
ਮਸ਼ਹੂਰ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਇਸ ਵਾਰ ਵਿੱਕੀ ਕੌਸ਼ਲ ਪਤਨੀ ਕੈਟਰੀਨਾ ਕੈਫ ਨਾਲ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਆਓ ਵਿੱਕੀ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ।

ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਹਰ ਸਾਲ 16 ਮਈ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਵਿੱਕੀ ਕੌਸ਼ਲ ਦਾ ਪਰਿਵਾਰ ਮੂਲ ਰੂਪ ਤੋਂ ਹੁਸ਼ਿਆਰਪੁਰ (ਪੰਜਾਬ) ਤੋਂ ਇੱਕ ਪੰਜਾਬੀ-ਹਿੰਦੂ ਪਰਿਵਾਰ ਹੈ। ਵਿੱਕੀ ਕੌਸਲ ਦੇ ਪਿਤਾ ਸ਼ਿਆਮ ਕੌਸ਼ਲ ਵੀ ਫਿਲਮ ਇੰਡਸਟਰੀ ਨਾਲ ਸਬੰਧਤ ਹਨ। ਉਹ ਇੱਕ ਮਸ਼ਹੂਰ ਐਕਸ਼ਨ ਨਿਰਦੇਸ਼ਕ ਹਨ। ਜਿਨ੍ਹਾਂ ਨੇ ਕਈ ਹਿੱਟ ਫਿਲਮਾਂ ਲਈ ਐਕਸ਼ਨ ਸੀਨ ਡਿਜ਼ਾਈਨ ਕੀਤੇ ਹਨ। ਵਿੱਕੀ ਕੌਸ਼ਲ ਦਾ ਭਰਾ ਸੰਨੀ ਕੌਸ਼ਲ ਵੀ ਇੱਕ ਚੰਗਾ ਅਦਾਕਾਰ ਹੈ। ਜਿਸ ਨੇ ਫਿਲਮ ਸ਼ਿੱਦਤ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਹੈ।

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਵਿੱਕੀ ਕੌਸ਼ਲ ਐਕਟਰ ਬਣਨ ਤੋਂ ਪਹਿਲਾਂ ਇੰਜੀਨੀਅਰ ਸਨ। ਬੀਟੈੱਕ ਤੋਂ ਬਾਅਦ ਸਾਲ 2012 'ਚ ਉਨ੍ਹਾਂ ਨੇ ਫਿਲਮੀ ਦੁਨੀਆ 'ਚ ਆਉਣ ਦਾ ਫੈਸਲਾ ਕੀਤਾ। ਵਿੱਕੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਗੈਂਗਸ ਆਫ ਵਾਸੇਪੁਰ' ਵਿੱਚ ਇੱਕ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੀਤੀ ਸੀ] ਉਨ੍ਹਾਂ ਨੇ ਫਿਲਮ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਵੀ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 2015 'ਚ ਫਿਲਮ 'ਮਸਾਨ' 'ਚ ਬਤੌਰ ਲੀਡ ਐਕਟਰ ਕੰਮ ਕਰਨ ਦਾ ਮੌਕਾ ਮਿਲਿਆ। ਇਹ ਫਿਲਮ ਉਨ੍ਹਾਂ ਦੇ ਕਰੀਅਰ ਲਈ ਕਾਫੀ ਫਾਇਦੇਮੰਦ ਸਾਬਿਤ ਹੋਈ ਅਤੇ ਫਿਲਮ 'ਚ ਉਨ੍ਹਾਂ ਦੇ ਕੰਮ ਦੀ ਕਾਫੀ ਤਾਰੀਫ ਹੋਈ। ਅਨੁਰਾਗ ਕਸ਼ਯਪ ਵੱਲੋਂ ਨਿਰਦੇਸ਼ਿਤ ਰਮਨ ਰਾਘਵ ਵਿੱਕੀ ਕੌਸ਼ਲ ਦੀ ਦੂਜੀ ਫਿਲਮ ਸੀ। ਇਸ ਫਿਲਮ 'ਚ ਨਵਾਜ਼ੂਦੀਨ ਨਾਲ ਉਨ੍ਹਾਂ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਹੋਈ ਸੀ।

ਲਗਾਤਾਰ ਫਿਲਮਾਂ 'ਚ ਕੰਮ ਕਰਨ ਦੇ ਬਾਵਜੂਦ ਵਿੱਕੀ ਦੀ ਫੈਨ ਫਾਲੋਇੰਗ 'ਚ ਕੋਈ ਖਾਸ ਵਾਧਾ ਨਹੀਂ ਹੋਇਆ। ਜਿਸ ਫਿਲਮ ਨੇ ਉਸ ਨੂੰ ਅਸਲੀ ਪਛਾਣ ਦਿੱਤੀ, ਉਹ ਸੀ 'ਉਰੀ'। ਇਸ ਫਿਲਮ ਨੇ ਵਿੱਕੀ ਦੀ ਕਿਸਮਤ ਦੇ ਸਿਤਾਰੇ ਹੀ ਬਦਲ ਦਿੱਤੇ। ਆਦਿਤਿਯਾ ਧਰ ਵੱਲੋਂ ਨਿਰਦੇਸ਼ਤ ਇਸ ਫਿਲਮ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਹ ਫਿਲਮ ਇੱਕ ਸੱਚੀ ਘਟਨਾ 'ਤੇ ਆਧਾਰਿਤ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਜੇਕਰ ਵਿੱਕੀ ਕੌਸ਼ਲ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਆਪਣੀ ਮਾਂ ਦੇ ਬਹੁਤ ਕਰੀਬ ਹਨ। ਬੀਤੇ ਸਾਲ ਵਿੱਕੀ ਕੌਸ਼ਲ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨਾਲ ਦਸੰਬਰ ਵਿੱਚ ਵਿਆਹ ਕਰਵਾ ਲਿਆ। ਮੌਜੂਦਾ ਸਮੇਂ 'ਚ ਇਹ ਜੋੜੀ ਆਪਣੇ ਆਗਮੀ ਪ੍ਰੋਜੈਕਟਸ ਦੇ ਨਾਲ-ਨਾਲ ਆਪਸ ਵਿੱਚ ਕੁਆਲਟੀ ਟਾਈਮ ਵੀ ਬਤੀਤ ਕਰ ਰਹੀ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ 'ਤੇ ਕੈਟਰੀਨਾ ਦੀ ਟੀਮ ਨੇ ਤੋੜੀ ਚੁੱਪੀ, ਦੱਸੀ ਸਚਾਈ
ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਇਨ੍ਹੀਂ ਦਿਨੀਂ ਕਈ ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਉਹ ਸ਼ਸ਼ਾਂਕ ਖੇਤਾਨ ਦੀ ਫਿਲਮ 'ਗੋਵਿੰਦਾ ਨਾਮ ਮੇਰਾ' 'ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਉਹ ਮੇਘਨਾ ਗੁਲਜ਼ਾਰ ਦੀ ਫਿਲਮ 'ਸੈਮ ਬਹਾਦੁਰ' 'ਚ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ 'ਅਸ਼ਵਥਾਮਾ ਦਾ ਅਮਰ' ਅਤੇ 'ਲੁਕਾ ਛੁਪੀ 2' 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।