ਅੱਜ ਹੈ ਗਾਇਕ ਮਨੀ ਔਜਲਾ ਦਾ ਜਨਮ ਦਿਨ, ਕੁਝ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਮਨੀ ਔਜਲਾ ਦਾ ਸੰਗੀਤਕ ਸਫ਼ਰ

written by Rupinder Kaler | July 02, 2020

ਗਾਇਕ ਤੇ ਸੰਗੀਤਕਾਰ ਮਨੀ ਔਜਲਾ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵਧਾਈ ਦੇ ਰਹੇ ਹਨ । ਮਨੀ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਲਈ ਸਖ਼ਤ ਮਿਹਨਤ ਕੀਤੀ ਹੈ । ਚੰਡੀਗੜ੍ਹ ਦੇ ਰਹਿਣ ਵਾਲੇ ਅਜਾਇਬ ਸਿੰਘ ਔਜਲਾ ਅਤੇ ਮਾਤਾ ਸੁਰਿੰਦਰ ਕੌਰ ਔਜਲਾ ਦੇ ਘਰ ਜਨਮੇ ਮਨੀ ਔਜਲਾ ਨੇ ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਤੋਂ ਪਹਿਲਾਂ ਵੱਖ ਵੱਖ ਗਾਇਕਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਹਨ । ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾ ਮਨੀ ਨੇ ਨਾਮਵਰ ਸੰਗੀਤਕਾਰ ਰਾਜਿੰਦਰ ਮੋਹਣੀ ਤੋਂ ਸੰਗੀਤ ਦੇ ਗੁਰ ਸਿੱਖੇ ਸਨ ।

ਇੱਥੇ ਰਹਿੰਦੇ ਹੀ ਉਸ ਦੀ ਮੁਲਾਕਾਤ ਗਾਇਕ ਬਾਈ ਅਮਰਜੀਤ ਨਾਲ ਹੋ ਗਈ ਤੇ ਬਾਈ ਅਮਰਜੀਤ ਨਾਲ ਹੀ ਮਨੀ ਔਜਲਾ ਨੇ ਪਹਿਲੀ ਵਾਰ ਸਟੇਜ ਸਾਂਝੀ ਕੀਤੀ ।ਇਸ ਤੋਂ ਬਾਅਦ ਮਨੀ ਔਜਲਾ ਨੇ ਸਰਬਜੀਤ ਚੀਮਾ, ਗੁਰਕਿਰਪਾਲ ਸੂਰਾਪੁਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ ਸਮੇਤ ਹੋਰ ਕਈ ਗਾਇਕਾਂ ਨਾਲ ਕੋ-ਸਿੰਗਰ ਵਜੋਂ ਪਰਫਾਰਮੈਂਸ ਦਿੱਤੀ । ਪਰ ਇਸ ਸਭ ਦੇ ਬਾਵਜੂਦ ਮਨੀ ਔਜਲਾ ਨੇ ਸੰਗੀਤ ਵਿੱਚ ਪਰਪੱਕ ਹੋਣ ਲਈ ਸਰਕਾਰੀ ਕਾਲਜ ਮੁਹਾਲੀ ਵਿੱਚ ਉਸਤਾਦ ਸੁਨੀਲ ਸ਼ਰਮਾ ਨੂੰ ਗੁਰੂ ਧਾਰਿਆ । ਇੱਥੇ ਹੀ ਬੱਸ ਨਹੀਂ ਮਨੀ ਔਜਲਾ ਨੇ ਗਾਇਕ ਸਰਦੂਲ ਸਿਕੰਦਰ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।

