ਅੱਜ ਹੈ ਗੁਰਦਾਸ ਮਾਨ ਦਾ ਜਨਮ ਦਿਨ, ਇਸ ਗਾਣੇ ਨਾਲ ਗੁਰਦਾਸ ਮਾਨ ਦੀ ਬਣੀ ਸੀ ਵਿਸ਼ਵ ਪੱਧਰ ਤੇ ਪਹਿਚਾਣ

written by Rupinder Kaler | January 04, 2020

ਮਾਨਾਂ ਦੇ ਮਾਨ ਯਾਨੀ ਗੁਰਦਾਸ ਮਾਨ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਸਾਹਿਬ ਦੇ ਗਿੱਦੜਬਾਹਾ 'ਚ ਹੋਇਆ ਸੀ । ਪੰਜਾਬੀ ਗਾਇਕੀ ਤੇ ਪੰਜਾਬੀ ਫ਼ਿਲਮਾਂ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ । ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਹਿੱਟ ਫ਼ਿਲਮਾਂ ਦਿੱਤੀਆਂ ਹਨ ਤੇ ਦਿੰਦੇ ਆ ਰਹੇ ਹਨ । ਪੰਜਾਬੀ ਇੰਡਸਟਰੀ ਵਿੱਚ ਉਹ ਉਸ ਧਰੂ ਤਾਰੇ ਵਾਂਗ ਚਮਕਦੇ ਹਨ ਜਿਹੜਾ ਸਭ ਤੋਂ ਵੱਖ ਹੀ ਦਿਖਾਈ ਦਿੰਦਾ ਹੈ ਤੇ ਉਸ ਦੀ ਰੌਸ਼ਨੀ ਹਰ ਕੋਈ ਮਾਣਦਾ ਹੈ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਗੁਰਦਾਸ ਮਾਨ ਨੂੰ ਉਹਨਾਂ ਦੀ ਗਾਇਕੀ ਕਰਕੇ 2010 'ਚ ਬ੍ਰਿਟੇਨ ਦੇ ਵੋਲਵਰਹੈਮਟਨ ਯੂਨੀਵਰਸਿਟੀ ਨੇ ਉਹਨਾਂ ਨੂੰ ਵਿਸ਼ਵ ਸੰਗੀਤ 'ਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ । ਇਸੇ ਤਰ੍ਹਾਂ ਉਹਨਾਂ ਨੂੰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੀ 36ਵੀਂ ਕਾਨਵੋਕੇਸ਼ਨ 'ਚ ਰਾਜਪਾਲ ਨੇ ਉਹਨਾਂ ਨੂੰ ਡਾਕਟਰ ਆਫ ਲਿਟ੍ਰੇਚਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ । ਗੁਰਦਾਸ ਮਾਨ ਦਾ 1980 'ਚ ਆਇਆ ਗਾਣਾ 'ਦਿਲ ਦਾ ਮਾਮਲਾ ਹੈ' ਸੁਪਰ ਡੂਪਰ ਹਿੱਟ ਹੋਇਆ ਸੀ, ਇਸ ਗਾਣੇ ਨਾਲ ਹੀ ਉਹਨਾਂ ਨੂੰ ਵਿਸ਼ਵ ਪੱਧਰ ਤੇ ਪਹਿਚਾਣ ਮਿਲੀ ਸੀ । ਗੁਰਦਾਸ ਮਾਨ ਦੀ ਗਾਇਕੀ ਦੀ ਇਹ ਗੱਲ ਖ਼ਾਸ ਹੈ ਕਿ ਉਹ ਪੰਜਾਬ, ਪੰਜਾਬੀਅਤ ਤੇ ਪੰਜਾਬੀ ਨਾਲ ਜੁੜੀ ਹੁੰਦੀ ਹੈ ਤੇ ਉਹ ਆਪਣੇ ਗਾਣਿਆਂ ਨਾਲ ਸਮਾਜ ਵਿੱਚ ਫੈਲੀਆਂ ਬੁਰਾਈਆਂ ’ਤੇ ਚੋਟ ਕਰਦੇ ਹਨ । ਗੁਰਦਾਸ ਮਾਨ ਮਾਰਸ਼ਲ ਆਰਟ ਵਿੱਚ ਵੀ ਮਾਹਿਰ ਹਨ । ਉਨ੍ਹਾਂ ਨੇ ਜੁੱਡੋ 'ਚ ਬਲੈਕ ਬੈਲਟ ਵੀ ਜਿੱਤੀ ਹੈ। ਗੁਰਦਾਸ ਮਾਨ ਨੂੰ ਬਤੌਰ ਬੈਸਟ ਪਲੇਬੈਕ ਸਿੰਗਰ ਨੈਸ਼ਨਲ ਫਿਲਮ ਅਵਾਰਡ ਵੀ ਮਿਲ ਚੁਕਿਆ ਹੈ । 2001 ਨੂੰ ਰੋਪੜ ਕੋਲ ਇਕ ਸੜਕ ਹਾਦਸੇ 'ਚ ਮਾਨ ਵਾਲ-ਵਾਲ ਬਚ ਗਏ, ਪਰ ਹਾਦਸੇ 'ਚ ਉਨ੍ਹਾਂ ਦੇ ਡਰਾਈਵਰ ਤੇਜਪਾਲ ਸਿੰਘ ਦੀ ਮੌਤ ਹੋ ਗਈ। ਮਾਨ ਡਰਾਈਵਰ ਨੂੰ ਆਪਣਾ ਚੰਗਾ ਦੋਸਤ ਵੀ ਸਮਝਦੇ ਸੀ। ਤੇਜਪਾਲ ਨੂੰ ਸਮਰਪਿਤ ਉਨ੍ਹਾਂ ਨੇ ਇਕ ਗੀਤ ਵੀ ਲਿਖਿਆ ਤੇ ਗਾਇਆ ।

0 Comments
0

You may also like