World First Aid Day 2023 : ਥੋੜ੍ਹੀ ਜਿਹੀ ਸਿਆਣਪ ਬਚਾ ਸਕਦੀ ਹੈ ਕਿਸੇ ਦੀ ਕੀਮਤੀ ਜਾਨ

ਦੁਨੀਆ ਭਰ ਦੇ ਲੋਕਾਂ ਅੰਦਰ ਮੁੱਢਲੀ ਸਹਾਇਤਾ ਦੀ ਮਹੱਤਤਾ ਨੂੰ ਪ੍ਰਗਟ ਕਰਨ ਤੇ ਉਨ੍ਹਾਂ ਨੂੰ ਗਿਆਨ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਵਜੋਂ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਤੇ ਰੈੱਡ ਕਰੀਸੈਂਟ ਸੁਸਾਇਟੀਜ਼ ਵੱਲੋਂ ਹਰ ਸਾਲ ਸਤੰਬਰ ਮਹੀਨੇ ਦਾ ਦੂਜਾ ਸ਼ਨੀਵਾਰ ‘ਆਲਮੀ ਮੁੱਢਲੀ ਸਹਾਇਤਾ ਦਿਹਾੜੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ

Reported by: PTC Punjabi Desk | Edited by: Pushp Raj  |  September 09th 2023 05:07 PM |  Updated: September 09th 2023 05:07 PM

World First Aid Day 2023 : ਥੋੜ੍ਹੀ ਜਿਹੀ ਸਿਆਣਪ ਬਚਾ ਸਕਦੀ ਹੈ ਕਿਸੇ ਦੀ ਕੀਮਤੀ ਜਾਨ

World First Aid Day 2023 : ਦੁਨੀਆ ਭਰ ਦੇ ਲੋਕਾਂ ਅੰਦਰ ਮੁੱਢਲੀ ਸਹਾਇਤਾ ਦੀ ਮਹੱਤਤਾ ਨੂੰ ਪ੍ਰਗਟ ਕਰਨ ਤੇ ਉਨ੍ਹਾਂ ਨੂੰ ਗਿਆਨ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਵਜੋਂ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਤੇ ਰੈੱਡ ਕਰੀਸੈਂਟ ਸੁਸਾਇਟੀਜ਼ ਵੱਲੋਂ ਹਰ ਸਾਲ ਸਤੰਬਰ ਮਹੀਨੇ ਦਾ ਦੂਜਾ ਸ਼ਨੀਵਾਰ ‘ਆਲਮੀ ਮੁੱਢਲੀ ਸਹਾਇਤਾ ਦਿਹਾੜੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਨਾਲ ਹਾਦਸਿਆਂ ਦੌਰਾਨ ਲੱਗਣ ਵਾਲੀਆਂ ਖ਼ਤਰਨਾਕ ਸੱਟਾਂ ਦੇ ਅਸਰ ਨੂੰ ਘਟਾਇਆ ਜਾ ਸਕੇ ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਸਾਲ ਇਸ ਦਿਹਾੜੇ ਦਾ ਵਿਸ਼ਾ ‘ਜੀਵਨ ਭਰ ਪਹਿਲੀ ਸਹਾਇਤਾ ਦੀ ਸਿਖਲਾਈ’ ਮਿੱਥਿਆ ਗਿਆ ਹੈ।

