ਜਨਮਦਿਨ 'ਤੇ ਵਿਸ਼ੇਸ਼: ਜਾਣੋ ਸੋਨੂੰ ਸੂਦ ਦੀ ਸ਼ਖ਼ਸੀਅਤ ਦੇ ਕਿਹੜੇ ਪਹਿਲੂ ਉਹਨਾਂ ਨੂੰ ਬਣਾਉਂਦੇ ਹਨ ਬਾਕੀਆਂ ਨਾਲੋਂ ਵੱਖਰਾ

By  Rajan Nath July 30th 2022 10:05 AM -- Updated: July 30th 2022 11:29 AM

Sonu Sood Birthday Special: ਅੱਜ 30 ਜੁਲਾਈ ਦੇ ਦਿਨ, ਮਸ਼ਹੂਰ ਮਾਡਲ, ਅਦਾਕਾਰ ਅਤੇ ਨਿਰਮਾਤਾ, ਪੰਜਾਬੀ ਪੁੱਤਰ ਸੋਨੂੰ ਸੂਦ ਦਾ ਜਨਮਦਿਨ ਹੈ। ਸੋਨੂੰ ਸੂਦ ਪੰਜਾਬ ਦੇ ਮੋਗਾ ਦੇ ਜੰਮਪਲ਼ ਹਨ ਅਤੇ ਸਕੂਲੀ ਸਿੱਖਿਆ ਮੋਗਾ ਵਿਖੇ ਹਾਸਲ ਕਰਨ ਵਾਲੇ ਸੋਨੂੰ ਸੂਦ ਨਾਗਪੁਰ ਵਿਖੇ ਇਲੈਕਟ੍ਰਾਨਿਕਸ ਇੰਜਨੀਅਰਿੰਗ ਦੇ ਵਿਦਿਆਰਥੀ ਵੀ ਰਹਿ ਚੁੱਕੇ ਹਨ। ਸੋਨੂੰ ਦੀ ਅਦਾਕਾਰੀ ਦਾ ਖੇਤਰ ਬਾਲੀਵੁੱਡ ਦੇ ਨਾਲ-ਨਾਲ ਦੱਖਣ ਭਾਰਤ ਦੀਆਂ ਵੱਡੀਆਂ ਫ਼ਿਲਮਾਂ ਤੱਕ ਫ਼ੈਲਿਆ ਹੋਇਆ ਹੈ, ਅਤੇ ਦੋਵੇਂ ਖਿੱਤਿਆਂ ਦੀਆਂ ਅਨੇਕਾਂ ਸੁਪਰਹਿੱਟ ਅਤੇ ਯਾਦਗਾਰੀ ਫ਼ਿਲਮਾਂ ਨਾਲ ਸੋਨੂੰ ਸੂਦ ਦਾ ਨਾਂਅ ਜੁੜਦਾ ਹੈ।

ਨਾਮਵਰ ਪੰਜਾਬੀ ਗਾਇਕਾਂ ਦੇ ਗੀਤਾਂ ਵਿੱਚ ਸੋਨੂੰ ਸੂਦ ਨੇ ਮਾਡਲ ਵਜੋਂ ਕੰਮ ਕੀਤਾ ਹੈ, ਜਿਹਨਾਂ ਵਿੱਚ ਸਵ. ਸੁਰਜੀਤ ਬਿੰਦਰਖੀਆ, ਸੁਨੰਦਾ ਸ਼ਰਮਾ ਤੇ ਟੋਨੀ ਕੱਕੜ ਦੇ ਗੀਤ ਸ਼ਾਮਲ ਹਨ। ਦੱਖਣ ਭਾਰਤ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ 'ਅਰੁੰਧਤੀ', 'ਅਠਾਦੁ', 'ਅਸ਼ੋਕ', 'ਸ਼ਕਤੀ', 'ਜੁਲਾਈ' ਆਦਿ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਸੋਨੂੰ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਦੱਖਣ ਭਾਰਤ ਦੇ ਅਨੇਕਾਂ ਐਵਾਰਡ ਨਾਲ ਸਨਮਾਨੇ ਗਏ।

