Shaheedi Diwas : ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ, ਗੁਰੂ ਘਰ ਨਤਮਸਤਕ ਹੋ ਰਹੀਆਂ ਨੇ ਸੰਗਤਾਂ

ਸ਼ਹੀਦਾਂ ਦੇ ਸਿਰਤਾਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਾਨਕ ਸ਼ਾਹੀ ਕਲੰਡਰ ਦੇ ਹਿਸਾਬ ਨਾਲ ਮੰਗਲਵਾਰ 23 ਮਈ ਨੂੰ ਪੂਰੀ ਦੁਨੀਆ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।

Written by  Pushp Raj   |  May 23rd 2023 06:43 AM  |  Updated: May 23rd 2023 12:23 PM

Shaheedi Diwas : ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ, ਗੁਰੂ ਘਰ ਨਤਮਸਤਕ ਹੋ ਰਹੀਆਂ ਨੇ ਸੰਗਤਾਂ

Shaheedi Diwas Guru Sri Arjan dev ji : ਸ਼ਹੀਦਾਂ ਦੇ ਸਿਰਤਾਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਾਨਕ ਸ਼ਾਹੀ ਕਲੰਡਰ ਦੇ ਹਿਸਾਬ ਨਾਲ ਮੰਗਲਵਾਰ 23 ਮਈ ਨੂੰ ਪੂਰੀ ਦੁਨੀਆ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਨਾਲ ਦੂਜੇ ਸੂਬਿਆਂ ਵਿੱਚ ਛਬੀਲਾਂ ਲਗਾਇਆ ਗਈਆਂ ਹਨ।

ਹੱਕ, ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪ੍ਰਥਮ ਸ਼ਹੀਦ ਗੁਰੂ ਹਨ। ਉਨ੍ਹਾਂ ਵੱਲੋਂ ਦਿੱਤੀ ਗਈ ਸ਼ਹਾਦਤ ਸਿੱਖ ਕੌਮ ਲਈ ਉਹ ਸ਼ਕਤੀ ਬਣ ਕੇ ਉੱਭਰੀ ਜਿਸ ਤੋਂ ਅਗਵਾਈ ਲੈ ਕੇ ਸਿੱਖ ਪੰਥ ਨੇ ਸ਼ਹਾਦਤਾਂ ਦੀ ਇਕ ਅਜਿਹੀ ਲੜੀ ਸਿਰਜੀ, ਜਿਸ ਦਾ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਹੋਰ ਕੋਈ ਮੁਕਾਬਲਾ ਨਹੀਂ ਕਰ ਸਕਿਆ।

ਜੇਕਰ ਸਿੱਖ ਧਰਮ ਅੰਦਰ ‘ਸ਼ਹਾਦਤ’ ਦੇ ਪ੍ਰਸੰਗ ਨੂੰ ਸਮਝਣਾ ਹੋਵੇ ਤਾਂ ਸਾਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’ ਵਾਲੇ ਬਚਨਾ ਨੂੰ ਸਮਝਣਾ ਪਵੇਗਾ। ਇਹ ਧਰਮ ਦੀ ਖਾਤਰ ਸ਼ਹਾਦਤ ਦੀ ਪ੍ਰੇਰਣਾ ਦਾ ਮੂਲ ਹੈ। ਇਸ ਮਗਰੋਂ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦੇ ਕੇ ਇਸ ਦੇ ਅਮਲ ਨੂੰ ਰੂਪਮਾਨ ਕੀਤਾ। ਇੰਝ ਅਸੀਂ ਦੇਖਦੇ ਹਾਂ ਕਿ ਸ਼ਹਾਦਤ ਦੀ ਗੁੜ੍ਹਤੀ ਸਾਨੂੰ ਗੁਰੂ ਸਾਹਿਬਾਨ ਦੇ ਦਿੱਤੀ ਹੈ। ਇਸੇ ਲਈ ਸਿੱਖ ਧਰਮ ਅੰਦਰ ਸ਼ਹਾਦਤ ਸ਼ਬਦ ਬਹੁਤ ਹੀ ਸਤਿਕਾਰ ਭਰੇ ਸ਼ਬਦਾਂ ਵਿਚ ਸਾਹਮਣੇ ਹੈ। ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਅਵਾਜ਼ ਬੁਲੰਦ ਰੱਖਣ ਲਈ ਦਿੱਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਹੈ ਅਤੇ ਇਹ ਗਵਾਹੀ ਕੋਈ ਆਮ ਨਹੀਂ ਸਗੋਂ ਸਮਾਜਕ ਸਰੋਕਾਰਾਂ ਦੇ ਨਾਲ-ਨਾਲ ਰੂਹਾਨੀਅਤ ਨਾਲ ਵੀ ਲਬਰੇਜ ਹੈ।

