Death Anniversary : ਦਿਵਿਆ ਭਾਰਤੀ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਜਿਸ ਨੇ ਛੋਟੇ ਜਿਹੇ ਕਰੀਅਰ 'ਚ ਕਮਾਇਆ ਵੱਡਾ ਨਾਂਅ, ਪਰ ਰਹੱਸ ਬਣੀ ਮੌਤ
Divya Bharti Death Anniversary: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਵਿਆ ਭਾਰਤੀ ਦੀ ਅੱਜ ਬਰਸੀ ਹੈ। ਥੋੜ੍ਹੇ ਸਮੇਂ 'ਚ ਹੀ ਸੁਪਰਹਿੱਟ ਫਿਲਮਾਂ ਨਾਲ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਵਾਲੀ ਦਿਵਿਆ ਭਾਰਤੀ ਮਹਿਜ਼ 19 ਸਾਲ ਦੀ ਉਮਰ 'ਚ 5 ਅਪ੍ਰੈਲ 1993 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਅੱਜ ਦਿਵਿਆ ਦੀ ਬਰਸੀ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।
ਅਦਾਕਾਰਾ ਦਿਵਿਆ ਭਾਰਤੀ ਦਾ ਫਿਲਮੀ ਕਰੀਅਰ ਭਾਵੇਂ ਛੋਟਾ ਰਿਹਾ ਹੋਵੇ ਪਰ ਇਸ ਛੋਟੇ ਜਿਹੇ ਸਫਰ 'ਚ ਉਸ ਨੇ ਕਰੀਬ 12 ਫਿਲਮਾਂ ਕੀਤੀਆਂ ਅਤੇ ਉਸ ਦੀਆਂ ਜ਼ਿਆਦਾਤਰ ਫਿਲਮਾਂ ਹਿੱਟ ਰਹੀਆਂ। ਇਸ ਦੇ ਚੱਲਦੇ ਦਿਵਿਆ ਭਾਰਤੀ ਦਾ ਨਾਂਅ ਉਸ ਦੇ ਸਮੇਂ ਦੀ ਮਸ਼ਹੂਰ ਅਭਿਨੇਤਰੀਆਂ ਵਿੱਚ ਗਿਣਿਆ ਜਾਣ ਲੱਗਾ।
90 ਦੇ ਦਹਾਕੇ 'ਚ ਦਿਵਿਆ ਦੇ ਕਰੀਅਰ ਦਾ ਗ੍ਰਾਫ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ। ਉਸ ਸਮੇਂ ਦੇ ਸਾਰੇ ਹੀ ਬਾਲੀਵੁੱਡ ਨਿਰਦੇਸ਼ਕ ਦਿਵਿਆ ਨਾਲ ਫਿਲਮ ਬਣਾਉਣਾ ਚਾਹੁੰਦੇ ਸਨ, ਪਰ ਰੱਬ ਨੂੰ ਕੁਝ ਹੋਰ ਹੀ ਮੰਜੂਰ ਸੀ। ਅਚਾਨਕ ਦਿਵਿਆ ਭਾਰਤੀ ਦੀ ਮੌਤ ਦੀ ਖ਼ਬਰ ਨੇ ਪੂਰੀ ਬਾਲੀਵੁੱਡ ਇੰਡਸਟਰੀ ਤੇ ਉਸ ਦੇ ਫੈਨਜ਼ ਨੂੰ ਹਿਲਾ ਕੇ ਰੱਖ ਦਿੱਤਾ।
ਦਿਵਿਆ ਭਾਰਤੀ ਦੀ ਮੌਤ ਘਰ ਦੀ ਬਾਲਕੋਨੀ ਤੋਂ ਹੇਠਾਂ ਡਿੱਗਣ ਕਾਰਨ ਹੋਈ ਸੀ ਪਰ ਇਸ ਦੇ ਪਿੱਛੇ ਦਾ ਕਾਰਨ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਉਸ ਦੀ ਮੌਤ ਦਾ ਭੇਤ ਅੱਜ ਤੱਕ ਸੁਲਝਿਆ ਹੈ। ਅੱਜ ਵੀ ਲੋਕਾਂ ਦੇ ਮਨਾਂ 'ਚ ਕਈ ਸਵਾਲ ਹਨ ਕਿ ਦਿਵਿਆ ਦੀ ਮੌਤ ਕਤਲ ਸੀ ਜਾਂ ਖੁਦਕੁਸ਼ੀ। ਜਾਣੋ ਦਿਵਿਆ ਭਾਰਤੀ ਦੀ ਮੌਤ ਤੋਂ ਪਹਿਲਾਂ ਕੀ ਹੋਇਆ ਸੀ।
ਦਿਵਿਆ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਕਈ ਗੱਲਾਂ ਹੋਈਆਂ, ਕੁਝ ਲੋਕਾਂ ਨੇ ਇਸ ਨੂੰ ਖੁਦਕੁਸ਼ੀ ਕਿਹਾ ਅਤੇ ਕੁਝ ਨੇ ਇਸ ਨੂੰ ਕਤਲ ਕਿਹਾ। ਫਿਲਹਾਲ ਕਈ ਸਾਲਾਂ ਤੱਕ ਜਾਂਚ ਕਰਨ ਤੋਂ ਬਾਅਦ ਵੀ ਜਦੋਂ ਪੁਲਸ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਤਾਂ 1998 'ਚ ਇਹ ਕੇਸ ਬੰਦ ਕਰ ਦਿੱਤਾ ਗਿਆ ਪਰ ਦਿਵਿਆ ਦੀ ਮੌਤ ਤੋਂ ਪਹਿਲਾਂ ਕੀ ਹੋਇਆ? ਇਹ ਕਿਸੇ ਨੂੰ ਵੀ ਨਹੀਂ ਪਤਾ।
ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਹਿਨਾ ਖਾਨ ਸਟਾਰਰ ਫਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' ਦਾ ਟੀਜ਼ਰ ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਹੀ ਹੈ ਪਿਉ-ਪੁੱਤ ਦੀ ਕੈਮਿਸਟਰੀ
ਦਿਵਿਆ ਦੇ ਕਰੀਬੀਆਂ ਨੇ ਦੱਸਿਆ ਕਿ ਮੌਤ ਪਹਿਲਾਂ ਉਹ ਖੁਸ਼ ਸੀ। ਮੌਤ ਤੋਂ ਪਹਿਲਾਂ ਉਸ ਨੇ ਤਕਰੀਬਨ 14 ਫ਼ਿਲਮਾਂ ਸਾਈਨ ਕੀਤੀਆਂ ਹੋਈਆਂ ਸਨ। ਮੌਤ ਤੋਂ ਪਹਿਲਾਂ ਉਸ ਨੇ ਆਪਣੇ ਲਈ ਇੱਕ ਆਲੀਸ਼ਾਨ 4ਬੀਐਚਕੇ ਘਰ ਦੀ ਡੀਲ ਸਾਈਨ ਕੀਤੀ ਸੀ, ਜਿਸ ਕਾਰਨ ਉਹ ਬਹੁਤ ਖੁਸ਼ ਸੀ।
- PTC PUNJABI