ਪਲਾਂ ’ਚ ਜ਼ਿੰਦਗੀ ਖ਼ਤਮ ਕਰ ਦਿੰਦੇ ਸੜਕ ਹਾਦਸੇ

ਸਾਡੀ ਹੱਸਦੀ-ਖੇਡਦੀ ਜ਼ਿੰਦਗੀ ’ਚ ਹਾਦਸਾ ਕਦੋਂ ਵਾਪਰ ਜਾਵੇ, ਇਹ ਕਿਹਾ ਨਹੀਂ ਜਾ ਸਕਦਾ। ਸੜਕਾਂ ’ਤੇ ਵਾਹਨਾਂ ਦੀ ਦਿਨੋਂ-ਦਿਨ ਵੱਧ ਰਹੀ ਆਵਾਜਾਈ ਤੇ ਸਾਡੀ ਤੇਜ਼ ਹੁੰਦੀ ਜਾ ਰਹੀ ਰਫ਼ਤਾਰ ਨੇ ਸਾਡੇ ਜੀਵਨ ਦੀ ਰਫ਼ਤਾਰ ਨੂੰ ਵੀ ਛੋਟਾ ਕਰ ਦਿੱਤਾ ਹੈ। ਇਹ ਸੜਕੀ ਹਾਦਸੇ ਪਲਾਂ ’ਚ ਹੱਸਦੀ-ਖੇਡਦੀ ਜ਼ਿੰਦਗੀ ਨੂੰ ਖ਼ਤਮ ਕਰ ਜਾਂਦੇ ਹਨ ਤੇ ਇਨ੍ਹਾਂ ਹਾਦਸਿਆਂ ਵਿੱਚੋਂ ਜ਼ਿੰਦਾ ਬਚੇ ਫੱਟੜ ਵਿਅਕਤੀ ਉਮਰ ਭਰ ਲਈ ਅਪਾਹਜਤਾ ਭਰੀ ਜ਼ਿੰਦਗੀ ਜਿਉਂਦੇ ਹੋਏ ਪਰਿਵਾਰ ਤੇ ਸਮਾਜ ’ਤੇ ਬੋਝ ਬਣ ਜਾਂਦੇ ਹਨ।

ਕਿਉਂ ਮਨਾਇਆ ਜਾਂਦਾ ਹੈ ਵਰਲਡ ਫਰਸਟ ਏਡ ਡੇਅ 

ਰੋਡ ਸੇਫਟੀ ਫੈਕਟਸ਼ੀਟ ਅਨੁਸਾਰ ਭਾਰਤ ’ਚ ਸੜਕੀ ਦੁਰਘਟਨਾ ਕਾਰਨ ਹਰ ਚਾਰ ਮਿੰਟਾਂ ਮਗਰੋਂ ਇਕ ਵਿਅਕਤੀ ਦੀ ਜਾਨ ਜਾ ਰਹੀ ਹੈ। ਅੰਕੜੇ ਦੱਸਦੇ ਹਨ ਕਿ ਭਾਰਤ ’ਚ ਵੀ ਹਰ ਸਾਲ ਇਕ ਲੱਖ ਤੋਂ ਵੱਧ ਮੌਤਾਂ ਸੜਕੀ ਹਾਦਸਿਆਂ ’ਚ ਹੋ ਜਾਂਦੀਆਂ ਹਨ। ਇਨ੍ਹਾਂ ਹਾਦਸਿਆਂ ਦਾ ਇਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਇਨ੍ਹਾਂ ਸੜਕ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਵਿੱਚੋਂ 50 ਫ਼ੀਸਦੀ ਮੌਤਾਂ ਸਮੇਂ ਸਿਰ ਫਸਟ ਏਡ ਜਾਂ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਹੋ ਜਾਂਦੀਆਂ ਹਨ।

 ਹਾਦਸਿਆਂ ਦੇ ਕਾਰਨ ਭਾਵੇਂ ਕੁਝ ਵੀ ਰਹੇ ਹੋਣ ਪ੍ਰੰਤੂ ਹਾਦਸਿਆਂ ਦੇ ਸ਼ਿਕਾਰ ਹੋਏ ਫੱਟੜਾਂ/ਸੱਟੜਾਂ ਨੂੰ ਜੇ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਸਕੇ ਤਾਂ ਜਿੱਥੇ ਉਨ੍ਹਾਂ ਦੇ ਦੁੱਖ-ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ, ਉੱਥੇ ਕਿਸੇ ਕੀਮਤੀ ਅਤੇ ਵੱਡਮੁੱਲੀ ਜਾਨ ਨੂੰ ਵੀ ਬਚਾਇਆ ਜਾ ਸਕਦਾ ਹੈ।