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਇਤਿਹਾਸ

ਸਿੱਖ ਧਰਮ ਅੰਦਰ ‘ਸ਼ਹਾਦਤ’ ਸ਼ਬਦ ਬਹੁਤ ਹੀ ਸਤਿਕਾਰ ਭਰੇ ਸ਼ਬਦਾਂ ਵਿੱਚ ਰੂਪਮਾਨ ਹੈ, ਹੱਕ, ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਆਪਣੇ ਜੀਵਨ ਦੀ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਹਨ, ਉਨ੍ਹਾਂ ਵੱਲੋਂ ਦਿੱਤੀ ਗਈ ਸ਼ਹਾਦਤ ਸਿੱਖ ਕੌਮ ਲਈ ਉਹ ਸ਼ਕਤੀ ਬਣ ਕੇ ਉੱਭਰੀ ਜਿਸ ਤੋਂ ਅਗਵਾਈ ਲੈ ਕੇ ਸਿੱਖ ਪੰਥ ਨੇ ਸ਼ਹਾਦਤਾਂ ਦੀ ਇਕ ਅਜਿਹੀ ਲੜੀ ਸਿਰਜੀ, ਜਿਸ ਦਾ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਹੋਰ ਕੋਈ ਮੁਕਾਬਲਾ ਨਹੀਂ ਕਰ ਸਕਿਆ, ਅਸਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲਿਆ ਆ ਰਿਹਾ ਹਕੂਮਤ ਦਾ ਵਿਰੋਧ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਆਪਣੇ ਸਿਖਰ ‘ਤੇ ਪੁੱਜ ਗਿਆ। ਗੁਰੂ ਜੀ ਨੂੰ ਪ੍ਰਿਥੀ ਚੰਦ, ਸੁਲਹੀ ਖਾਨ ਅਤੇ ਚੰਦੂ ਆਦਿ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ।

ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਵਿਰੋਧੀਆਂ ਤੋਂ ਸਹਾਰੀ ਨਾ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮਨੁੱਖਤਾ ਦੇ ਹਮਦਰਦ, ਸ਼ਾਂਤੀ ਸਰੂਪ, ਨਿਮਰਤਾ ਦੇ ਪੁੰਜ, ਆਦਰਸ਼ਕ ਸ਼ਖਸੀਅਤ ਨੂੰ ਅਨੇਕਾਂ ਸਰੀਰਕ ਤਸੀਹੇ ਦਿੱਤੇ ਗਏ, ਜ਼ਾਲਿਮਾਂ ਵਲੋਂ ਸਖਤ ਗਰਮੀ ਦੇ ਮੌਸਮ ਵਿਚ ਆਪ ਨੂੰ ਉਬਲਦੀ ਦੇਗ਼ ਵਿਚ ਬਿਠਾਇਆ ਗਿਆ, ਤੱਤੀ ਤਵੀ ਤੇ ਚੌਂਕੜਾ ਲਵਾਇਆ ਗਿਆ ਅਤੇ ਪਾਵਨ ਸੀਸ ਤੇ ਸੜਦੀ-ਬਲ਼ਦੀ ਰੇਤਾ ਪਾਈ ਗਈ, ਸਭ ਸਰੀਰਕ ਕਸ਼ਟਾਂ ਨੂੰ ਬੜੇ ਸਹਿਜ ਵਿਚ ਸਹਾਰਦਿਆਂ ਇਸ ਨੂੰ ਕਰਤਾਰ ਦਾ ਭਾਣਾ ਸਮਝ ਕੇ ਆਪ ਅਡੋਲ ਰਹੇ, ਇਸ ਤਰਾਂ ੩੦ ਮਈ ੧੬੦੬ ਈ: ਨੂੰ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।

