ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਕੱਢਿਆ ਜਾ ਰਿਹਾ 'ਇਨਸਾਫ਼ ਮਾਰਚ'; ਗਾਇਕ ਦੇ ਮਾਪਿਆਂ ਨੇ ਫੈਨਜ਼ ਨੂੰ ਕੀਤੀ ਸਮਰਥਨ ਦੇਣ ਦੀ ਅਪੀਲ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ 1 ਸਾਲ ਦਾ ਸਮਾਂ ਬੀਤਣ ਵਾਲਾ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ, ਜਿਸ ਦੇ ਚਲਦੇ ਉਨ੍ਹਾਂ ਦੇ ਮਾਤਾ-ਪਿਤਾ ਨੇ ਇਨਸਾਫ ਮਰਾਚ ਕੱਢਣ ਦਾ ਐਲਾਨ ਕੀਤਾ ਹੈ ਤੇ ਇਸ ਮਾਰਚ ਦਾ ਰੂਟ ਮੈਪ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਸਿੱਧੂ ਦੇ ਪਿਤਾ ਨੇ ਗਾਇਕ ਦੇ ਫੈਨਜ਼ ਨੂੰ ਪੁੱਤ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦਾ ਸਮਰਥਨ ਦੇਣ ਦੀ ਅਪੀਲ ਕੀਤੀ ਹੈ।

Written by  Pushp Raj   |  May 06th 2023 07:00 AM  |  Updated: May 06th 2023 07:00 AM

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਕੱਢਿਆ ਜਾ ਰਿਹਾ 'ਇਨਸਾਫ਼ ਮਾਰਚ'; ਗਾਇਕ ਦੇ ਮਾਪਿਆਂ ਨੇ ਫੈਨਜ਼ ਨੂੰ ਕੀਤੀ ਸਮਰਥਨ ਦੇਣ ਦੀ ਅਪੀਲ

Justice For Sidhu Moose wala:  ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਇਨਸਾਫ ਮਾਰਚ ਦੀ ਸ਼ੁਰੂਆਤ ਕੀਤੀ ਹੈ । ਇਨਸਾਫ ਮਾਰਚ ਦੀ ਸ਼ੁਰੂਆਤ ਸ਼ਨੀਵਾਰ ਨੂੰ ਫਿਲੌਰ ਦੇ ਬੜਾ ਪਿੰਡ ਤੋਂ ਕੀਤੀ ਜਾ ਰਹੀ ਹੈ। ਇਹ ਸ਼ਨਿੱਚਰਵਾਰ ਨੂੰ ਰੁੜਕਾ ਕਲਾਂ ਤੋਂ ਹੁੰਦੇ ਹੋਏ ਜਲੰਧਰ ਦੇ ਰਾਮਾਮੰਡੀ ਪਹੁੰਚੇਗੀ। 

ਪਿਤਾ ਬਲਕੌਰ ਸਿੰਘ ਨੇ ਫੈਨਜ਼ ਨੂੰ ਕੀਤੀ ਅਪੀਲ 

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਇਸ ਮਾਰਚ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਬਲਕੌਰ ਸਿੰਘ ਨੇ ਕਿਹਾ ਕਿ ਜਲੰਧਰ ਵਿੱਚ ਜ਼ਿਮਨੀ ਚੋਣ ਹੋਣੀ ਹੈ ਅਤੇ ਸਰਕਾਰ ਤੁਹਾਡੇ ਬੂਹੇ ’ਤੇ ਹੈ। ਭਾਵੇਂ ਉਹ ਹਰ ਐਤਵਾਰ ਨੂੰ ਇਨਸਾਫ਼ ਦੀ ਅਪੀਲ ਕਰਦੇ ਹਨ ਪਰ 5 ਮਈ ਨੂੰ ਉਹ ਇਨਸਾਫ਼ ਲਈ ਲੋਕਾਂ ਵਿਚਕਾਰ ਜਾਣਗੇ। 