ਕਿੰਝ ਦਈਏ ਕਿਸੇ ਲੋੜਵੰਦ ਵਿਅਕਤੀ ਨੂੰ ਫਰਸਟ ਏਡ 

ਫੱਟੜ ਨੂੰ ਜਲਦ ਤੋਂ ਜਲਦ ਦਿੱਤੀ ਜਾਵੇ ਮੁੱਢਲੀ ਸਹਾਇਤਾ

ਫੱਟੜ ਦੇ ਆਲੇ-ਦੁਆਲੇ ਬਹੁਤੀ ਭੀੜ ਇਕੱਠੀ ਨਾ ਹੋਣ ਦਿਉ ਕਿਉਂਕਿ ਮਰੀਜ਼ ਨੂੰ ਤਾਜ਼ੀ ਹਵਾ ਦੀ ਲੋੜ ਹੰੁਦੀ ਹੈ। ਭੀੜ ਤੋਂ ਕਿਸੇ ਵੀ ਕਿਸਮ ਦੀ ਮਦਦ ਲਈ ਜਾ ਸਕਦੀ ਹੈ। ਫੱਟੜਾਂ ਨੂੰ ਇਕਦਮ ਚੁੱਕਣ ਦੀ ਕਾਹਲ ਨਾ ਕਰੋ। ਕਈ ਵਾਰ ਲੋਕਾਂ ਦੀ ਭਾਵਨਾ ਹੰੁਦੀ ਹੈ ਕਿ ਪੀੜਤ ਵਿਅਕਤੀ ਨੂੰ ਛੇਤੀ ਖੜ੍ਹਾ ਕੀਤਾ ਜਾਵੇ ਜਾਂ ਬਿਠਾ ਕੇ ਕਿਸੇ ਵ੍ਹੀਕਲ ਵਿਚ ਪਾਇਆ ਜਾਵੇ। ਕਾਹਲ ’ਚ ਉਸ ਦੀ ਖਿੱਚ-ਧੂਹ ਕੀਤੀ ਜਾਂਦੀ ਹੈ ਜਾਂ ਫਿਰ ਚੁੱਕਣ ਆਦਿ ਵੇਲੇ ਸਹੀ ਢੰਗਾਂ ਦਾ ਪਤਾ ਨਹੀਂ ਹੁੰਦਾ। ਹਾਦਸੇ ਵੇਲੇ ਪੀੜਤ ਵਿਅਕਤੀ ਦੀ ਰੀੜ੍ਹ ਦੀ ਹੱਡੀ ਖ਼ਾਸ ਕਰਕੇ ਧੌਣ ਵਿਚ ਸੱਟ ਲੱਗੀ ਹੋਵੇ ਤਾਂ ਫੱਟੜ ਨੂੰ ਬਹੁਤ ਹੀ ਤਰੀਕੇ ਨਾਲ ਸੰਭਾਲ ਕੇ ਚੁੱਕਣਾ ਚਾਹੀਦਾ ਹੈ ਕਿਉਂਕਿ ਰੀੜ੍ਹ ਦੀ ਹੱਡੀ ਵਿਚਕਾਰ ਸਪਾਈਨਲ ਕਾਰਡ ਹੁੰਦੀ ਹੈ, ਇਸ ਦੀ ਸੱਟ ਨਾਲ ਵਿਅਕਤੀ ਦਾ ਕੋਈ ਵੀ ਸਰੀਰਕ ਹਿੱਸਾ ਸਦਾ ਲਈ ਅਪਾਹਜ ਹੋ ਸਕਦਾ ਹੈ। ਹੱਡੀਆਂ ਦੇ ਢਾਂਚੇ ਜਾਂ ਲੱਤਾਂ-ਬਾਹਾਂ, ਪਸਲੀਆਂ ਆਦਿ ਸੱਟ ਲੱਗ ਕੇ ਟੁੱਟੀਆਂ ਹੋ ਸਕਦੀਆਂ ਹਨ। ਇਸ ਹਾਲਤ ’ਚ ਪੀੜਤ ਵਿਅਕਤੀ ਨੂੰ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਵੇਖ ਲਓ ਕਿ ਕੋਈ ਹੱਡੀ ਤਾਂ ਨਹੀਂ ਟੁੱਟੀ। ਅੰਗ ਦੇ ਆਕਾਰ ਦਾ ਟੇਢਾਪਣ, ਦਰਦ, ਸੋਜ਼ ਆਦਿ ਨਾਲ ਹੱਡੀ ਟੁੱਟੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਜਿਹੀ ਹਾਲਤ ਵਾਲੇ ਵਿਅਕਤੀਆਂ ਦੀ ਸ਼ਿਫਟਿੰਗ ਆਮ ਤੌਰ ’ਤੇ ਫੱਟੇ ਜਾਂ ਸਟਰੈਚਰ ’ਤੇ ਹੋਣੀ ਚਾਹੀਦੀ ਹੈ। ਫਰੈਕਚਰ ਕੇਸਾਂ ’ਚ ਟੁੱਟੀਆਂ ਹੱਡੀਆਂ ਨੂੰ ਸਹਾਰਾ ਦੇਣ ਵਾਸਤੇ ਫੱਟੀਆਂ ਭਾਵ ਸਪਿਟਸ ਦੀ ਵਰਤੋਂ ਕਰਨੀ ਜ਼ਰੂਰੀ ਹੁੰਦੀ ਹੈ। ਮੌਕੇ ’ਤੇ ਇਹ ਕੰਮ ਕਿਸੇੇ ਦਰੱਖ਼ਤ ਦੀ ਟਾਹਣੀ, ਫੱਟੀ, ਸੋਟੀ, ਰੱਦੀ, ਤਹਿ ਕੀਤੇ ਅਖ਼ਬਾਰ/ਮੈਗਜ਼ੀਨ, ਗੱਤੇ ਆਦਿ ਤੋਂ ਚਲਾਇਆ ਜਾ ਸਕਦਾ ਹੈ। ਫਰੈਕਚਰ ਕੇਸਾਂ ’ਚ ਵਿਅਕਤੀ ਨੂੰ ਸਹੀ ਤਰੀਕੇ ਨਾਲ ਚੁੱਕ ਕੇ ਉਸ ਨੂੰ ਸਦਾ ਲਈ ਅਪਾਹਜ ਹੋਣ ਤੋਂ ਬਚਾਇਆ ਜਾ ਸਕਦਾ ਹੈ। ਐਂਬੂਲੈਂਸ ਬੁਲਾਓ ਤੇ ਪੀੜਤ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਓ। ਹਾਦਸਾ ਪੀੜਤ ਦੇ ਮੋਬਾਈਲ ਜਾਂ ਜੇਬ ਵਿਚਲੇ ਕਾਗਜ਼-ਪੱਤਰਾਂ ਤੋਂ ਉਸ ਦੀ ਪਛਾਣ ਕਰੋ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰੋ।

