23 ਦਸੰਬਰ: ਸਾਕਾ ਚਮਕੌਰ ਸਾਹਿਬ

Reported by: PTC Punjabi Desk | Edited by: Lajwinder kaur  |  December 23rd 2022 07:00 AM |  Updated: December 22nd 2022 09:03 PM

23 ਦਸੰਬਰ: ਸਾਕਾ ਚਮਕੌਰ ਸਾਹਿਬ

"ਹਮਰਾਹ ਰਹ ਗਏ ਥੇ ਗਰਜ਼ ਚੰਦ ਜਾਂ-ਨਿਸਾਰ

               ਫ਼ਰਜ਼ੰਦੋਂ ਮੇਂ ਥੇ ਸਾਥ ਅਜੀਤ ਔਰ ਥੇ ਜੁਝਾਰ

               ਜ਼ੋਰਾਵਰ ਔਰ ਫ਼ਤਹ ਜੋ ਦਾਦੀ ਕੇ ਸਾਥ ਥੇ

               ਦਾਏਂ ਕੀ ਜਗਹ ਚਲ ਦੀਏ ਵੋਹ ਬਾਏਂ ਹਾਥ ਥੇ"

ਅੱਲ੍ਹਾ ਯਾਰ ਖਾਂ ਜੋਗੀ

ਆਖ਼ਰ ਪੋਹ ਮਹੀਨੇ ਦੀ ਹੱਡ ਚੀਰਵੀਂ ਠੰਡ, ਸਰਸਾ ਦੇ ਸ਼ੂਕਦਾ ਤੂਫ਼ਾਨ ਅਤੇ ਦੂਜੇ ਪਾਸੇ ਮਾਰੋ-ਮਾਰ ਕਰਦਾ ਦੁਸ਼ਮਣ ਦਲਾਂ ਨਾਲ ਲੋਹਾ ਲੈਂਦਿਆਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵੱਡੇ ਦੋਹੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਸਿੰਘਾਂ ਦੇ ਜਥੇ ਨੇ ਮੁਗਲੀਆ ਹਕੂਮਤ ਦੇ ਸਿਪਾਹੀਆਂ ਨੂੰ ਆਪਣੇ ਜੋਸ਼, ਜਨੂੰਨ ਦੇ ਨਾਲ ਭਾਜੜਾਂ ਪਾਈ ਰੱਖੀਆਂ । ਮੁਗਲਾਂ ਨੇ ਸਰਸਾ ਨਦੀ ਪਾਰ ਕਰਦੇ ਸਿੰਘਾਂ ਦਾ ਲਗਾਤਾਰ ਪਿੱਛਾ ਕੀਤਾ । ਕਈ ਘੰਟੇ ਘਮਸਾਨ ਦਾ ਯੁੱਧ ਚਲਦਾ ਰਿਹਾ । ਗੁਰੂ ਦਾ ਨਿਡਰ ਤੇ ਬਹਾਦਰ ਖਾਲਸਾ ਵੈਰੀਆਂ ਦਾ ਰਾਹ ਰੋਕੀ ਲੜਦਾ ਰਿਹਾ । ਭਾਈ ਜੀਵਨ ਸਿੰਘ ਅਤੇ ਭਾਈ ਉਦੈ ਸਿੰਘ ਜੀ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਸਖਤ ਜਖ਼ਮੀ ਹੋ ਗਏ । ਮੁਗਲਾਂ ਨੂੰ ਵਹਿਮ ਸੀ ਇਨ੍ਹਾਂ ਜਾਂਬਾਜ਼ ਸੂਰਿਆਂ ਦੀ ਸ਼ਹਾਦਤ ਤੋਂ ਬਾਦ ਸਿੰਘਾਂ ਦੇ ਹੌਸਲੇ ਪਸਤ ਹੋ ਜਾਣਗੇ । ਪਰ ਕਮਾਲ ਤਾਂ ਉਦੋਂ ਹੋ ਗਈ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਦੁਸ਼ਮਣ ਦਲਾਂ ਦੇ ਘੇਰੇ ਨੂੰ ਚੀਰਦਿਆਂ ਬਾਜ਼ ਦੀ ਫੁਰਤੀ ਵਾਂਗਰ ਸਰਸਾ ਪਾਰ ਕਰ ਲਈ । ਨਗਰ-ਨਗਰ ਡਗਰ ਪੂਰੀ ਕਰਦਿਆਂ ਦਸ਼ਮੇਸ਼ ਪਿਤਾ ਦੇ ਲਾਡਲੇ ਸੂਰਮੇ ਆਖਰ ਚਮਕੌਰ ਦੀ ਗੜ੍ਹੀ ਅੰਦਰ ਪਹੁੰਚ ਗਏ ।

ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਯੇਹ ਵਹੀ ਹੈ

ਕਲ ਲੁਟ ਕੇ ਜਿਸ ਜਗਹ ਸੇ ਜਾਨਾ ਯੇਹ ਵਹੀ ਹੈ

ਜਿਸ ਜਾ ਪੇ ਹੈ ਬੱਚੋਂ ਕੋ ਕਟਾਨਾ ਯੇਹ ਵਹੀ ਹੈ

ਮੱਟੀ ਕਹਿ ਦੇਤੀ ਹੈ ਠਿਕਾਣਾ ਯੇਹ ਵਹੀ ਹੈ ।

ਅੱਲ੍ਹਾ ਯਾਰ ਖਾਂ ਜੋਗੀ

ਦਸਵੇਂ ਹਜ਼ੂਰ ਨੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਇਕ ਕਿਲ੍ਹੇ ਵਾਂਗ ਮੁਗਲਾਂ ਦੇ ਹਮਲੇ ਲਈ ਤਿਆਰ ਕਰ ਲਿਆ । ਨਵਾਬ ਵਜ਼ੀਰ ਖਾਨ ਦਸ ਲੱਖ ਦਾ ਲਸ਼ਕਰ ਆਣ ਪੁੱਜਾ ਅਤੇ ਉਸ ਆਣ ਗੜ੍ਹੀ ਦੀ ਘੇਰਾਬੰਦੀ ਕਰ ਲਈ । ਇਕ ਪਾਸੇ ਭੁੱਖੇ ਤਿਰਹਾਏ, ਠੰਡ, ਥਕਾਵਟ ਪਰ ਦਲੇਰ ਹੌਸਲੇ ਤੇ ਸ਼ੁਕਰਾਨੇ ਨਾਲ ਭਰੇ ਕੇਵਲ ਚਾਲ੍ਹੀ ਸਿੰਘ ਅਤੇ ਦੂਜੇ ਪਾਸੇ ਗੁੱਸੇ ਅਤੇ ਸ਼ਿਕਸਤ ਦੇ ਡਰ ਨਾਲ ਭਰੇ ਜ਼ਾਲਮ ਹੁਕਮਰਾਨ ਦੇ ਸਿਪਾਹੀ । ਇਸ ਤਰਾਂ ਚਮਕੌਰ ਦਾ ਮੈਦਾਨ ਦੁਨੀਆ ਦੀ ਸਭ ਤੋਂ ਬੇਜੋਡ਼ ਅਤੇ ਅਸਾਵੀਂ ਜੰਗ ਲਈ ਤਿਆਰ ਹੋ ਗਿਆ ।

inside image of chamkaur sahib

ਦਸਵੇਂ ਹਜ਼ੂਰ ਨੇ ਕਿੱਲੇ ਦੀਆਂ ਚੌਂਹ ਬਾਹੀਆਂ ਤੇ ਸਿੰਘਾਂ ਦੇ ਜਥੇ ਨੂੰ ਮੋਰਚਾ ਸੌਂਪਿਆ ਅਤੇ ਆਪ ਗੜ੍ਹੀ ਦੀ ਮਮਟੀ ਤੇ ਹਾਜ਼ਰ ਹੋ ਗਏ ।

ਤੀਰਾਂ, ਢਾਲਾਂ ਅਤੇ ਗੋਲੀਆਂ ਦੀ ਵਾਛੜ ਹੋਣ ਲੱਗੀ । ਘਮਸਾਨ ਦੇ ਯੁੱਧ ਅੰਦਰ ਜਦੋਂ ਵਾਰੋ ਵਾਰੀ ਸਿੰਘ ਸ਼ਹੀਦ ਹੁੰਦੇ ਗਏ ਤਾਂ ਬਾਬਾ ਅਜੀਤ ਸਿੰਘ ਜੀ ਨੇ ਪਿਤਾ ਗੁਰੂ ਪਾਸੋਂ ਚਮਕੌਰ ਦੇ ਮੈਦਾਨ ਏ ਜੰਗ ਵਿਚ ਜਾ ਲੜਨ ਦੀ ਆਗਿਆ ਮੰਗੀ । ਲਖ਼ਤੇ-ਜਿਗਰ ਦੇ ਜੂਝ ਮਰਨ ਦੇ ਇਰਾਦੇ ਨੂੰ ਦਸ਼ਮੇਸ਼ ਪਿਤਾ ਨੇ ਖਿੜੇ ਮੱਥੇ ਪ੍ਰਵਾਨਗੀ ਦਿੱਤੀ । ਹੱਥੀਂ ਸ਼ਾਸ਼ਤਰ ਸਜਾਏ ਅਤੇ ਮੈਦਾਨੇ ਜੰਗ ਲਈ ਰਵਾਨਾ ਕੀਤਾ ।