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੀਤੇ ਸੋਮਵਾਰ ਵੀ ਲੋਕਾਂ ਨੂੰ ਜਲੰਧਰ ਜ਼ਿਮਨੀ ਚੋਣ 'ਚ 'ਆਪ' ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ 'ਜਸਟਿਸ ਫਾਰ ਮੂਸੇਵਾਲਾ' ਦੀਆਂ ਤਸਵੀਰਾਂ ਨੂੰ ਆਪਣੀ ਪ੍ਰੋਫਾਈਲ ਤਸਵੀਰ ਵਜੋਂ ਪਾਉਣ ਦੀ ਵੀ ਅਪੀਲ ਕੀਤੀ। ਬਲਕੌਰ ਸਿੰਘ ਨੇ 'ਆਪ' ਸਰਕਾਰ 'ਤੇ ਸਿੱਧੂ ਮੂਸੇਵਾਲਾ ਕੇਸ ਨੂੰ ਦਬਾਉਣ ਅਤੇ ਉਸ ਨੂੰ ਇਨਸਾਫ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ। 

ਉਨ੍ਹਾਂ ਕਿਹਾ "ਜਿਹੜਾ ਵੀ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦਾ ਹੈ, ਉਸ ਨੂੰ ਸਰਕਾਰ ਵੱਲੋਂ ਦਬਾਇਆ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਕੇਸ ਦਰਜ ਕੀਤੇ ਜਾ ਰਹੇ ਹਨ। ਹੋ ਸਕਦਾ ਹੈ ਕਿ ਹੁਣ ਸਰਕਾਰ ਇੱਕ ਨਵੀਂ ਵੀਡੀਓ ਵਾਇਰਲ ਕਰਕੇ ਕੋਈ ਨਵਾਂ ਡਰਾਮਾ ਕਰ ਸਕਦੀ ਹੈ। ਮੈਂ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ। 'ਆਪ' ਨੂੰ ਵੋਟ ਨਾ ਪਾਓ।"

ਮਾਤਾ ਚਰਨ ਕੌਰ ਨੇ ਕੀਤੀ ਪੁੱਤ ਲਈ ਇਨਸਾਫ ਦੀ ਮੰਗ 

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਆਪਣੇ ਪੁੱਤ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਮੂਸੇਵਾਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਪ੍ਰੋਫਾਈਲ ਤਸਵੀਰ ਦੇ ਤੌਰ 'ਤੇ ਪਾਉਣ ਅਤੇ ਉਮੀਦਵਾਰਾਂ ਨੂੰ ਇਹ ਅਹਿਸਾਸ ਕਰਵਾਉਣ ਕਿ ਕਿੰਨੇ ਲੋਕ ਮੂਸੇਵਾਲਾ ਨਾਲ ਜੁੜੇ ਹੋਏ ਹਨ।

ਉਨ੍ਹਾਂ ਕਿਹਾ "ਜਿਹੜਾ ਵੀ ਮੂਸੇਵਾਲਾ ਨਾਲ ਜੁੜਿਆ ਹੈ, ਉਹ 'ਜਸਟਿਸ ਫਾਰ ਮੂਸੇਵਾਲਾ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੋਫਾਈਲ ਪਿਕਚਰ ਦੇ ਤੌਰ 'ਤੇ ਪਾਉ ਅਤੇ ਉਮੀਦਵਾਰਾਂ ਨੂੰ ਸਵਾਲ ਪੁੱਛੋ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਾਓ ਕਿ ਸ਼ੁਭਦੀਪ ਲਈ ਇਨਸਾਫ ਦਿਵਾਉਣ 'ਚ ਸਾਡਾ ਸਾਥ ਦਵੋ। "

ਹੋਰ ਪੜ੍ਹੋ: ਕਮਲ ਚੀਮਾ ਨੇ ਵਧਾਇਆ ਪੰਜਾਬੀਆਂ ਮਾਣ, ਅਦਾਕਾਰਾ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ, ਵੇਖੋ ਤਸਵੀਰਾਂ

ਜਾਰੀ ਕੀਤਾ ਗਿਆ ਇਨਸਾਫ ਮਾਰਚ ਦਾ ਰੂਟ ਪਲਾਨ 

ਬਲਕੌਰ ਸਿੰਘ ਨੇ ਇਸ ਮਾਰਚ ਲਈ ਰੂਟ ਪਲੈਨ ਵੀ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀਆਂ ਦਿੱਕਤਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਮੂਸੇਵਾਲਾ ਦੇ ਕਤਲ ਨੂੰ ਸੰਗਰੂਰ ਉਪ ਚੋਣ 'ਚ 'ਆਪ' ਦੀ ਹਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਗਾਇਕ ਦੇ  ਕਤਲ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network