ਕਈ ਫ਼ਿਲਮਾਂ 'ਚ ਸਹਾਇਕ ਅਦਾਕਾਰ ਦੇ ਤੌਰ 'ਤੇ ਛਾਪ ਛੱਡ ਚੁੱਕੇ ਜਗਜੀਤ ਸੰਧੂ ਹੁਣ ਇਸ ਫ਼ਿਲਮ 'ਚ ਨਿਭਾਉਣਗੇ ਲੀਡ ਰੋਲ
ਪੰਜਾਬੀ ਸਿਨੇਮਾ 'ਚ ਗਾਇਕਾਂ ਦਾ ਅਦਾਕਾਰੀ 'ਚ ਆਉਣ ਦਾ ਚਲਣ ਪਿਛਲੇ ਕਾਫੀ ਸਮੇਂ ਤੋਂ ਬਣਿਆ ਹੋਇਆ ਹੈ। ਇਸ ਦੇ ਚਲਦੇ ਨਿਰਮਾਤਾ ਬਿਹਤਰੀਨ ਅਦਾਕਾਰ 'ਤੇ ਵੀ ਕਈ ਵਾਰ ਰੁਪਿਆ ਲਗਾਉਣ ਤੋਂ ਬਚਦੇ ਹਨ। ਪਰ ਕਲਾਕਾਰ ਦੀ ਕਲਾਕਾਰੀ ਕਦੇ ਨਾਂ ਕਦੇ ਉਸ ਨੂੰ ਅੱਗੇ ਲੈ ਹੀ ਆਉਂਦੀ ਹੈ। ਅਜਿਹਾ ਹੀ ਕਲਾਕਾਰ ਹੈ ਜਗਜੀਤ ਸੰਧੂ ਜਿਸ ਦੀ ਐਕਟਿੰਗ ਨੇ ਉਸ ਨੂੰ ਲੰਬੀਆਂ ਛਲਾਂਗਾਂ ਮਰਵਾਈਆਂ ਹਨ।
ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਰੱਬ ਦਾ ਰੇਡੀਓ ਅਤੇ ਸੱਜਣ ਸਿੰਘ ਰੰਗਰੂਟ ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ 'ਚ ਸਹਾਇਕ ਕਿਰਦਾਰ ਨਾਲ ਵੀ ਵੱਖਰੀ ਪਹਿਚਾਣ ਹਾਸਿਲ ਕਰਨ ਵਾਲੇ ਜਗਜੀਤ ਸੰਧੂ ਹੁਣ ਆਪਣੀ ਆਉਣ ਵਾਲੀ ਫ਼ਿਲਮ 'ਉੱਨੀ ਇੱਕੀ' 'ਚ ਬਤੌਰ ਹੀਰੋ ਨਜ਼ਰ ਆਉਣਗੇ।
ਜਗਜੀਤ ਸੰਧੂ ਨੇ ਆਪਣੀ ਇਹ ਖ਼ੁਸ਼ੀ ਫ਼ਿਲਮ ਦਾ ਪੋਸਟਰ ਸ਼ੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ "ਹੁਣ ਤੱਕ ਜਿੰਨੀਆ ਵੀ ਫ਼ਿਲਮਾਂ ਕਿਤੀਆਂ ਉਹਨਾਂ ਨੂੰ ਤੁਸੀਂ ਉਮੀਦ ਨਾਲੋਂ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਵਾਰੀ ਆਈ ਮੁੱਖ ਕਿਰਦਾਰ ਦੀ ਜਿੰਮੇਵਾਰੀ ਨਿਭਾਉਣ ਦੀ, ਹੁਣ ਵੀ ਉਮੀਦ ਕਰਦਾ ਕਿ ਤੁਸੀਂ ਸਾਥ ਦੇਵੋਗੇ ਇਹ ਹੈ ਮੇਰੀ ਫਿਲਮ (ਹੀਰੋ ਆਲੀ) "ਉੱਨੀ ਇੱਕੀ" ਦਾ ਪੋਸਟਰ,ਉਮੀਦ ਕਰਦਾ ਤੁਸੀੰ ਵੱਧ ਤੋਂ ਵੱਧ ਸ਼ੇਅਰ ਕਰੋਗੇ। “19-21” Releasing 6 September 2019"।
View this post on Instagram
ਲਿਵਤਾਰ ਸਿੰਘ ਦੀ ਇਸ ਕਹਾਣੀ ਨੂੰ ਲਿਵਤਾਰ ਅਤੇ ਕੇਪੀ ਗਿੱਲ ਡਾਇਰੈਕਟ ਕਰ ਰਹੇ ਹਨ। ਫ਼ਿਲਮ 'ਚ ਜਗਜੀਤ ਸੰਧੂ ਦਾ ਸਾਥ ਦੇ ਰਹੇ ਹਨ ਕਰਮਜੀਤ ਅਨਮੋਲ, ਸਾਵਨ ਰੂਪੋਵਾਲੀ, ਨਿਰਮਲ ਰਿਸ਼ੀ, ਲੱਕੀ ਧਾਲੀਵਾਲ, ਗੁਰਚੇਤ ਚਿੱਤਰਕਾਰ ਵਰਗੇ ਕਈ ਨਾਮੀ ਸਿਤਾਰੇ ਹੋਰ ਵੀ ਇਸ ਲਿਸਟ 'ਚ ਸ਼ਾਮਿਲ ਹਨ। ਅਮਨ ਦੀਪ ਸਿੰਘ ਸੰਧੂ, ਕੇਪੀ ਗਿੱਲ, ਨਵਨੀਤ ਸਿੰਘ, ਆਭਾ ਕਥੂਰੀਆ ਕੋਹਲੀ ਤੇ ਵਿਪੁਲ ਕੈਂਬੋ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਸਹਾਇਕ ਰੋਲ 'ਚ ਤਾਂ ਜਗਜੀਤ ਸੰਧੂ ਨੇ ਦਰਸ਼ਕਾਂ ਦਾ ਕਾਫੀ ਦਿਲ ਜਿੱਤਿਆ ਹੈ ਦੇਖਣਾ ਹੋਵੇਗਾ ਹੁਣ ਹੀਰੋ ਦੇ ਤੌਰ 'ਤੇ 6 ਸਤੰਬਰ ਨੂੰ ਦਿਲ ਜਿੱਤਦੇ ਹਨ ਜਾਂ ਨਹੀਂ।