ਗੁਰੂ ਅਮਰਦਾਸ ਜੀ: ਜੀਵਨ ਦਰਸ਼ਨ

Written by  Rajan Nath   |  September 10th 2022 10:42 AM  |  Updated: September 10th 2022 10:42 AM

ਗੁਰੂ ਅਮਰਦਾਸ ਜੀ: ਜੀਵਨ ਦਰਸ਼ਨ

Guru Amar Das ji history in Punjabi language: ਪੰਦਰ੍ਹਵੀਂ ਸਦੀ ਦਾ ਭਾਰਤ ਧਾਰਮਿਕ ਕੱਟੜਤਾ, ਸਮਾਜਿਕ ਨਾਬਰਾਬਰਤਾ ਅਤੇ ਰਾਜਨੀਤਕ ਫਿਰਕਾਪ੍ਰਸਤੀ ਦਾ ਸੇਕ ਹੰਢਾ ਰਿਹਾ ਸੀ । ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਅਤੇ ਪਾਤਾਲ ਛੂੰਹਦੀ ਵਹਿਮਪ੍ਰਸਤੀ, ਭਾਰਤੀ ਸਭਿਆਚਾਰ ਅਤੇ ਸਮਾਜਿਕ ਸਾਂਝ ਨੂੰ ਦਿਨ-ਬ-ਦਿਨ ਖੋਖਲਾ ਕਰ ਰਹੀ ਸੀ । ਅਜਿਹੀ ਸਥਿਤੀ ਵਿੱਚ ਜਗਤ ਨੂੰ ਗਿਆਨ ਦੇ ਨਾਲ ਪ੍ਰਕਾਸ਼ਮਾਨ ਕਰਨ ਵਾਲੀ ਨਾਨਕ ਬਾਣੀ, ਦੂਸਰੇ ਨਾਨਕ ਨੂਰ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਸ੍ਰੀ ਖਡੂਰ ਦੀ ਪਾਵਨ ਨਗਰੀ ਵਿੱਚ ਸਮੁੱਚੀ ਮਾਨਵਤਾ ਨੂੰ ਜੀਵਨ ਦੀ ਰੋਸ਼ਨੀ ਪ੍ਰਦਾਨ ਕਰ ਰਹੀ ਸੀ ।

ਅਸਲ ਵਿੱਚ ਗਿਆਨ ਹਮੇਸ਼ਾਂ ਹੀ ਜਿੰਦਗੀ ਨੂੰ ਮਕਸਦ ਪ੍ਰਦਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ, ਜੇਕਰ ਗਿਆਨ ਅਜਿਹਾ ਕਾਰਜ ਨਹੀਂ ਕਰਦਾ ਤਾਂ ਨਿਸ਼ਚੇ ਹੀ ਮਨੁੱਖ ਅਜਿਹੀ ਜਾਣਕਾਰੀ ਨੂੰ ਗਿਆਨ ਸਮਝਣ ਦਾ ਭੁਲੇਖਾ ਪਾਲ ਬੈਠਦਾ ਹੈ । ਸੰਨ 1541 ਈ: ਦੀ ਸਵੇਰ, ਪਿੰਡ ਬਾਸਰਕੇ ਦੇ ਵਸਨੀਕ, ਭਾਈ ਤੇਜਭਾਨ ਜੀ ਦੇ ਸਪੁੱਤਰ, ਭਾਈ (ਗੁਰੂ) ਅਮਰਦਾਸ ਜੀ ਦੇ ਜੀਵਨ ਵਿੱਚ ਇਕ ਨਵਾਂ ਚਾਨਣ ਲੈ ਕੇ ਆਈ ।