ਲੋ ਜਾਓ ਸਿਧਾਰੋ ! ਤੁਮੇਂ ਕਰਤਾਰ ਕੋ ਸੌਂਪਾ

---------------------------------------------

ਸਿੱਖੀ ਕੋ ਉਭਾਰੋ ਤੁਮੇਂ ਕਰਤਾਰ ਕੋ ਸੌਂਪਾ

ਬਾਬਾ ਅਜੀਤ ਸਿੰਘ ਨੇ ਅੱਠਾਂ ਸਿੰਘਾਂ ਦੇ ਜਥੇ ਨਾਲ ਰਣ ਤੱਤੇ ਅੰਦਰ ਜੰਗ ਦੇ ਐਸੇ ਜੌਹਰ ਦਿਖਾਏ ਕਿ ਦੁਸ਼ਮਣ ਦਲਾਂ ਵਿੱਚ ਭਾਜੜਾਂ ਪੈ ਗਈਆਂ । ਦਸ਼ਮੇਸ਼ ਪਿਤਾ ਨੇ ਆਪਣੇ ਬੀਰ ਸਪੁੱਤਰ ਨੂੰ ਜੂਝਦਿਆਂ ਸ਼ਹੀਦ ਹੁੰਦਿਆਂ ਵੇਖ ਅਕਾਲ ਦਾ ਸ਼ੁਕਰ ਕੀਤਾ । ਆਪਣੇ ਵੱਡੇ ਵੀਰ ਨੂੰ ਜੰਗ ਵਿੱਚ ਸ਼ਹੀਦ ਹੁੰਦਿਆਂ ਵੇਖ ਬਾਬਾ ਜੁਝਾਰ ਸਿੰਘ ਗੁਰੂ ਪਿਤਾ ਪਾਸੋਂ ਆਗਿਆ ਲੈ, ਮੈਦਾਨੇ ਜੰਗ ਅੰਦਰ ਵੈਰੀਆਂ ਨੂੰ ਮੁਕਾਉਣ ਲਈ ਡੱਟ ਕੇ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ।

ਦਸ਼ਮੇਸ਼ ਪਿਤਾ ਨੇ ਆਪਣੇ ਪੁੱਤਰਾਂ ਨੂੰ ਧਰਮ ਹਿੱਤ ਜੂਝਦਿਆਂ, ਸ਼ਹੀਦ ਹੁੰਦਿਆਂ ਵੇਖ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ । ਦਿਨ ਢੱਲ ਗਿਆ ਅਤੇ ਜੰਗ ਬੰਦ ਹੋ ਗਈ । ਦਸਮ ਪਿਤਾ ਨੇ ਰਹਿਰਾਸ ਸਾਹਿਬ ਦੀ ਬਾਣੀ ਪੜ੍ਹੀ ਅਤੇ ਅਗਲੇ ਦਿਨ ਦੀ ਨੀਤੀ ਘੜਣ ਲੱਗੇ । ਗੜ੍ਹੀ ਵਿੱਚ ਰਹਿ ਗਏ ਸਿੰਘਾਂ ਨੇ ਗੁਰਮਤਾ ਕਰਦਿਆਂ ਗੁਰੂ ਪਿਤਾ ਨੂੰ ਗੜ੍ਹੀ ਛੱਡ ਕੇ ਜਾਣ ਦਾ ਹੁਕਮ ਦਿੱਤਾ । 'ਆਪੇ ਗੁਰ ਚੇਲਾ' ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਦਾ ਹੁਕਮ ਸਤ ਕਰ ਮੰਨਿਆਂ ਅਤੇ ਦੁਸ਼ਮਣ ਦਲਾਂ ਨੂੰ ਵੰਗਾਰਦਿਆਂ ਗੜ੍ਹੀ ਛੱਡ ਕੇ ਚਲੇ ਗਏ । ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਉਸ ਵਕ਼ਤ ਆਪ ਦੇ ਨਾਲ ਸਨ ।

ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੇ ਮੇਂ

ਯਹੀਂ ਸੇ ਬਣ ਕੇ ਸਿਤਾਰੇ ਗਏ ਸੱਮਾ ਕੇ ਲੀਏ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network