ਹੋਰ ਪੜ੍ਹੋ: ਮੁੰਬਈ ਦੀ ਲੋਕਲ ਟ੍ਰੇਨ ‘ਚ ਸਫ਼ਰ ਕਰਦੇ ਨਜ਼ਰ ਆਏ ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ, ਵੇਖੋ ਵੀਡੀਓ

Sonu Sood birthday special Image Source: Twitter

Sonu Sood Birthday Special:

ਹਿੰਦੀ ਫ਼ਿਲਮਾਂ ਵਿੱਚ 'ਦਬੰਗ', 'ਜੋਧਾ ਅਕਬਰ', 'ਯੁਵਾ', 'ਆਸ਼ਿਕ ਬਨਾਇਆ ਆਪਨੇ', 'ਸ਼ੂਟਆਉਟ ਐਟ ਵਡਾਲਾ', 'ਹੈਪੀ ਨਿਊ ਈਅਰ', 'ਸਿੰਘ ਇਜ਼ ਕਿੰਗ', 'ਸਿੰਬਾ' ਆਦਿ ਅਜਿਹੀਆਂ ਫ਼ਿਲਮਾਂ ਹਨ ਜਿਹਨਾਂ 'ਚ ਸੋਨੂੰ ਨੇ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮਨਵਾਇਆ ਅਤੇ ਬਾਲੀਵੁੱਡ ਦੇ ਵੀ ਅਨੇਕਾਂ ਵੱਡੇ ਐਵਾਰਡ ਤੇ ਅਥਾਹ ਪ੍ਰਸ਼ੰਸਾ ਆਪਣੇ ਨਾਂਅ ਕੀਤੇ।

ਦੱਖਣ ਭਾਰਤ ਅਤੇ ਬਾਲੀਵੁੱਡ ਦੇ ਨਾਲ-ਨਾਲ ਸੋਨੂੰ ਸੂਦ ਦਾ ਨਾਂਅ ਹੁਣ ਹਾਲੀਵੁੱਡ ਦੀਆਂ ਫ਼ਿਲਮਾਂ ਤੱਕ ਗੂੰਜਦਾ ਹੈ। ਹਾਲੀਵੁੱਡ ਫ਼ਿਲਮ 'ਦ ਲੈਜੈਂਡ ਆਫ਼ ਹਰਕਿਉਲਿਸ' ਦੇ ਹਿੰਦੀ ਅਨੁਵਾਦ ਵਿੱਚ ਸੋਨੂੰ ਸੂਦ ਡਬਿੰਗ ਆਰਟਿਸਟ ਵਜੋਂ ਕੰਮ ਕਰ ਚੁੱਕੇ ਹਨ।

Sonu Sood birthday special Image Source: Instagram

ਸੋਨੂੰ ਸੂਦ ਦਾ ਲੰਮਾ ਕੱਦ ਅਤੇ ਗਠਿਆ ਸਰੀਰ ਹਰ ਦੇਖਣ ਜਾਨਣ ਵਾਲੇ ਉੱਤੇ ਪ੍ਰਭਾਵ ਪਾਉਂਦੇ ਹਨ। ਅਨੇਕਾਂ ਟੀਵੀ ਸ਼ੋਅ ਉੱਤੇ ਅਕਸਰ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਦਾ ਸਖ਼ਤ ਮਿਹਨਤ ਨਾਲ ਕਮਾਇਆ ਸਰੀਰ ਦੇਖਣ ਦੀ ਫ਼ਰਮਾਇਸ਼ ਕਰਦੇ ਹਨ। ਸੋਸ਼ਲ ਮੀਡੀਆ 'ਤੇ ਤਸਵੀਰਾਂ ਵਿੱਚ ਸੋਨੂੰ ਆਪਣੇ ਪੁੱਤਰਾਂ ਨਾਲ ਕਸਰਤ ਕਰਦੇ ਦਿਖਾਈ ਦਿੰਦੇ ਹਨ ਅਤੇ ਇਹ ਤਸਵੀਰਾਂ ਅਕਸਰ ਸੁਰਖ਼ੀਆਂ ਬਟੋਰਦੀਆਂ ਹਨ।