ਹੋਰ ਪੜ੍ਹੋ : ਸ੍ਰੀ ਗੁਰੂ ਰਾਮ ਦਾਸ ਜੀ ਦੇ ਗੁਰੂ ਗੱਦੀ ਗੁਰਬਪੁਰਬ ਦੀਆਂ ਵਧਾਈਆਂ 

Guru Amar Das ji history in Punjabi language Image Source: Twitter

ਸੰਗ ਨਾਲ ਤੀਰਥ ਯਾਤਰਾ ਤੋਂ ਪਰਤੇ ਭਾਈ (ਗੁਰੂ) ਅਮਰਦਾਸ ਜੀ ਦਾ ਹਿਰਦਾ 'ਨਿਗੁਰੇ ਦਾ ਨਾਉਂ ਬੁਰਾ' ਹੋਣ ਦੀ ਪੀੜਾ ਨੂੰ ਪਾਲ ਬੈਠਾ । ਤਦ ਅਚਾਨਕ ਕੰਨੀਂ ਮਿੱਠੇ ਬੋਲ ਪਏ । ਇਹ ਬੋਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰੀ ਬਾਣੀ ਦੇ ਸਨ ਜਿਸ ਨੂੰ ਬੀਬੀ ਅਮਰੋ ਜੀ ਆਪਣੇ ਕੰਠ ਤੋਂ ਦੋਹਰਾ ਰਹੇ ਸਨ । ਬੀਬੀ ਅਮਰੋ ਜੀ, ਅਸਲ ਵਿੱਚ, ਭਾਈ (ਗੁਰੂ) ਅਮਰਦਾਸ ਜੀ ਦੇ ਛੋਟੇ ਭਰਾ, ਭਾਈ ਮਾਣਕ ਚੰਦ ਦੇ ਪੁੱਤਰ ਨਾਲ ਵਿਆਹੀ ਸੀ, ਜੋ ਰਿਸ਼ਤੇ ਵਿੱਚ ਭਾਈ (ਗੁਰੂ) ਅਮਰਦਾਸ ਜੀ ਦੀ ਭਤੀਜ ਨੂੰਹ ਲਗਦੀ ਸੀ ।

ਇਹਨਾਂ ਬੋਲਾਂ ਨੇ ਭਾਈ (ਗੁਰੂ) ਅਮਰਦਾਸ ਜੀ ਨੂੰ ਧਰਵਾਸ ਦਿੱਤਾ । ਐਸਾ ਟਿਕਾਅ ਜੋ ਤੀਰਥਾਂ ਦੇ ਰਟਨ ਨਾਲ ਵੀ ਨਹੀਂ ਸੀ ਮਿਲਿਆ । ਉਸ ਪਲ ਤੋਂ ਹੀ ਝੋਰਾ, ਪਛਤਾਵਾ ਸਭ ਲਹਿ ਗਿਆ । ਅਤੇ ਚਾਲੇ ਪਾ ਦਿੱਤੇ ਖਡੂਰ ਦੇ ਰਾਹਾਂ ਵੱਲ ਨੂੰ । ਖਡੂਰ ਪਹੁੰਚੇ ਤਾਂ ਸੀਸ ਗੁਰੂ ਚਰਨਾਂ ਪੁਰ ਟਿਕਾ ਦਿੱਤਾ । ਕੁੜਮਾਚਾਰੀ ਦੀ ਲੱਜ-ਲਾਜ ਵੀ ਵਗਾਹ ਮਾਰੀ । ਗੁਰੂ ਭਗਤੀ ਦੀ ਘਾਲ-ਕਮਾਈ ਆਪਣਾ ਨਿਤ ਨੇਮ ਬਣਾ ਲਿਆ ।

Guru Amar Das ji history in Punjabi language Image Source: Twitter

ਬਿਰਧ ਅਵਸਥਾ ਵਿੱਚ ਵੀ, ਰੋਜ਼ ਬਿਆਸ ਤੋਂ ਗਾਗਰ ਪਾਣੀ ਦੀ ਗੁਰੂ ਸਾਹਿਬ ਜੀ ਦੇ ਇਸ਼ਨਾਨ ਲਈ ਭਰ, ਸੀਸ ਪੁਰ ਟਿਕਾ ਕੇ ਲਿਆਉਣੀ । ਰੁੱਤਾਂ ਬੀਤੀਆਂ, ਸਿਆੜ ਆਏ, ਅਨੇਕ ਝੱਖੜ ਝੁੱਲੇ, ਸ਼ਰੀਕਾਂ ਦੀਆਂ ਬੇਰੁਖੀਆਂ ਨੂੰ ਵੀ ਸਹਿਣ ਕੀਤਾ, 'ਅਮਰੂ ਨਿਥਾਵੇਂ' ਵੀ ਅਖਵਾਏ, ਪਰ ਨੇਮ ਨਹੀਂ ਹਾਰਿਆ ।

ਆਖ਼ਰ ਸੇਵਾ ਘਾਲਣਾ ਤੇ ਪ੍ਰੇਮਾ ਭਗਤੀ ਪ੍ਰਵਾਨ ਹੋਈ । ਨਿਮਾਣਿਆਂ ਦੇ ਮਾਣ ਅਤੇ ਨਿਥਾਵਿਆਂ ਦੇ ਥਾਵ ਬਣੇ । ਜਦ ਗੁਰਦੇਵ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਲਾਵੇ ਵਿੱਚ ਲਿਆ ਤਾਂ ਚੇਤ ਮਹੀਨੇ ਦੀ ਮਿੱਠੀ ਰੁੱਤ, ਸਾਲ 1552 ਈ: ਸੀ । ਭੱਟਾਂ ਨੇ ਉਸਤਤਿ ਪ੍ਰਤੱਖ ਕੀਤੀ --

"ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ"

(ਸਵੱਈਏ ਮਹਲੇ ਤੀਜੇ ਕੇ)

ਅਤੇ ਫਿਰ ਦੂਸਰੇ ਗੁਰਦੇਵ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪਣਾ ਕੀਤੀ । ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਖਡੂਰ ਸਾਹਿਬ ਵਾਸ ਦੌਰਾਨ ਗੋਇੰਦਵਾਲ ਨਗਰ ਵਸਾਇਆ । ਇਲਾਕੇ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਹਿੱਤ ਬਾਉਲੀ ਦਾ ਨਿਰਮਾਣ ਕਰਵਾਇਆ ।

Guru Amar Das ji history in Punjabi language Image Source: Twitter

ਲੰਗਰ ਸੇਵਾ ਨੂੰ ਪੰਗਤ ਦੀ ਰੂਪ ਰੇਖਾ ਦਿੱਤੀ । ਸਤੀ ਪ੍ਰਥਾ ਅਤੇ ਪਰਦੇ/ਘੁੰਡ ਪ੍ਰਥਾ 'ਤੇ ਪਾਬੰਦੀ ਲਗਾ ਨਾਰੀ ਸਨਮਾਨ ਨੂੰ ਹੋਰ ਉਚੇਰਾ ਕੀਤਾ । ਧਰਮ ਪ੍ਰਸਾਰ ਹਿਤ 22 ਕੇਂਦਰ, ਮੰਜੀ ਸੰਸਥਾ ਦੇ ਰੂਪ ਵਿੱਚ ਅਤੇ 52 ਪੀਹੜੇ ਕਾਇਮ ਕੀਤੇ । 17 ਰਾਗਾਂ ਵਿੱਚ ਬਾਣੀ ਉਚਾਰਦਿਆਂ ਮਨੁੱਖਤਾ ਨੂੰ ਰੂਹਾਨੀਅਤ ਨਾਲ ਭਰਪੂਰ ਕੀਤਾ । ਤੀਸਰੇ ਗੁਰਦੇਵ ਨੇ ਪਹਿਲੇ ਅਤੇ ਦੂਸਰੇ ਗੁਰਦੇਵ ਦੀ ਬਾਣੀ ਇੱਕਤਰ ਕਰਦਿਆਂ, ਆਪਣੇ ਸਪੁੱਤਰ ਬਾਬਾ ਮੋਹਨ ਜੀ ਦੇ ਪੁੱਤਰ ਸਹੰਸਰਾਮ ਪਾਸੋਂ ਪੋਥੀਆਂ ਦੇ ਰੂਪ (ਗੋਇੰਦਵਾਲ ਦੀਆਂ ਪੋਥੀਆਂ) ਵਿੱਚ ਸੰਭਾਲੀਆਂ ।

ਅੱਜ ਵੀ ਜਦੋਂ ਪ੍ਰਾਣੀ ਗੁਰੂ ਸਾਹਿਬ ਜੀ ਦੀ ਦਰਸ਼ਨਧਾਰਾ ਨਾਲ ਜੁੜਦਾ ਹੈ ਤਾਂ ਅਰਸ਼ੀ ਪ੍ਰੇਮ ਅਤੇ ਗਹਿਨ ਅਨੁਭਵ ਦੀ ਪਰੰਪਰਾ ਦਾ ਸਾਖਿਆਤਕਾਰ ਹੋ ਨਿੱਬੜਦਾ ਹੈ ।

This was Guru Amar Das ji's history in Punjabi language. For more such articles, stay tuned to PTC Punjabi.

ਹੋਰ ਪੜ੍ਹੋ : ਭਾਈ ਅੰਮ੍ਰਿਤਪਾਲ ਸਿੰਘ ਜਲੰਧਰ ਵਾਲਿਆਂ ਦੀ ਆਵਾਜ਼ ‘ਚ ਪੀਟੀਸੀ ਪੰਜਾਬੀ ‘ਤੇ ਹੋਵੇਗਾ ‘ਸਤਿਗੁਰੁ ਬੰਦੀਛੋੜੁ ਹੈ’ ਦਾ ਪ੍ਰੀਮੀਅਰ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network