ਲਾਜ਼ਮੀ ਕਰਾਰ ਦਿੱਤਾ ਜਾਵੇ ਮੁੱਢਲੀ ਸਹਾਇਤਾ ਦਾ ਗਿਆਨ

ਕਿਸੇ ਵੀ ਹਾਦਸੇ ’ਚ ਹੌਸਲਾ ਕਾਇਮ ਰੱਖੋ ਤੇ ਨਾ ਘਬਰਾਓ। ਸਹਾਇਤਾ ਮਿਲਣ ਤਕ ਰੋਗੀ ਜਾਂ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਮਾਨਸਿਕ ਹੌਸਲਾ ਦਿਉ। ਕਦੇ ਵੀ ਕਿਸੇ ਜ਼ਖ਼ਮੀ, ਦੌਰੇ ਵਾਲੇ ਵਿਅਕਤੀ ਤੇ ਬੇਹੋਸ਼ੀ ਦੀ ਹਾਲਤ ਵਾਲੇ ਦੇ ਮੂੰਹ ਵਿਚ ਪਾਣੀ ਨਾ ਪਾਓ। ਇਹ ਪਾਣੀ ਫੇਫੜਿਆਂ ’ਚ ਜਾ ਕੇ ਸਾਹ ਦੀ ਰੁਕਾਵਟ ਕਰ ਸਕਦਾ ਹੈ। ਛੇਤੀ ਤੋਂ ਛੇਤੀ ਫੱਟੜਾਂ ਨੂੰ ਹਸਪਤਾਲ ਪਹੁੰਚਾਉਣ ਦੇ ਪ੍ਰਬੰਧ ਕਰੋ ਅਤੇ ਜ਼ਿਲ੍ਹੇ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸੂਚਿਤ ਕਰੋ ਤਾਂ ਜੋ ਪੁਲਿਸ ਤੇ ਡਾਕਟਰ ਮਦਦ ਲਈ ਹਾਦਸੇ ਵਾਲੀ ਥਾਂ ਪਹੁੰਚ ਸਕਣ। ਸਰਕਾਰਾਂ ਜਿੱਥੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਸੁਰੱਖਿਆ ਨੀਤੀਆਂ ਅਮਲ ’ਚ ਲਿਆਉਂਦੀਆਂ ਹਨ, ਉੱਥੇ ਮੁੱਢਲੀ ਸਹਾਇਤਾ ਤੇ ਸੜਕ ਸੁਰੱਖਿਆ ਦੇ ਗਿਆਨ ਨੂੰ ਵੀ ਹਰੇਕ ਲਈ ਲਾਜ਼ਮੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਹਾਦਸਿਆਂ ਦੌਰਾਨ ਲੋਕ ਇਸ ਗਿਆਨ ਜ਼ਰੀਏ ਕੀਮਤੀ ਜਾਨਾਂ ਬਚਾ ਸਕਣ।