ਉਂਝ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਅਨੇਕਾਂ ਕਾਰਨ ਮੰਨੇ ਜਾਂਦੇ ਹਨ, ਪਰ ਅਸਲ ਕਾਰਨ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਤੰਗ-ਦਿਲੀ ਸੀ, ਬਾਕੀ ਸਾਰੇ ਕਾਰਨ ਸਹਾਇਕ ਸਿੱਧ ਹੋਏ, ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਉਨ੍ਹਾਂ ਦੇ ਮੁਖੀ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ, ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਤੁਜ਼ਕੇ ਜਹਾਂਗੀਰੀ ਵਿੱਚ ਵੀ ਕਰਦਾ ਹੈ। ਉਸ ਨੂੰ ਬਹਾਨੇ ਦੀ ਤਲਾਸ਼ ਸੀ ਅਤੇ ਉਹ ਉਸ ਨੂੰ ਖੁਸਰੋ ਦੀ ਬਗਾਵਤ ਵਿਚੋਂ ਮਿਲਿਆ, ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ ਜਿਸ ਤੋਂ ਭਾਵ ਹੈ ਕਿ ਤਸੀਹੇ ਦੇ ਕੇ ਮਾਰਨਾ,ਦੂਸਰੇ ਪਾਸੇ ਗੁਰੂ ਸਾਹਿਬ ਦੀ ਸ਼ਹੀਦੀ ਨੇ ਸਿੱਖ ਲਹਿਰ ਨੂੰ ਨਵੀਂ ਸੇਧ ਦਿੱਤੀ ਅਤੇ ਪੰਜਾਬ ਦੇ ਇਤਿਹਾਸ ਉਤੇ ਇਸ ਦਾ ਦੂਰਗਾਮੀ ਅਸਰ ਹੋਇਆ, ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਅਕਾਲ ਪੁਰਖ ਦਾ ਤਖ਼ਤ ਸਦਾ ਰਹਿਣ ਵਾਲੇ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕੀਤੀ,ਇਤਿਹਾਸਕਾਰਾਂ ਦੀ ਨਜ਼ਰ ਵਿਚ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਧਰਮ ਦੇ ਇਤਿਹਾਸ ਵਿਚ ਇਕ ਮਹਾਨ ਤੇ ਜੁਗ ਪਲਟਾਊ ਘਟਨਾ ਅਤੇ ਇਨਕਲਾਬੀ ਮੋੜ ਦੀ ਸੂਚਕ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਕੀਤੀ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਜਿਥੇ ਉੱਚ ਆਤਮਿਕ ਜੀਵਨ ਜਿਉਣ ਦੀ ਪ੍ਰੇਰਨਾ ਕੀਤੀ, ਉਥੇ ਹੀ ਸਿੱਖੀ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਾਰਜ ਕੀਤੇ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਏ ਨਗਰ ‘ਗੁਰੂ ਕਾ ਚੱਕ’ ਨੂੰ ‘ਚੱਕ ਰਾਮਦਾਸ/ਰਾਮਦਾਸਪੁਰ’ ਦਾ ਨਾਂ ਦੇ ਕੇ ਇਸ ਦਾ ਵਿਕਾਸ ਕਰਨਾ ਆਪ ਜੀ ਦੀ ਹੀ ਦੇਣ ਹੈ, ਜੋ ਬਾਅਦ ਵਿਚ ਸ੍ਰੀ ਅੰਮ੍ਰਿਤਸਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਦੇ ਨਾਲ ਹੀ ਪੰਜਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਤਿਆਰ ਕਰਵਾਏ ਜਾ ਰਹੇ ਅੰਮ੍ਰਿਤ ਸਰੋਵਰ ਦੀ ਸੰਪੂਰਨਤਾ ਕਰਵਾ ਕੇ ਇਸਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ, ਆਪ ਵਲੋਂ ਕੀਤੇ ਗਏ ਅਹਿਮ ਕਾਰਜਾਂ ਵਿਚੋਂ ਇੱਕ ਮਹਾਨ ਕੰਮ (ਆਦਿ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਵੀ ਹੈ, ਇਸੇ ਤਰਾਂ ਆਪ ਨੇ ਵੱਖ-ਵੱਖ ਸ਼ਹਿਰਾਂ ਦੀ ਸਥਾਪਨਾ ਕੀਤੀ, ਸਰੋਵਰ ਬਣਵਾਏ ਅਤੇ ਸਿੱਖਾਂ ਨੂੰ ਵਾਪਾਰ ਲਈ ਪ੍ਰੇਰਿਆ, ਆਪ ਜੀ ਵਲੋਂ ਤੀਹ ਰਾਗਾਂ ਵਿਚ ਰਚੀ ਗਈ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਹੈ, ਇਨ੍ਹਾਂ ਸਭ ਕਾਰਜਾਂ ਸਮੇਤ ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਲਈ ਆਪ ਨੇ ਅਨੇਕਾਂ ਹੋਰ ਕਾਰਜ ਵੀ ਕੀਤੇ।

ਹੋਰ ਪੜ੍ਹੋ: ਸਾਊਥ ਐਕਟਰ ਸਰਥ ਬਾਬੂ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਲਏ ਆਖਰੀ ਸਾਹ

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network