ਘਰ ‘ਚ ਤੁਲਸੀ ਦਾ ਪੌਦਾ ਲਗਾਉਂਦੇ ਸਮੇਂ ਇਨ੍ਹਾਂ ਖ਼ਾਸ ਗੱਲਾਂ ਦਾ ਧਿਆਨ ਜ਼ਰੂਰ ਰੱਖੋ

By  Lajwinder kaur September 10th 2020 09:22 AM

ਤੁਲਸੀ ਅਜਿਹਾ ਪਵਿੱਤਰ ਪੌਦਾ ਹੈ ਜਿਸ ਦੀ ਲੋਕੀਂ ਪੂਜਾ ਕਰਦੇ ਨੇ । ਜਿਸ ਕਰਕੇ ਇਹ ਹਿੰਦੁਸਤਾਨ ਦੇ ਲਗਪਗ ਹਰ ਘਰ ਵਿੱਚ ਪਾਇਆ ਜਾਂਦਾ ਹੈ । ਲੋਕ ਸਦੀਆਂ ਤੋਂ ਆਪਣੇ ਘਰ 'ਚ ਤੁਲਸੀ ਦਾ ਪੌਦਾ ਲਗਾਉਂਦੇ ਆ ਰਹੇ ਹਨ । ਧਾਰਮਿਕ ਹੋਣ ਤੋਂ ਇਲਾਵਾ ਤੁਲਸੀ ਨੂੰ ਸੰਜੀਵਨੀ ਬੂਟੀ ਵੀ ਮੰਨਿਆ ਜਾਂਦਾ ਹੈ । ਸ਼ਾਸਤਰਾਂ ਦੇ ਅਨੁਸਾਰ ਘਰ 'ਚ ਤੁਲਸੀ ਦਾ ਪੌਦਾ ਲਗਾਉਣ ਨਾਲ ਸਾਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਤੇ ਨੈਗਟਿਵੀਟੀ ਦੂਰ ਰਹਿੰਦੀ ਹੈ । ਤੁਲਸੀ ਦਾ ਪੌਦਾ ਸਹੀ ਦਿਸ਼ਾ ‘ਚ ਲਗਾਉ- ਆਪਣੇ ਘਰ 'ਚ ਤੁਲਸੀ ਦਾ ਪੌਦਾ ਲਗਾ ਰਹੇ ਹੋ ਤਾਂ ਹਮੇਸ਼ਾ ਦਿਸ਼ਾ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ । ਜ਼ਿਆਦਾਤਰ ਲੋਕ ਘਰ 'ਚ ਤੁਲਸੀ ਦਾ ਪੌਦਾ ਗਲਤ ਦਿਸ਼ਾ ‘ਚ ਲਗਾ ਦਿੰਦੇ ਨੇ ਜਾਂ ਫਿਰ ਲਗਾਉਂਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਨ, ਜਿਸ ਨਾਲ ਘਰ ਦੇ ਮਾਹੌਲ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਅਤੇ ਘਰ 'ਚ ਵਾਸਤੂ ਦੋਸ਼ ਬਣਿਆ ਰਹਿੰਦਾ ਹੈ । ਘਰ ਦੇ ਉੱਤਰ-ਪੂਰਵ ਕੋਨੇ 'ਚ ਤੁਲਸੀ ਦਾ ਪੌਦਾ ਲਗਾਉਣ ਨਾਲ ਕਈ ਤਰ੍ਹਾਂ ਦੇ ਵਾਸਤੂਦੋਸ਼ ਦੂਰ ਹੁੰਦੇ ਹਨ । ਦਰਵਾਜ਼ੇ ਦੇ ਠੀਕ ਸਾਹਮਣੇ ਤੁਲਸੀ ਦਾ ਪੌਦਾ ਲਗਾਉਣ ਨਾਲ ਘਰ 'ਚ ਪਵਿੱਤਰਤਾ ਅਤੇ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ।

ਤੁਲਸੀ ਦਾ ਸੁੱਕਾ ਪੌਦਾ ਨਾ ਰੱਖੋ- ਜੇ ਘਰ 'ਚ ਲੱਗਿਆ ਹੋਇਆ ਤੁਲਸੀ ਦਾ ਪੌਦਾ ਸੁੱਕ ਜਾਂਦਾ ਹੈ ਤਾਂ ਉਸ ਨੂੰ ਘਰ 'ਚ ਬਿਲਕੁਲ ਵੀ ਨਾ ਰੱਖੋ ਕਿਉਂਕਿ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ । ਇਸ ਸੁੱਕੇ ਹੋਏ ਪੌਦੇ ਨੂੰ ਕਿਸੇ ਨਦੀ ਜਾਂ ਤਲਾਬ ਦੇ ਚੱਲਦੇ ਹੋਏ ਪਾਣੀ 'ਚ ਪ੍ਰਵਾਹਿਤ ਕਰ ਦੇਣਾ ਚਾਹੀਦਾ ਹੈ ।

ਹਰ ਘਰ 'ਚ ਹੋਣੀ ਚਾਹੀਦੀ ਹੈ ਤੁਲਸੀ- ਤੁਲਸੀ ਦਾ ਪੌਦਾ ਹਰ ਘਰ 'ਚ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਘਰ ਦੇ ਸਾਰੇ ਤਰ੍ਹਾਂ ਦੇ ਦੋਸ਼ਾਂ ਨੂੰ ਦੂਰ ਕਰ ਸਾਡੇ ਸਰੀਰ ਨੂੰ ਨਿਰੋਗ ਅਤੇ ਜੀਵਨ ਨੂੰ ਸੁੱਖੀ ਬਣਾਈ ਰੱਖਦਾ ਹੈ ।

ਤੁਲਸੀ ਦੇ ਪੱਤੇ ਕਦੇ ਨਾ ਚਬਾਓ- ਚੰਗੀ ਸਿਹਤ ਦੇ ਲਈ ਬਹੁਤ ਸਾਰੇ ਲੋਕ ਸਵੇਰੇ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਦੇ ਨੇ । ਤੁਲਸੀ ਦੇ ਪੱਤਿਆਂ ਨੂੰ ਕਦੇ ਵੀ ਚਬਾ ਕੇ ਨਾ ਖਾਓ । ਇਨ੍ਹਾਂ ਨੂੰ ਚਬਾਉਣ ਨਾਲ ਇਨ੍ਹਾਂ ਦੇ ਪੱਤਿਆਂ 'ਚ ਮੌਜੂਦ ਪਾਰੇ ਦੇ ਕਾਰਨ ਦੰਦਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ । ਇਨ੍ਹਾਂ ਪੱਤਿਆਂ ਨੂੰ ਚਬਾਉਣ ਦੀ ਬਜਾਏ ਚੂਸਣਾ ਜ਼ਿਆਦਾ ਬਿਹਤਰ ਹੁੰਦਾ ਹੈ ।

Related Post