ਅਦਾਕਾਰੀ ਅਤੇ ਫ਼ਿਟਨੈੱਸ ਤੋਂ ਇਲਾਵਾ ਇੱਕ ਤੀਸਰੀ ਚੀਜ਼ ਹੋਰ ਹੈ ਜਿਸ ਲਈ ਸੋਨੂੰ ਸੂਦ ਚਰਚਾ ਵਿੱਚ ਰਹਿੰਦੇ ਹਨ, ਅਤੇ ਉਹ ਹੈ ਉਹਨਾਂ ਦਾ ਮਨੁੱਖਤਾ ਦੀ ਭਲਾਈ ਦਾ ਜਜ਼ਬਾ ਅਤੇ ਲੋੜਵੰਦਾਂ ਲਈ ਸੇਵਾ ਕਾਰਜ। 2020 'ਚ ਫ਼ੈਲੀ ਦੇਸ਼-ਵਿਆਪੀ ਕੋਰੋਨਾ ਮਹਾਮਾਰੀ ਦੇ ਦੌਰਾਨ ਹਜ਼ਾਰਾਂ ਲੋੜਵੰਦਾਂ ਤੱਕ ਸੋਨੂੰ ਅਤੇ ਉਹਨਾਂ ਦੀ ਸੰਸਥਾ ਨੇ ਮਦਦ ਪਹੁੰਚਾਈ, ਜਿਹਨਾਂ ਵਿੱਚ ਦੂਰ-ਦੁਰਾਡੇ ਦੇ ਲੋਕਾਂ ਲਈ ਮੁਫ਼ਤ ਬੱਸ ਯਾਤਰਾ ਤੇ ਹੋਰ ਅਨੇਕਾਂ ਪ੍ਰਕਾਰ ਦੇ ਸੇਵਾ ਕਾਰਜ ਸ਼ਾਮਲ ਹਨ।

Sonu Sood birthday special Image Source: Twitter

ਇਸ 'ਚ ਕੋਈ ਸ਼ੱਕ ਨਹੀਂ ਕਿ ਸੋਨੂੰ ਸੂਦ ਜਿੰਨੇ ਵਧੀਆ ਅਦਾਕਾਰ ਹਨ, ਓਨੇ ਹੀ ਵਧੀਆ ਇਨਸਾਨ ਵੀ ਹਨ। ਉਹਨਾਂ ਦੇ ਪਰਉਪਕਾਰ ਦੇ ਕਾਰਜ ਪ੍ਰਗਟਾਵਾ ਕਰਦੇ ਹਨ ਕਿ ਉਹ ਪੇਸ਼ੇਵਰ ਵਜੋਂ ਮੁੰਬਈ ਅਤੇ ਦੂਰ-ਦੁਰਾਡੇ ਦੱਖਣ ਨਾਲ ਜੁੜੇ ਹੋਣ ਦੇ ਬਾਵਜੂਦ, ਉਹ ਆਪਣੀ ਮਿੱਟੀ, ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਦੇ ਮੂਲ ਸਿਧਾਂਤਾਂ ਨਾਲ ਵੀ ਜੁੜੇ ਹੋਏ ਹਨ।

ਪ੍ਰਭਾਵਸ਼ਾਲੀ ਅਦਾਕਾਰ ਅਤੇ ਬਿਹਤਰੀਨ ਇਨਸਾਨ ਸੋਨੂੰ ਸੂਦ ਦੇ ਜਨਮਦਿਨ ਦੀਆਂ, ਉਹਨਾਂ ਨੂੰ ਅਤੇ ਉਹਨਾਂ ਦੇ ਦੁਨੀਆ ਭਰ 'ਚ ਵਸਦੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫ਼ੇਰ ਤਹਿ ਦਿਲੋਂ ਮੁਬਾਰਕਾਂ।

PTC Network gives special wishes to Sonu Sood on his birthday!  

ਹੋਰ ਪੜ੍ਹੋ : ਅੰਮ੍ਰਿਤ ਮਾਨ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕਰ ਹੋਏ ਭਾਵੁਕ, ਕਿਹਾ ‘ਮੰਮੀ ਵੀ ਚਲੇ ਗਏ, ਦਾਦੀ ਵੀ ਚਲੇ ਗਏ, ਪਤਾ ਨਹੀਂ ਕਿਹੜੇ ਜਨਮ ‘ਚ ਇੱਕਠੇ ਹੋਵਾਂਗੇ’

Related Post