
Art director Sunil Babu death: ਸਾਊਥ ਫ਼ਿਲਮ ਇੰਡਸਟਰੀ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਪ੍ਰੋਡਕਸ਼ਨ ਤੇ ਕਲਾ ਨਿਰਦੇਸ਼ਕ ਸੁਨੀਲ ਬਾਬੂ ਦਾ ਦਿਹਾਂਤ ਹੋ ਗਿਆ ਹੈ। ਸੁਨੀਲ ਬਾਬੂ ਨੇ ਵੀਰਵਾਰ, ਸ਼ਾਮ 5 ਜਨਵਰੀ ਨੂੰ ਆਖ਼ਰੀ ਸਾਹ ਲਏ। ਉਹ 50 ਸਾਲ ਦੇ ਸਨ।

ਦੱਸ ਦਈਏ ਕਿ ਸੁਨੀਲ ਬਾਬੂ ਨੇ ਮੁੱਖ ਤੌਰ 'ਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਅਤੇ ਤਾਮਿਲ, ਤੇਲਗੂ ਅਤੇ ਹਿੰਦੀ ਫਿਲਮਾਂ ਵਿੱਚ ਵੀ ਯੋਗਦਾਨ ਪਾਇਆ। ਸੁਨੀਲ ਬਾਬੂ ਦੇ ਦਿਹਾਂਤ ਦੀ ਖ਼ਬਰ ਮਗਰੋਂ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਸੁਨੀਲ ਬਾਬੂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਸੁਨੀਲ ਬਾਬੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਵਾਰਡ ਜੇਤੂ ਪ੍ਰੋਡਕਸ਼ਨ ਡਿਜ਼ਾਈਨਰ ਸਾਬੂ ਸਿਰਿਲ ਦੇ ਸਹਾਇਕ ਵਜੋਂ ਕੀਤੀ। ਸੁਨੀਲ ਦੀਆਂ ਕੁਝ ਮਸ਼ਹੂਰ ਫਿਲਮਾਂ ਵਿੱਚ ਅਨੰਤਭਦਰਮ, ਬੈਂਗਲੁਰੂ ਡੇਜ਼, ਉਰੂਮੀ, ਪ੍ਰੇਮਮ, ਨੋਟਬੁੱਕ, ਕਯਾਮਕੁਲਮ ਕੋਚੁਨੀ ਅਤੇ ਛੋਟਾ ਮੁੰਬਈ ਸ਼ਾਮਲ ਹਨ। ਉਨ੍ਹਾਂ ਨੇ ਅਨੰਤਭਧਰਮ ਵਿੱਚ ਆਪਣੇ ਕੰਮ ਲਈ ਸਰਵੋਤਮ ਕਲਾ ਨਿਰਦੇਸ਼ਕ ਦਾ ਕੇਰਲ ਰਾਜ ਫ਼ਿਲਮ ਅਵਾਰਡ ਜਿੱਤਿਆ।

ਸੁਨੀਲ ਬਾਬੂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਾਊਥ ਫ਼ਿਲਮ ਇੰਡਸਟਰੀ ਦੇ ਸਿਤਾਰੇ ਸੋਗ ਵਿੱਚ ਹਨ। ਹਾਲ ਹੀ 'ਚ ਸਾਊਥ ਅਦਾਕਾਰ ਦੁਲਕਰ ਸਲਮਾਨ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਦੁਲਕਰ ਸਲਮਾਨ ਨੇ ਪੋਸਟ ਕਰ ਲਿਖਿਆ, " ਮੇਰਾ ਦਿਲ ਟੁੱਟ ਗਿਆ ਹੈ! ਸਭ ਤੋਂ ਨੇਕ ਰੂਹ ਜੋ ਚੁੱਪਚਾਪ ਇੰਨੇ ਜਨੂੰਨ ਨਾਲ ਆਪਣੇ ਕੰਮ ਪੂਰੇ ਕਰ ਕੇ ਚਲੀ ਗਈ ਅਤੇ ਤੁਸੀਂ ਆਪਣੀ ਬੇਅੰਤ ਪ੍ਰਤਿਭਾ ਬਾਰੇ ਕੋਈ ਰੌਲਾ ਨਹੀਂ ਪਾਇਆ। ਸੁਨਹਿਰੀ ਯਾਦਾਂ ਲਈ ਤੁਹਾਡਾ ਧੰਨਵਾਦ। ਤੁਸੀਂ ਸਾਡੀਆਂ ਫਿਲਮਾਂ ਵਿੱਚ ਜੀਵਨ ਦਾ ਸਾਹ ਲਿਆ। ਤੁਹਾਡੇ ਪਰਿਵਾਰ ਅਤੇ ਸਾਰਿਆਂ ਲਈ ਪ੍ਰਾਰਥਨਾ ਕਰਦਾ ਹਾਂ, ਜਿਹੜੇ ਤੁਹਾਨੂੰ ਬਹੁਤ ਪਿਆਰ ਕਰਦੇ ਹਨ। "

ਦੱਸਣਯੋਗ ਹੈ ਕਿ ਦੁਲਕਰ ਸਲਮਾਨ ਨੇ ਸੁਨੀਲ ਨਾਲ ਆਪਣੀਆਂ ਬਲਾਕਬਸਟਰ ਫਿਲਮਾਂ 'ਬੈਂਗਲੁਰੂ ਡੇਜ਼' ਅਤੇ 'ਸੀਤਾ ਰਾਮ' 'ਚ ਕੰਮ ਕੀਤਾ ਸੀ। ਉਹ ਇਨ੍ਹਾਂ ਦੋਵਾਂ ਫ਼ਿਲਮਾਂ ਦੇ ਆਰਟ ਡਾਇਰੈਕਟਰ ਸਨ। ਬੈਂਗਲੁਰੂ ਡੇਜ਼ ਅਤੇ ਸੀਤਾ ਰਾਮ ਦੁਲਕਰ ਸਲਮਾਨ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਹਨ।
View this post on Instagram