ਗੁਰਪ੍ਰੀਤ ਘੁੱਗੀ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿਉਂ ਤਿੱਬਤ ਦੇ ਲੋਕਾਂ ਨੇ ਇਸ ਸਿੱਖ ਦੇ ਮਾਸ ਦੀਆਂ ਬੋਟੀਆਂ ਆਪਣੇ ਘਰਾਂ ’ਚ ਸਾਂਭ ਕੇ ਰੱਖੀਆਂ ਹਨ

Written by  Rupinder Kaler   |  April 14th 2020 04:16 PM  |  Updated: April 14th 2020 04:16 PM

ਗੁਰਪ੍ਰੀਤ ਘੁੱਗੀ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿਉਂ ਤਿੱਬਤ ਦੇ ਲੋਕਾਂ ਨੇ ਇਸ ਸਿੱਖ ਦੇ ਮਾਸ ਦੀਆਂ ਬੋਟੀਆਂ ਆਪਣੇ ਘਰਾਂ ’ਚ ਸਾਂਭ ਕੇ ਰੱਖੀਆਂ ਹਨ

ਪਾਲੀਵੁੱਡ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਜ਼ੋਰਾਵਰ ਸਿੰਘ ਦੀ ਵੀਰਗਾਥਾ ਨੂੰ ਬਿਆਨ ਕੀਤਾ ਗਿਆ ਹੈ । ਇਸ ਵੀਡੀਓ ਵਿੱਚ ਦੱਸਿਆ ਗਿਆ ਹੇ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਜਰਨੈਲ ਜ਼ੋਰਾਵਰ ਸਿੰਘ ਵਰਗੇ ਯੋਧਿਆਂ ਦੀ ਬਦੌਲਤ ਖਾਲਸਾ ਰਾਜ ਦੀਆਂ ਸੀਮਾਵਾਂ ਚੀਨ ਤੱਕ ਫੈਲਾਈਆਂ ਸਨ ਤੇ ਇਸ ਮਹਾਨ ਜਰਨੈਲ ਜ਼ੋਰਾਵਰ ਸਿੰਘ ਦੀ ਬਹਾਦਰੀ ਨੂੰ ਦੇਖ ਕੇ ਤਿੱਬਤ ਦੇ ਲੋਕ ਏਨੇਂ ਪ੍ਰਭਾਵਿਤ ਹੋਏ ਸਨ ਕਿ ਅੱਜ ਵੀ ਲੋਕ ਇਸ ਮਹਾਨ ਯੋਧੇ ਦੀ ਪੂਜਾ ਕਰਦੇ ਹਨ ।

https://www.instagram.com/p/B-7B1qYAYzz/

ਜਰਨੈਲ ਜ਼ੋਰਾਵਰ ਸਿੰਘ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਇਹ ਮਹਾਨ ਯੋਧਾ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਉਹ ਜਰਨੈਲ ਸੀ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿਬੱਤ ਤੱਕ ਖਾਲਸਾ ਰਾਜ ਕਾਇਮ ਕੀਤਾ। ਜਰਨੈਲ ਜ਼ੋਰਾਵਰ ਸਿੰਘ ਸਿੱਖ ਇਤਿਹਾਸ ਦਾ ਇਕੋ ਇੱਕ ਯੋਧਾ ਸੀ ਜਿਸ ਦੇ ਸਰੀਰ ਦੇ ਮਾਸ ਦੀ ਬੋਟੀ ਬੋਟੀ ਦੀ ਕਦਰ ਦੁਸ਼ਮਣਾਂ ਵੱਲੋਂ ਕੀਤੀ ਗਈ ਹੋਵੇ। ਜਰਨੈਲ ਜ਼ੋਰਾਵਰ ਸਿੰਘ ਲੇਹ ਲਦਾਖ਼ ਨੂੰ ਫਤਿਹ ਕਰਨ ਤੋਂ ਬਾਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ।

ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰ ਕੇ ਉਸਨੇ ਤਿਬੱਤ ਵੱਲ ਚੜ੍ਹਾਈ ਕਰ ਦਿੱਤੀ। ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬੌਖ਼ਲਾ ਗਏ। ਓਹਨਾਂ ਨੇ ਡੋਗਰਿਆਂ ਦੀ ਮਦਦ ਨਾਲ ਇਕ ਸਾਜਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸੁਨੇਹਾ ਭਿਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ। ਜਦੋਂ ਜਰਨੈਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਏਓ ਦੇ ਅਸਥਾਨ ਤੇ ਤਿਬੱਤੀ ਫੌਜ਼ ਨੇ ਹਮਲਾ ਕਰ ਦਿੱਤਾ। ਖਾਲਸਾ ਫੌਜ਼ ਨੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਅਜਿਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ।

ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ਼ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੱਟ ਵਿਚ ਇੱਕ ਗੋਲੀ ਆਣ ਲੱਗੀ। ਸੂਰਮਾ ਘੋੜੇ ਤੋਂ ਹੇਠਾਂ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ਼ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਗੇ ਆਉਣ ਦੀ ਜ਼ੁਰਰਤ ਨਾ ਹੋਈ।ਆਖ਼ਰ ਇਕ ਵੈਰੀ ਨੇ ਕੁਝ ਉਚਾਈ ਤੋਂ ਇਕ ਤਿਬੱਤੀ ਬਰਛਾ ਵਗ੍ਹਾ ਮਾਰਿਆ ਜਿਹੜਾ ਜਰਨੈਲ ਦੀ ਪਿੱਠ ਤੇ ਵੱਜ ਕੇ ਛਾਤੀ ਵਿਚੋਂ ਪਾਰ ਹੋ ਗਿਆ ਤੇ ਜਰਨੈਲ ਸ਼ਹਾਦਤ ਪਾ ਗਿਆ। ਜਰਨੈਲ ਇਤਨੀ ਬਹਾਦਰੀ ਨਾਲ ਲੜਿਆ ਕਿ ਤਿਬੱਤੀ ਲੋਕ ਉਸ ਦੇ ਇਕ ਇਕ ਵਾਲ਼ ਨੂੰ ਪੁੱਟ ਕੇ ਨਿਸ਼ਾਨੀ ਦੇ ਤੌਰ ਤੇ ਘਰਾਂ ਨੂੰ ਲੈ ਗਏ।

ਉਸ ਦੇ ਸਰੀਰ ਦੀ ਬੋਟੀ ਬੋਟੀ ਕਰਕੇ ਲੜਾਈ ਚ ਹਿੱਸਾ ਲੈਣ ਵਾਲ਼ੇ ਹਰੇਕ ਕਬੀਲੇ ਦੇ ਸਰਦਾਰ ਨੂੰ ਵੰਡ ਦਿੱਤੀ ਕਿਉਂਕਿ ਤਿਬੱਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਸ਼ੇਰ ਵਰਗਾ ਬਹਾਦਰ ਪੁੱਤ ਜਨਮ ਲੈਂਦਾ ਹੈ। ਇੱਥੇ ਹੀ ਬਸ ਨਹੀਂ ਉਸਦੇ ਖੱਬੇ ਹੱਥ ਨੂੰ ਉਹਨਾਂ ਨੇ ਇਕ ਮੱਠ ਦੇ ਵਿੱਚ ਦੱਬ ਦਿੱਤਾ ਜਿਸ ਨੂੰ ਉਹ ਸਿੰਘਲਾ ਛੋਟਨ ਕਹਿੰਦੇ ਹਨ। ਅੱਜ ਵੀ ਤਿਬੱਤੀ ਲੋਕ ਕਹਿੰਦੇ ਹਨ ਕਿ ਇਥੇ ਸ਼ੇਰ ਸੁੱਤਾ ਪਿਆ ਹੈ। ਉਹਨਾਂ ਦੀਆਂ ਗਰਭਵਤੀ ਔਰਤਾਂ ਅੱਜ ਵੀ ਇੱਥੇ ਆ ਕੇ ਮੱਥਾ ਟੇਕਦੀਆਂ ਹਨ ਅਤੇ ਆਪਣੇ ਹੋਣ ਵਾਲ਼ੇ ਬੱਚੇ ਲਈ ਉਸ ਜਰਨੈਲ ਜੋਰਾਵਰ ਸਿੰਘ ਜਿਹਾ ਬਹਾਦਰ ਹੋਣ ਦੀ ਕਾਮਨਾ ਕਰਦੀਆਂ ਹਨ।

https://www.instagram.com/p/B-35_g0A38b/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network