ਹਮਦਰਦੀ ਹੁੰਦਿਆਂ ਕਾਨੂੰਨੀ ਝੰਜਟਾਂ ਤੋਂ ਡਰਦੇ ਨੇ ਲੋਕ

ਅੱਜ ਜ਼ਿਆਦਾਤਰ ਲੋਕੀ ਕਾਨੂੰਨੀ ਝੰਜਟਾਂ ਤੋਂ ਡਰਦੇ ਹਮਦਰਦੀ ਹੁੰਦਿਆਂ ਵੀ ਸੜਕਾਂ ’ਤੇ ਪਏ ਜ਼ਖਮੀਆਂ ਜਾਂ ਰੋਗੀਆਂ ਨੂੰ ਹੱਥ ਨਹੀਂ ਪਾਉਂਦੇ ਪ੍ਰੰਤੂ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਿਕ ਹਾਦਸਿਆਂ ’ਚ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਨ ਵਾਲਿਆਂ ਨੂੰ ਕਾਨੂੰਨੀ ਝੰਜਟਾਂ ’ਚ ਨਹੀਂ ਪਾਇਆ ਜਾ ਸਕਦਾ ਸਗੋਂ ਕਿਸੇ ਜ਼ਖਮੀਂ ਜਾਂ ਫੱਟੜ ਦੀ ਮਦਦ ਕਰਨ ਵਾਲੇ ਨੂੰ ਸਨਮਾਨਿਤ ਕੀਤੇ ਜਾਣਾ ਵੀ ਕਰਾਰ ਦਿੱਤਾ ਗਿਆ ਹੈ। ਲੋੜ ਹੈ ਇਹ ਗੱਲ ਲੋਕਾਂ ’ਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰਨ ਦੀ, ਤਾਂ ਜੋ ਲੋਕ ਦੂਸਰਿਆਂ ਦੀ ਮਦਦ ਲਈ ਸਵੈ-ਇੱਛਾ ਨਾਲ ਅੱਗੇ ਆਉਣ। ਮੋਟਰ ਵ੍ਹੀਕਲ ਐਕਟ ਮੁਤਾਬਿਕ ਵਾਹਨਾਂ ਵਿਚ ਫਸਟ ਏਡ ਬਕਸੇ ਰੱਖਣੇ ਵੀ ਜ਼ਰੂਰੀ ਹਨ। ਦੁੱਖ ਦੀ ਗੱਲ ਹੈ ਕਿ ਅੱਜ ਬਹੁਤੇ ਵਾਹਨਾਂ ’ਚ ਲੋੜ ਪੈਣ ’ਤੇ ਫਸਟ ਏਡ ਬਕਸੇ ਵੀ ਨਹੀਂ ਮਿਲਦੇ।

ਹੋਰ ਪੜ੍ਹੋ: Shilpa Shetty : ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ  ਜਨਮਦਿਨ ਦੀ ਵਧਾਈ, ਪੋਸਟ ਸਾਂਝੀ ਕਰ ਲਿਖਿਆ ਸਪੈਸ਼ਲ ਨੋਟ 

ਆਓ ‘ਮੁੱਢਲੀ ਸਹਾਇਤਾ ਦਿਹਾੜੇ ਉਤੇ ਇਹ ਪ੍ਰਣ ਲਈਏ ਕਿ ਅਸੀਂ ਮੁੱਢਲੀ ਸਾਹਇਤਾ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਗਿਆਨ ਰਾਹੀਂ ਖ਼ੁਦ ਨੂੰ ਤਿਆਰ ਕਰ ਕੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਈਏ। ਸਾਡੇ ਵੱਲੋਂ ਕਿਸੇ ਹਾਦਸਾਗ੍ਰਾਸਤ ਦੀ ਸਮੇਂ ਸਿਰ ਕੀਤੀ ਮਦਦ ਨਾਲ ਕਿਸੇ ਦੀ ਖ਼ਤਮ ਹੋ ਰਹੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network