ਮਨੀ ਔਜਲਾ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਨੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ‘ਸਟਾਰ-ਨਾਈਟ’ ਵਿਚ ‘ਨਾਭੇ ਦੀ ਬੰਦ ਬੋਤਲੇ’ ਗੀਤ ਗਾਇਆ । ਇਸ ਤੋਂ ਬਾਅਦ ‘ਐਵੇਂ ਨਹੀਂ ਜੱਗ ਉਤੇ ਹੁੰਦੀਆਂ ਸਲਾਮਾਂ’ ਗੀਤ ਕੱਢਿਆ । ਇਸ ਸਭ ਦੇ ਚਲਦੇ ਮਨੀ ਔਜਲਾ ਦੀ ਮੁਲਾਕਾਤ ਯੋ ਯੋ ਹਨੀ ਸਿੰਘ ਨਾਲ ਹੋਈ । ਹਨੀ ਸਿੰਘ ਨੇ ਆਪਣੀ ਐਲਬਮ ‘ਇੰਟਰਨੈਸ਼ਨਲ ਬਲੇਜਰ’ ਵਿਚ ਮਨੀ ਔਜਲਾ ਦਾ ਗੀਤ ‘ਅਸ਼ਕੇ’ ਰਿਕਾਰਡ ਕੀਤਾ।ਯੋ ਯੋ ਹਨੀ ਸਿੰਘ ਦੇ ਸੰਗੀਤ ਵਿਚ ਹੀ ਮਨੀ ਔਜਲਾ ਦਾ ਗੀਤ ‘ਸਿਫ਼ਤਾਂ ਕਰਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ ਦੀਆਂ’ ਆਇਆ।

ਇਸ ਤੋਂ ਇਲਾਵਾ ਮਨੀ ਔਜਲਾ ਨੇ ਇੰਗਲੈਂਡ ਦੀ ਪ੍ਰਸਿੱਧ ਗਾਇਕਾ ਨੈਸਡੀ ਜੌਹਨਜ ਨਾਲ ਗੋਰੀ ਲੰਡਨ ਤੋਂ ਆਈ ਲੱਗਦੀ ਗਾਇਆ ਇਸ ਗਾਣੇ ਨੇ ਮਨੀ ਨੂੰ ਕੌਮਾਂਤਰੀ ਪੱਧਰ ਤੇ ਪਹਿਚਾਣ ਦਿਵਾ ਦਿੱਤੀ ।ਮਨੀ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸਭ ਤੋਂ ਪਹਿਲਾ ‘ਆ ਜਾ ਸੋਹਣੀਏ, ਆ ਜਾ ਤੂੰ’, ‘ਜੱਟੀ ਰੀਲੋਡਡ’, ‘ਬੁਲਟ’, ‘ਧੱਕ ਧੱਕ’, ‘ਮੇਰਾ ਬਰੇਕ-ਅੱਪ ਹੋ ਗਿਆ ਵੇ, ਕੋਈ ਚੱਕਵੀਂ ਬੀਟ ਵਜਾ ਦੇ’ ਲੋਕਾਂ ਨੂੰ ਬਹੁਤ ਪਸੰਦ ਆਏ ।ਜਿਸ ਤਰ੍ਹਾਂ ਮਨੀ ਔਜਲਾ ਨੇ ਗਾਇਕੀ ਦੇ ਖੇਤਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਉਸੇ ਤਰ੍ਹਾਂ ਬਤੌਰ ਸੰਗੀਤਕਾਰ ਵੀ ਉਸ ਨੇ ਖੂਬ ਨਾਂ ਚਮਕਿਆ ਹੈ। ਮਨੀ ਨੇ ਫ਼ਿਲਮ ਬਾਡੀਗਾਰਡ ਦੇ ਟਾਈਟਲ ਗੀਤ ਗਾਉਣ ਵਾਲੀ ਗਾਇਕਾ ਡੌਲੀ ਸਿੱਧੂ ਦੇ ਕਈ ਗਾਣਿਆਂ ਦੀਆ ਧੁਨਾਂ ਤਿਆਰ ਕੀਤੀਆਂ ਹਨ ।ਇਸ ਤੋਂ ਇਲਵਾ ਹੋਰ ਕਈ ਗਾਇਕਾਂ ਦੀ ਅਵਾਜ਼ ਨੂੰ ਆਪਣੇ ਸੰਗੀਤ ਦੀ ਲੜੀ ਵਿੱਚ ਪਿਰੋਇਆ ਹੈ । ਮਨੀ ਔਜਲਾ ਉਹ ਗਾਇਕ ਹੈ ਜਿਸ ਨੇ ਛੋਟੀ ਉਮਰ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ ।

0 Comments
0

You may also like