸ ਦਈਏ ਕਿ ਸੋਨੂੰ ਨਿਗਮ ਨੇ 1990 ਦੇ ਦਹਾਕੇ ਵਿੱਚ ਇੱਕ ਗਾਇਕ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰਿਆਂ ਲਈ ਪਲੇਬੈਕ ਸਿੰਗਿੰਗ ਕੀਤੀ। ਦੂਜੇ ਪਾਸੇ ਸੋਨੂੰ ਨਿਗਮ ਦੀਆਂ ਐਲਬਮਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਸੋਨੂੰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।

Related Post