ਕੀ PM ਮੋਦੀ ਦੀ ਭੂਮਿਕਾ 'ਚ ਨਜ਼ਰ ਆਉਣਗੇ ਅਮਿਤਾਭ ਬੱਚਨ? ਜਾਣੋ ਕਿਵੇਂ ਹੋਵੇਗੀ ਫ਼ਿਲਮ ਦੀ ਕਹਾਣੀ
Amitabh Bachchan in Pm Modi Biopic: ਅਮਿਤਾਭ ਬੱਚਨ ਨੂੰ ਇੰਝ ਹਿੰਦੀ ਸਿਨੇਮਾ ਦੇ ਮਹਾਨਾਇਕ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਕਰੀਅਰ 'ਚ ਹਰ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਹਨ। ਬਿੱਗ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਉਮਰ ਦੇ ਇਸ ਪੜਾਅ 'ਤੇ ਵੀ ਬਿੱਗ ਬੀ ਨੌਜਵਾਨਾਂ ਵਾਂਗ ਪੂਰੇ ਜੋਸ਼ ਨਾਲ ਬਾਲੀਵੁੱਡ ਇੰਡਸਟਰੀ 'ਚ ਸਰਗਰਮ ਹਨ।
ਦੱਸ ਦਈਏ ਕਿ 80 ਸਾਲ ਦੀ ਉਮਰ ਵਿੱਚ ਵੀ ਉਹ ਕੌਨ ਬਣੇਗਾ ਕਰੋੜਪਤੀ ਵਰਗੇ ਸ਼ੋਅ ਤੇ ਐਕਸ਼ਨ ਨਾਲ ਭਰਪੂਰ ਫਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੇ ਰਹਿੰਦੇ ਹਨ। ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਕਲਕੀ 2898 ਈ.' (ਪ੍ਰੋਜੈਕਟ ਕੇ) 'ਤੇ ਕੰਮ ਕਰ ਰਹੇ ਹਨ।
ਹੁਣ ਖ਼ਬਰ ਆ ਰਹੀ ਹੈ ਕਿ ਜਲਦ ਹੀ ਅਮਿਤਾਭ ਬੱਚਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ 'ਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ।
ਦਰਅਸਲ, ਟਾਇਲਟ: ਏਕ ਪ੍ਰੇਮ ਕਥਾ ਅਤੇ ਪਰੀ ਵਰਗੀਆਂ ਫਿਲਮਾਂ ਦੇਣ ਵਾਲੀ ਫਿਲਮ ਨਿਰਮਾਤਾ ਪ੍ਰੇਰਣਾ ਅਰੋੜਾ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਾਇਓਪਿਕ ਬਣਾਉਣ ਜਾ ਰਹੀ ਹੈ। ਰਿਪੋਰਟਾਂ ਮੁਤਾਬਕ, ਪ੍ਰੇਰਣਾ ਪ੍ਰਧਾਨ ਮੰਤਰੀ 'ਤੇ ਫਿਲਮ ਬਣਾਉਣਾ ਚਾਹੁੰਦੀ ਹੈ ਕਿਉਂਕਿ ਉਹ ਭਾਰਤ ਦੇ ਸਭ ਤੋਂ 'ਗਤੀਸ਼ੀਲ, ਸੁੰਦਰ ਅਤੇ ਕਾਬਲ' ਵਿਅਕਤੀ ਹਨ ਅਤੇ ਉਹ ਉਨ੍ਹਾਂ ਤੋਂ ਵੱਡੇ ਹੀਰੋ ਬਾਰੇ ਨਹੀਂ ਸੋਚ ਸਕਦੇ।
ਪ੍ਰੇਰਣਾ ਨੇ ਇਹ ਵੀ ਕਿਹਾ ਕਿ ਉਹ ਆਪਣੀ ਫਿਲਮ ਵਿੱਚ ਪੀਐਮ ਦੀ ਭੂਮਿਕਾ ਲਈ ਅਮਿਤਾਭ ਬੱਚਨ ਨੂੰ ਕਾਸਟ ਕਰਨਾ ਚਾਹੁੰਦੀ ਹੈ, ਕਿਉਂਕਿ ਪੀਐਮ ਦੇ ਕੱਦ ਨੂੰ ਪੂਰਾ ਕਰਨ ਲਈ ਅਮਿਤਾਭ ਤੋਂ ਬਿਹਤਰ ਕੋਈ ਨਹੀਂ ਹੈ। ਪ੍ਰੇਰਣਾ ਨੇ ਦੱਸਿਆ ਕਿ ਉਨ੍ਹਾਂ ਦੀ ਬਾਇਓਪਿਕ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦੇ ਜੀਵਨ ਦੇ ਕਈ ਪਹਿਲੂਆਂ ਨੂੰ ਕਵਰ ਕਰੇਗੀ - ਵਿਦੇਸ਼ ਨੀਤੀ ਨੂੰ ਵੱਡੇ ਪੱਧਰ 'ਤੇ ਅਪਣਾਉਣ ਤੋਂ ਲੈ ਕੇ ਆਰਥਿਕ ਵਿਕਾਸ ਲਿਆਉਣ, ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਅਤੇ ਟੀਕੇ ਦੀ ਵੰਡ ਤੱਕ।
ਇਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਪੀਐਮ 'ਤੇ ਪਹਿਲਾਂ ਹੀ ਇੱਕ ਬਾਇਓਪਿਕ ਬਣ ਚੁੱਕੀ ਹੈ ਜਿਸ ਵਿੱਚ ਵਿਵੇਕ ਓਬਰਾਏ ਨੇ ਪੀਐਮ ਮੋਦੀ ਦੀ ਭੂਮਿਕਾ ਨਿਭਾਈ ਹੈ। ਇਸ 'ਤੇ ਪ੍ਰੇਰਣਾ ਨੇ ਕਿਹਾ ਕਿ ਉਸ ਨੇ ਇਹ ਫ਼ਿਲਮ ਨਹੀਂ ਦੇਖੀ ਹੈ, ਪਰ ਭਰੋਸਾ ਦਿਵਾਇਆ ਕਿ ਉਸ ਦੀ ਫ਼ਿਲਮ ਪੀਐਮ ਮੋਦੀ ਦੇ ਕੱਦ ਨਾਲ ਪੂਰਾ ਇਨਸਾਫ ਕਰੇਗੀ।
- PTC PUNJABI